ਚੰਡੀਗੜ੍ਹ, 05 ਅਗਸਤ, 2024: ਦਿੱਲੀ ਦੇ ਪੁਰਾਣੇ ਰਾਜੇਂਦਰ ਨਗਰ ਸਥਿਤ ਕੋਚਿੰਗ ਸੈਂਟਰ ‘ਚ ਯੂਪੀਐਸਸੀ ਦੀ ਤਿਆਰੀ ਕਰ ਰਹੇ ਤਿੰਨ ਵਿਦਿਆਰਥੀਆਂ ਦੀ ਮੌਤ ਮਾਮਲੇ ਦਾ ਸੁਪਰੀਮ ਕੋਰਟ (Supreme Court) ਨੇ ਖ਼ੁਦ ਨੋਟਿਸ ਲਿਆ ਹੈ। ਸੁਪਰੀਮ ਕੋਰਟ ਨੇ ਇਸ ਮਾਮਲੇ ‘ਚ ਕੇਂਦਰ ਅਤੇ ਦਿੱਲੀ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ।
ਮਾਮਲੇ ਦੀ ਸੁਣਵਾਈ ਦੌਰਾਨ ਜਸਟਿਸ ਸੂਰਿਆਕਾਂਤ ਅਤੇ ਉੱਜਲ ਭੁਈਆਂ ਦੇ ਬੈਂਚ ਨੇ ਕਿਹਾ ਕਿ ਰਾਸ਼ਟਰੀ ਰਾਜਧਾਨੀ ‘ਚ ਇਹ ਤਾਜ਼ਾ ਘਟਨਾ ਸਾਰਿਆਂ ਲਈ ਅੱਖ ਖੋਲ੍ਹਣ ਵਾਲੀ ਹੈ। ਬੈਂਚ ਨੇ ਕਿਹਾ, “ਇਹ ਸਥਾਨ (ਕੋਚਿੰਗ ਸੈਂਟਰ) ‘ਮੌਤ ਦੇ ਚੈਂਬਰ’ ਬਣ ਗਏ ਹਨ। ਜ਼ਿਕਰਯੋਗ ਹੈ ਕਿ ਦਿੱਲੀ ਦੇ ਪੁਰਾਣੇ ਰਾਜੇਂਦਰ ਨਗਰ ‘ਚ 27 ਜੁਲਾਈ ਨੂੰ ਵੱਡਾ ਹਾਦਸਾ ਵਾਪਰਿਆ ਸੀ। ਇੱਥੇ ਯੂਪੀਐਸਸੀ ਪ੍ਰੀਖਿਆਵਾਂ ਦੀ ਤਿਆਰੀ ਕਰਵਾਉਣ ਵਾਲੀ ਰਾਓ ਅਕੈਡਮੀ ਦੇ ਬੇਸਮੈਂਟ ‘ਚ ਪਾਣੀ ‘ਚ ਡੁੱਬਣ ਨਾਲ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ ਸੀ ।