ਅੰਮ੍ਰਿਤਸਰ, 19 ਫਰਵਰੀ 2024: ਵੱਖ-ਵੱਖ ਕਿਸਾਨ (farmers) ਜਥੇਬੰਦੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੀਆਂ ਹਨ। ਹੁਣ ਤੱਕ ਤਿੰਨ ਕਿਸਾਨਾਂ ਦੀ ਮੌਤ ਵੀ ਹੋ ਚੁੱਕੀ ਹੈ। ਦੂਜੇ ਪਾਸੇ ਲਗਾਤਾਰ ਹੀ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਕੇਂਦਰ ਸਰਕਾਰ ਦੇ ਮੰਤਰੀਆਂ ਦੇ ਨਾਲ ਬੈਠਕ ਵੀ ਚੰਡੀਗੜ੍ਹ ਵਿੱਚ ਹੋਈ। ਇਸ ਦੌਰਾਨ ਹੁਣ ਕਿਸਾਨ ਜਥੇਬੰਦੀਆਂ ਵੱਲੋਂ ਪੂਰੇ ਪੰਜਾਬ ‘ਚ ਵੱਖ-ਵੱਖ ਥਾਵਾਂ ਤੇ ਲੱਗੇ ਟੋਲ ਪਲਾਜ਼ੇ ਹੁਣ ਆਮ ਲੋਕਾਂ ਲਈ ਮੁਫ਼ਤ ਕਰਵਾਏ ਜਾ ਰਹੇ ਹਨ ।
ਜਿਸ ਦੇ ਚੱਲਦੇ ਅੰਮ੍ਰਿਤਸਰ ਦੇ ਮਾਨਾਵਾਲਾ ਟੋਲ ਪਲਾਜ਼ਾ ਵੀ ਕਿਸਾਨਾਂ ਦੇ ਵੱਲੋਂ ਆਮ ਲੋਕਾਂ ਲਈ ਮੁਫ਼ਤ ਕਰਵਾਇਆ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਫਿਲਹਾਲ ਤਾਂ ਉਹਨਾਂ ਵੱਲੋਂ ਤਿੰਨ ਦਿਨ ਲਈ ਇਹ ਟੋਲ ਪਲਾਜ਼ੇ ਮੁਫ਼ਤ ਕਰਵਾਏ ਗਏ ਹਨ। ਜੇਕਰ ਕੇਂਦਰ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਜਿੰਨੀ ਦੇਰ ਤੱਕ ਦਿੱਲੀ ਵਾਲਾ ਪ੍ਰਦਰਸ਼ਨ ਚੱਲੇਗਾ ਉਨੀ ਦੇਰ ਕਿਸਾਨ ਵੀ ਪੰਜਾਬ ਦੇ ਅੰਦਰ ਟੋਲ ਪਲਾਜ਼ਿਆਂ ‘ਤੇ ਬੈਠ ਕੇ ਆਮ ਲੋਕਾਂ ਲਈ ਟੋਲ ਪਲਾਜ਼ੇ ਮੁਫ਼ਤ ਕਰਵਾਉਣਗੇ।
ਉਹਨਾਂ ਕਿਹਾ ਕਿ ਕਿਸਾਨਾਂ (farmers) ‘ਤੇ ਦੋਸ਼ ਲੱਗ ਰਹੇ ਹਨ ਕਿ ਕਿਸਾਨਾਂ ਨੇ ਹਾਈਵੇ ਬੰਦ ਕਰਵਾਇਆ ਹੈ। ਜਦਕਿ ਹਾਈਵੇ ਹਰਿਆਣਾ ਪ੍ਰਸ਼ਾਸਨ ਤੇ ਹਰਿਆਣਾ ਪੁਲਿਸ ਵੱਲੋਂ ਕੀਤਾ ਗਿਆ ਹੈ | ਕਿਸਾਨ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਆਪਣੀਆਂ ਮੰਗਾਂ ਮਨਵਾਉਣ ਦੇ ਲਈ ਦਿੱਲੀ ਕੇਂਦਰ ਸਰਕਾਰ ਕੋਲ ਜਾ ਰਹੇ ਸਨ ਲੇਕਿਨ ਕੇਂਦਰ ਸਰਕਾਰ ਵੱਲੋਂ ਜਾਣ ਬੁਝ ਕੇ ਕਿਸਾਨਾਂ ‘ਤੇ ਕਾਰਵਾਈ ਕੀਤੀ ਜਾ ਰਹੀ ਹੈ | ਇਸ ਦੌਰਾਨ ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹ ਇਸੇ ਤਰੀਕੇ ਹੀ ਟੋਲ ਪਲਾਜਿਆਂ ਦੇ ਉੱਪਰ ਪੰਜਾਬ ਦੇ ਪ੍ਰਦਰਸ਼ਨ ਕਰਦੇ ਰਹਿਣਗੇ। ਜੇਕਰ ਉਹਨਾਂ ਦੇ ਕਿਸਾਨ ਆਗੂਆਂ ਦਾ ਹੁਕਮ ਆਵੇਗਾ ਤੇ ਉਹ ਦਿੱਲੀ ਜ਼ਰੂਰ ਜਾਣਗੇ |