ਹਰਿਆਣਾ, 19 ਅਕਤੂਬਰ 2026: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਹੈ ਕਿ ਰਾਖੀਗੜ੍ਹੀ ਦੀ ਮਿੱਟੀ ‘ਚ ਸਾਡੇ ਬਜ਼ੁਰਗਾਂ ਦੀ ਮਿਹਨਤ, ਹੁਨਰ ਅਤੇ ਇੱਕ ਵਿਕਸਿਤ ਸੱਭਿਆਚਾਰ ਦੀਆਂ ਯਾਦਾਂ ਸੁਰੱਖਿਅਤ ਹਨ। ਇਹ ਇਤਿਹਾਸਕ ਸਥਲ ਸਾਡੀ ਹਜ਼ਾਰਾਂ ਸਾਲ ਪੁਰਾਣੀ ਪਛਾਣ, ਆਪਾਪਣ ਅਤੇ ਸਵੈ-ਮਾਣ ਦਾ ਪ੍ਰਤੀਕ ਹੈ। ਸਰਕਾਰ ਰਾਖੀਗੜ੍ਹੀ ਦੀ ਸੰਭਾਲ, ਖੋਜ, ਸੈਰ-ਸਪਾਟਾ ਅਤੇ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਵਚਨਬੱਧ ਹੈ।
ਮੁੱਖ ਮੰਤਰੀ ਸੋਮਵਾਰ ਨੂੰ ਹਾਂਸੀ ਜ਼ਿਲ੍ਹੇ ਦੇ ਰਾਖੀਗੜ੍ਹੀ ਵਿਖੇ 7 ਦਿਨਾ ‘ਰਾਖੀਗੜ੍ਹੀ ਮਹੋਤਸਵ-2026’ ਦੀ ਸ਼ੁਰੂਆਤ ਮੌਕੇ ਸੰਬੋਧਨ ਕਰ ਰਹੇ ਸਨ। ਇਸ ਸਾਲ ਮਹੋਤਸਵ ਦਾ ਥੀਮ ‘ਮਿੱਟੀ ਤੋਂ ਮਹੋਤਸਵ ਤੱਕ’ ਰੱਖਿਆ ਗਿਆ ਹੈ। ਇਸ ਮੌਕੇ ਵਿਰਾਸਤ ਅਤੇ ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਕੁਮਾਰ ਸ਼ਰਮਾ ਵੀ ਮੌਜੂਦ ਸਨ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪ੍ਰੋਗਰਾਮ ਦੌਰਾਨ ਰਾਖੀਗੜ੍ਹੀ ਦੀ ਗ੍ਰਾਮ ਪੰਚਾਇਤ ਵੱਲੋਂ ਦਿੱਤੇ ਗਏ ਮੰਗ ਪੱਤਰ ਨੂੰ ਪੂਰਾ ਕਰਨ ਦਾ ਭਰੋਸਾ ਵੀ ਦਿੱਤਾ, ਇਸਦੇ ਨਾਲ ਹੀ ਉਨ੍ਹਾਂ ਗ੍ਰਾਮ ਪੰਚਾਇਤ ਨੂੰ 51 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਰਾਖੀਗੜ੍ਹੀ ‘ਚ ਬਣ ਰਹੇ ਅਜਾਇਬ ਘਰ ਦਾ ਜਾਇਜ਼ਾ ਲਿਆ। ਉਨ੍ਹਾਂ ਮਹੋਤਸਵ ਵਿੱਚ ਲਗਾਈਆਂ ਗਈਆਂ ਵੱਖ-ਵੱਖ ਸਟਾਲਾਂ ਤੋਂ ਖਰੀਦਦਾਰੀ ਵੀ ਕੀਤੀ ਅਤੇ ਖੇਡ ਗਤੀਵਿਧੀਆਂ ਅਤੇ ਸਾਈਟ ’ਤੇ ਕਰਵਾਈਆਂ ਹੋਰ ਗਤੀਵਿਧੀਆਂ ਦਾ ਜਾਇਜ਼ਾ ਲਿਆ। ਮੁੱਖ ਮੰਤਰੀ ਨੇ ਪੁਰਾਤਤਵ ਵਿਭਾਗ ਵੱਲੋਂ ਲਗਾਏ ਗਏ ਖੁਦਾਈ ਦੇ ਡੈਮੋ ਦਾ ਵੀ ਜਾਇਜ਼ਾ ਲਿਆ, ਜਿਸ ‘ਚ ਖੁਦਾਈ ਦੀ ਪ੍ਰਕਿਰਿਆ ਨੂੰ ਸਮਝਾਉਣ ਦੇ ਨਾਲ-ਨਾਲ ਉਸ ਦੌਰਾਨ ਮਿਲੇ ਅਵਸ਼ੇਸ਼ਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਸੀ। ਇਸ ਦੌਰਾਨ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਕੈਬਨਿਟ ਮੰਤਰੀ ਡਾ. ਅਰਵਿੰਦ ਸ਼ਰਮਾ ਅਤੇ ਹਰਿਆਣਾ ਦੇ ਵਿਰਾਸਤ ਅਤੇ ਸੈਰ-ਸਪਾਟਾ ਵਿਭਾਗ ਦੇ ਕਮਿਸ਼ਨਰ ਤੇ ਸਕੱਤਰ ਡਾ. ਅਮਿਤ ਅਗਰਵਾਲ ਨੇ ਸੀਲ ਦਾ ਵੀ ਜਾਇਜ਼ਾ ਲਿਆ।
ਨਾਇਬ ਸਿੰਘ ਸੈਣੀ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਰਾਖੀਗੜ੍ਹੀ ਦਾ ਇਹ ਮਹੋਤਸਵ ਸਾਨੂੰ ਆਪਣੀਆਂ ਜੜ੍ਹਾਂ ਨੂੰ ਜਾਣਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਣ ਦਾ ਮੌਕਾ ਦੇਵੇਗਾ। ‘ਮਿੱਟੀ ਤੋਂ ਮਹੋਤਸਵ ਤੱਕ’ ਦੇ ਥੀਮ ਵਿੱਚ ਸਾਡੀ ਸੱਭਿਆਚਾਰਕ ਯਾਤਰਾ ਸਮਾਈ ਹੋਈ ਹੈ। ਇਹੀ ਮਿੱਟੀ ਕਿਸਾਨ ਦੇ ਹੱਥਾਂ ‘ਚ ਅੰਨ ਬਣਦੀ ਹੈ, ਘੁਮਿਆਰ ਦੇ ਹੱਥਾਂ ਵਿੱਚ ਆਕਾਰ ਲੈਂਦੀ ਹੈ ਅਤੇ ਕਲਾਕਾਰ ਦੇ ਹੱਥਾਂ ਵਿੱਚ ਸਭਿਆਚਾਰ ਦਾ ਪ੍ਰਗਟਾਵਾ ਬਣ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਕੁਰੂਕਸ਼ੇਤਰ ਨੇ ਮਾਨਵਤਾ ਨੂੰ ਕਰਮ ਦਾ ਸੁਨੇਹਾ ਦਿੱਤਾ, ਜਦੋਂ ਕਿ ਰਾਖੀਗੜ੍ਹੀ ਨੇ ਹਜ਼ਾਰਾਂ ਸਾਲ ਪਹਿਲਾਂ ਦੀ ਸਭਿਅਕ ਮਨੁੱਖੀ ਸੰਸਕ੍ਰਿਤੀ ਨੂੰ ਉਜਾਗਰ ਕੀਤਾ ਹੈ। ਇੱਥੇ ਮਨੁੱਖੀ ਜੀਵਨ, ਦਸਤਕਾਰੀ, ਖੇਤੀ ਅਤੇ ਭਾਈਚਾਰਕ ਪ੍ਰਣਾਲੀ ਦੇ ਵਿਕਾਸ ਦੀ ਮਹੱਤਵਪੂਰਨ ਕਹਾਣੀ ਧਰਤੀ ਦੀਆਂ ਪਰਤਾਂ ਵਿੱਚ ਸੁਰੱਖਿਅਤ ਹੈ। ਇੱਥੇ ਮਿਲੇ ਮਿੱਟੀ ਦੇ ਭਾਂਡੇ, ਮਣਕੇ, ਮੋਹਰਾਂ ਅਤੇ ਦਸਤਕਾਰੀ ਨਾਲ ਜੁੜੀਆਂ ਵਸਤਾਂ ਸਾਡੇ ਪੁਰਖਿਆਂ ਦੀ ਸਿਰਜਣਾਤਮਕਤਾ ਦੀ ਪਛਾਣ ਕਰਵਾਉਂਦੀਆਂ ਹਨ।
ਨਵੀਂ ਪੀੜ੍ਹੀ ਨੂੰ ਵਿਰਾਸਤ ਨਾਲ ਜੋੜਨਾ ਜ਼ਰੂਰੀ
ਮੁੱਖ ਮੰਤਰੀ ਨੇ ਕਿਹਾ ਕਿ ਇਤਿਹਾਸ ਦੀ ਸਾਰਥਕਤਾ ਉਸ ਤੋਂ ਮਿਲਣ ਵਾਲੀ ਸਿੱਖਿਆ ‘ਚ ਵੀ ਹੈ। ਰਾਖੀਗੜ੍ਹੀ ਦੀ ਸੁਚੱਜੀ ਵੱਸੋਂ ਸਾਨੂੰ ਇਹ ਸੋਚਣ ਦਾ ਮੌਕਾ ਦਿੰਦੀ ਹੈ ਕਿ ਅਸੀਂ ਆਪਣੇ ਪਿੰਡਾਂ ਅਤੇ ਸ਼ਹਿਰਾਂ ਨੂੰ ਵਧੇਰੇ ਸਾਫ਼-ਸੁथਰੇ, ਸੰਵੇਦਨਸ਼ੀਲ ਅਤੇ ਕੁਦਰਤ ਦੇ ਅਨੁਕੂਲ ਕਿਵੇਂ ਬਣਾਈਏ। ਉਨ੍ਹਾਂ ਨੌਜਵਾਨਾਂ ਨੂੰ ਆਪਣੀ ਵਿਰਾਸਤ ਨੂੰ ਜਾਣਨ ਅਤੇ ਉਸਦੀ ਸਹੀ ਜਾਣਕਾਰੀ ਅੱਗੇ ਪਹੁੰਚਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਭਾਸ਼ਾਵਾਂ ਸਿੱਖੋ, ਗੱਲਬਾਤ ਦਾ ਹੁਨਰ ਵਧਾਓ ਅਤੇ ਡਿਜੀਟਲ ਮਾਧਿਅਮਾਂ ’ਤੇ ਰਾਖੀਗੜ੍ਹੀ ਦੀ ਪ੍ਰਮਾਣਿਕ ਕਹਾਣੀ ਪਹੁੰਚਾਓ। ਸਕੂਲਾਂ ਵਿੱਚ ਰਾਖੀਗੜ੍ਹੀ ਵਿਸ਼ੇ ’ਤੇ ਪ੍ਰਸ਼ਨੋਤਰੀ ਵਰਗੀਆਂ ਗਤੀਵਿਧੀਆਂ ਵੀ ਇਸ ਦਿਸ਼ਾ ਵਿੱਚ ਉਪਯੋਗੀ ਪਹਿਲ ਹਨ।
ਮੁੱਖ ਮੰਤਰੀ ਨੇ ਅਧਿਆਪਕਾਂ ਅਤੇ ਮਾਪਿਆਂ ਨੂੰ ਬੱਚਿਆਂ ਨੂੰ ਸਥਾਨਕ ਵਿਰਾਸਤ ਤੋਂ ਜਾਣੂ ਕਰਵਾਉਣ ਅਤੇ ਇਤਿਹਾਸਕ ਸਥਲਾਂ ਤੇ ਅਜਾਇਬ ਘਰਾਂ ਤੱਕ ਲੈ ਕੇ ਜਾਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜਿਸ ਬੱਚੇ ਨੂੰ ਆਪਣੇ ਆਲੇ-ਦੁਆਲੇ ਦੇ ਇਤਿਹਾਸ ਦੀ ਜਾਣਕਾਰੀ ਹੋਵੇਗੀ, ਉਹ ਦੁਨੀਆ ‘ਚ ਕਿਤੇ ਵੀ ਜਾ ਕੇ ਆਪਣੀ ਧਰਤੀ ਦੀ ਕਹਾਣੀ ਮਾਣ ਅਤੇ ਪ੍ਰਮਾਣਿਕਤਾ ਨਾਲ ਦੱਸ ਸਕੇਗਾ।
ਅੰਤਰਰਾਸ਼ਟਰੀ ਕਾਨਫਰੰਸ ‘ਚ ਰਾਖੀਗੜ੍ਹੀ ’ਤੇ ਹੋਵੇਗੀ ਵਿਚਾਰ-ਚਰਚਾ
ਮੁੱਖ ਮੰਤਰੀ ਨੇ ਕਿਹਾ ਕਿ ਮਹੋਤਸਵ ਤਹਿਤ ਅੰਤਰਰਾਸ਼ਟਰੀ ਕਾਨਫਰੰਸ ਕਕੀਤੀਆਂ ਜਾ ਰਹੀਆਂ ਹਨ, ਜਿਸ ‘ਚ ਦੇਸ਼-ਵਿਦੇਸ਼ ਦੇ ਵਿਦਵਾਨ ਰਾਖੀਗੜ੍ਹੀ ਤੋਂ ਪ੍ਰਾਪਤ ਸਬੂਤਾਂ, ਨਵੀਆਂ ਖੋਜਾਂ ਅਤੇ ਭਵਿੱਖ ਦੇ ਖੋਜ ਦੀਆਂ ਸੰਭਾਵਨਾਵਾਂ ’ਤੇ ਵਿਚਾਰ ਕਰਨਗੇ। ਇਸ ਨਾਲ ਨਵੀਆਂ ਖੋਜ ਯੋਜਨਾਵਾਂ, ਸੰਸਥਾਗਤ ਸਹਿਯੋਗ ਅਤੇ ਗਿਆਨ ਦੇ ਵਿਆਪਕ ਪਸਾਰ ਦਾ ਆਧਾਰ ਤਿਆਰ ਹੋਵੇਗਾ। ਉਨ੍ਹਾਂ ਵਿਦਵਾਨਾਂ ਅਤੇ ਪੁਰਾਤਤਵ ਵਿਗਿਆਨੀਆਂ ਦੀ ਮਿਹਨਤ ਨੂੰ ਨਮਨ ਕਰਦਿਆਂ ਕਿਹਾ ਕਿ ਉਹ ਧਰਤੀ ਦੀਆਂ ਪਰਤਾਂ ਨੂੰ ਪੜ੍ਹ ਕੇ ਖਿੱਧਰੇ ਹੋਏ ਸਬੂਤਾਂ ਨੂੰ ਜੋੜਦੇ ਹਨ ਅਤੇ ਮਨੁੱਖੀ ਸਭਿਅਤਾ ਦੇ ਅਣਕਹੇ ਅਧਿਆਏ ਸਾਹਮਣੇ ਲਿਆਉਂਦੇ ਹਨ।
ਰਾਖੀਗੜ੍ਹੀ ਦੇ ਵਿਕਾਸ ’ਤੇ ਵਿਸ਼ੇਸ਼ ਜ਼ੋਰ
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਵਿਕਾਸ ਵੀ, ਵਿਰਾਸਤ ਵੀ’ ਦਾ ਵਿਜ਼ਨ ਸਾਡੇ ਸਾਹਮਣੇ ਰੱਖਿਆ ਹੈ। ਆਧੁਨਿਕ ਭਾਰਤ ਦਾ ਨਿਰਮਾਣ ਆਪਣੀਆਂ ਸਭਿਆਚਾਰਕ ਜੜ੍ਹਾਂ ਤੋਂ ਤਾਕਤ ਲੈ ਕੇ ਹੋਵੇ, ਇਹੀ ਉਨ੍ਹਾਂ ਦੀ ਸੋਚ ਹੈ। ਕੇਂਦਰ ਸਰਕਾਰ ਵੱਲੋਂ ਜਿਨ੍ਹਾਂ ਪੰਜ ਪੁਰਾਤਤਵ ਸਥਲਾਂ ਨੂੰ ‘ਆਈਕਾਨਿਕ ਸਾਈਟ’ ਵਜੋਂ ਵਿਕਸਿਤ ਕਰਨ ਦਾ ਐਲਾਨ ਕੀਤਾ ਗਿਆ ਸੀ, ਉਨ੍ਹਾਂ ‘ਚ ਰਾਖੀਗੜ੍ਹੀ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਰਾਖੀਗੜ੍ਹੀ ਨੂੰ ਸੈਰ-ਸਪਾਟੇ ਦੇ ਨਕਸ਼ੇ ’ਤੇ ਪ੍ਰਮੁੱਖ ਸਥਾਨ ਦੇਣ ਲਈ ਕਈ ਠੋਸ ਕਦਮ ਚੁੱਕੇ ਗਏ ਹਨ। ਰਾਖੀਗੜ੍ਹੀ ਨੂੰ ਯੂਨੇਸਕੋ ਦੀ ਵਿਸ਼ਵ ਵਿਰਾਸਤ ਸੂਚੀ ‘ਚ ਸ਼ਾਮਲ ਕਰਵਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਇੱਥੇ ਦੇ ਅਵਸ਼ੇਸ਼ਾਂ ’ਤੇ ਡੂੰਘੀ ਖੋਜ ਲਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਾਹਰਾਂ ਨੂੰ ਸੱਦਾ ਦਿੱਤਾ ਗਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇੱਥੇ ਅਜਾਇਬ ਘਰ ਅਤੇ ਇੰਟਰਪ੍ਰੀਟੇਸ਼ਨ ਸੈਂਟਰ ਦੇ ਨਿਰਮਾਣ ਦਾ ਸਿਵਲ ਕਾਰਜ ਲਗਭਗ ਪੂਰਾ ਹੋ ਚੁੱਕਾ ਹੈ। ਅਗਲੇ ਪੜਾਅ ‘ਚ ਲਗਭਗ 188 ਕਰੋੜ ਰੁਪਏ ਦੀ ਲਾਗਤ ਨਾਲ ਇਸ ਨੂੰ ਵਿਸ਼ਵ ਪੱਧਰੀ ਬਣਾਇਆ ਜਾ ਰਿਹਾ ਹੈ।
ਸਰਸਵਤੀ-ਸਿੰਧੂ ਸੱਭਿਅਤਾ ਕਾਰੀਡੋਰ ਵਿਕਸਿਤ ਕਰਨ ਦੀ ਪਰਿਕਲਪਨਾ
ਉਨ੍ਹਾਂ ਕਿਹਾ ਕਿ ਸਰਕਾਰ ਨੇ ਸਰਸਵਤੀ-ਸਿੰਧੂ ਸਭਿਅਤਾ ਕਾਰੀਡੋਰ ਵਿਕਸਿਤ ਕਰਨ ਦੀ ਪਰਿਕਲਪਨਾ ਵੀ ਕੀਤੀ ਹੈ। ਇਸ ਰਾਹੀਂ ਮਹੱਤਵਪੂਰਨ ਪੁਰਾਤਤਵ ਸਥਲਾਂ ਦੇ ਵਿਚਕਾਰ ਸੈਰ-ਸਪਾਟੇ ਦੇ ਨਜ਼ਰੀਏ ਤੋਂ ਬਿਹਤਰ ਸੰਪਰਕ ਅਤੇ ਤਾਲਮੇਲ ਵਿਕਸਿਤ ਕਰਨ ਦਾ ਯਤਨ ਹੋਵੇਗਾ।
Read More: ਹਰਿਆਣਾ ਦਿਵਸ ‘ਤੇ ਜਾਟ ਭਵਨ ਵਿਖੇ ਨਵੀਂ ਲਿਫਟ ਦਾ ਹੋਵੇਗਾ ਉਦਘਾਟਨ




