ਪੰਜਾਬੀ ਨੌਜਵਾਨਾਂ ਦੀ ਮੌਤ

ਕੈਨੇਡਾ ‘ਚ 2 ਪੰਜਾਬੀ ਨੌਜਵਾਨਾਂ ਦੀ ਨਹਿਰ ‘ਚ ਡੁੱਬਣ ਕਾਰਨ ਮੌ.ਤ

ਕੈਨੇਡਾ, 07 ਜੁਲਾਈ 2026: ਕੈਨੇਡਾ ਦੇ ਮਾਂਟਰੀਅਲ ਦੀ ਲਾਸੀਨ ਨਹਿਰ ‘ਚ ਦੋ ਪੰਜਾਬੀ ਨੌਜਵਾਨਾਂ ਦੀ ਡੁੱਬਣ ਨਾਲ ਮੌਤ ਹੋ ਗਈ। ਮ੍ਰਿਤਕਾਂ ‘ਚ ਬਰਨਾਲਾ ਜ਼ਿਲ੍ਹੇ ਦੇ ਤਪਾ ਮੰਡੀ ਦਾ ਰਹਿਣ ਵਾਲਾ ਲਵਪ੍ਰੀਤ ਸਿੰਘ (26) ਅਤੇ ਅੰਮ੍ਰਿਤਸਰ ਦੇ ਪਿੰਡ ਬੁਟਾਲਾ (ਨੌਰੰਗਪੁਰ) ਦਾ ਰਹਿਣ ਵਾਲਾ ਇੱਕ ਹੋਰ ਨੌਜਵਾਨ ਸ਼ਾਮਲ ਹੈ। ਲਵਪ੍ਰੀਤ ਸਿੰਘ ਦੇ ਮਾਪਿਆਂ ਨੇ ਕੇਂਦਰ ਸਰਕਾਰ, ਪੰਜਾਬ ਸਰਕਾਰ, ਵਿਦੇਸ਼ਾਂ ‘ਚ ਰਹਿੰਦੇ ਸਮਾਜ ਸੇਵਕਾਂ ਅਤੇ ਐਨਆਰਆਈ ਭਾਈਚਾਰੇ ਨੂੰ ਸਹਾਇਤਾ ਦੀ ਅਪੀਲ ਕੀਤੀ ਹੈ।

ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਦੋਵੇਂ ਦੋਸਤ ਮਾਂਟਰੀਅਲ ਦੀ ਲਸੀਨ ਨਹਿਰ ਦੇ ਕੰਢੇ ‘ਤੇ ਸਨ। ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਦੇ ਨੌਜਵਾਨ ਦਾ ਪੈਰ ਫਿਸਲ ਗਿਆ ਅਤੇ ਨਹਿਰ ‘ਚ ਡਿੱਗ ਗਿਆ। ਉਸਨੂੰ ਬਚਾਉਣ ਦੀ ਕੋਸ਼ਿਸ਼ ‘ਚ ਲਵਪ੍ਰੀਤ ਸਿੰਘ ਨੇ ਵੀ ਪਾਣੀ ‘ਚ ਛਾਲ ਮਾਰ ਦਿੱਤੀ, ਪਰ ਤੇਜ਼ ਵਹਾਅ ਅਤੇ ਡੂੰਘੇ ਪਾਣੀ ਕਾਰਨ ਦੋਵੇਂ ਡੁੱਬ ਗਏ।

ਘਟਨਾ ਦੀ ਜਾਣਕਾਰੀ ਮਿਲਦੇ ਹੀ ਮਾਂਟਰੀਅਲ ਫਾਇਰ ਵਿਭਾਗ ਅਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਇੱਕ ਵਿਸ਼ਾਲ ਬਚਾਅ ਕਾਰਜ ਸ਼ੁਰੂ ਕੀਤਾ। ਕਈ ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ ਦੋਵਾਂ ਨੌਜਵਾਨਾਂ ਨੂੰ ਪਾਣੀ ‘ਚੋਂ ਕੱਢ ਲਿਆ ਗਿਆ। ਉਨ੍ਹਾਂ ਨੂੰ ਗੰਭੀਰ ਹਾਲਤ ‘ਚ ਹਸਪਤਾਲ ਲਿਜਾਇਆ ਗਿਆ, ਜਿੱਥੇ ਬਾਅਦ ‘ਚ ਉਨ੍ਹਾਂ ਦੀ ਮੌਤ ਹੋ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਪਰਿਵਾਰ ਨੇ ਆਪਣੇ ਇਕਲੌਤੇ ਪੁੱਤਰ ਦੀ ਲਾਸ਼ ਨੂੰ ਕੈਨੇਡਾ ਤੋਂ ਪੰਜਾਬ ਲਿਆਉਣ ਲਈ ਪ੍ਰਸ਼ਾਸਨਿਕ ਅਤੇ ਵਿੱਤੀ ਸਹਾਇਤਾ ਦੀ ਬੇਨਤੀ ਕੀਤੀ ਹੈ ਤਾਂ ਜੋ ਉਹ ਧਾਰਮਿਕ ਰੀਤੀ-ਰਿਵਾਜਾਂ ਅਨੁਸਾਰ ਉਸ ਦਾ ਅੰਤਿਮ ਸਸਕਾਰ ਕਰ ਸਕਣ।

ਤਪਾ ਮੰਡੀ ਦੇ ਸਾਬਕਾ ਸੈਨਿਕ ਬਲਵੀਰ ਸਿੰਘ ਦਾ ਪਰਿਵਾਰ ਇਸ ਘਟਨਾ ਤੋਂ ਬਹੁਤ ਸਦਮੇ ‘ਚ ਹੈ। ਮ੍ਰਿਤਕ, ਲਵਪ੍ਰੀਤ ਸਿੰਘ, ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਹ ਲਗਭੱਗ ਢਾਈ ਸਾਲ ਪਹਿਲਾਂ ਵਰਕ ਪਰਮਿਟ ‘ਤੇ ਕੈਨੇਡਾ ਗਿਆ ਸੀ ਅਤੇ ਉੱਥੇ ਇੱਕ ਕੰਪਨੀ ਲਈ ਟਰੱਕ ਡਰਾਈਵਰ ਵਜੋਂ ਕੰਮ ਕਰ ਰਿਹਾ ਸੀ।

Read More: ਜੇਲ੍ਹ ‘ਚ ਕੈਦੀਆਂ ਵਿਚਕਾਰ ਹੋਈ ਹਿੰਸਕ ਝੜੱਪ, 25 ਜਣਿਆਂ ਦੀ ਗਈ ਜਾਨ

ਵਿਦੇਸ਼

Scroll to Top