ਦੇਸ਼, 28 ਅਕਤੂਬਰ 2026: ਭਾਰਤੀ ਜਨਤਾ ਪਾਰਟੀ ਨੇ ਬੁੱਧਵਾਰ ਨੂੰ ਮੱਧ ਪ੍ਰਦੇਸ਼ ਤੋਂ ਰਾਜ ਸਭਾ ਉਪ ਚੋਣ ਲਈ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ। ਸੀਨੀਅਰ ਭਾਜਪਾ ਆਗੂ ਐਲ. ਮੁਰੂਗਨ ਦੇ ਅਕਤੂਬਰ ਦੇ ਸ਼ੁਰੂ ‘ਚ ਅਸਤੀਫਾ ਦੇਣ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ। ਰਾਜ ਸਭਾ ਤੋਂ ਮੁਰੂਗਨ ਦੇ ਅਸਤੀਫੇ ਨੇ ਉਪ ਚੋਣ ਦੀ ਲੋੜ ਪੈਦਾ ਕਰ ਦਿੱਤੀ ਹੈ।
ਹਰਦੀਪ ਸਿੰਘ ਪੁਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੰਤਰੀ ਮੰਡਲ ਦੇ ਇੱਕ ਮਹੱਤਵਪੂਰਨ ਮੈਂਬਰ ਹਨ ਅਤੇ ਇਸ ਸਮੇਂ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦਾ ਕਾਰਜਭਾਰ ਸੰਭਾਲਦੇ ਹਨ।
ਰਾਜ ਸਭਾ ਅਤੇ ਮੰਤਰਾਲੇ ਤੋਂ ਐਲ. ਮੁਰੂਗਨ ਦੇ ਅਸਤੀਫੇ ਨੇ ਕੇਂਦਰ ‘ਚ ਐਨਡੀਏ ਸਰਕਾਰ ‘ਚ ਕੈਬਨਿਟ ਫੇਰਬਦਲ ਦੀਆਂ ਅਟਕਲਾਂ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਇਸ ਨਾਲ ਮੰਤਰੀ ਦੇ ਭਵਿੱਖ ਬਾਰੇ ਲੰਬੇ ਸਮੇਂ ਤੋਂ ਚੱਲ ਰਹੀਆਂ ਅਟਕਲਾਂ ਦਾ ਅੰਤ ਹੋ ਗਿਆ ਹੈ।ਨਰਿੰਦਰ ਮੋਦੀ ਕੈਬਨਿਟ ‘ਚ ਇਕਲੌਤੇ ਸਿੱਖ ਮੰਤਰੀ ਹਰਦੀਪ ਪੁਰੀ ਨੂੰ ਪਹਿਲਾਂ ਉੱਤਰ ਪ੍ਰਦੇਸ਼ ਤੋਂ ਰਾਜ ਸਭਾ ਲਈ ਬਿਨਾਂ ਵਿਰੋਧ ਚੁਣਿਆ ਗਿਆ ਸੀ। ਉਨ੍ਹਾਂ ਦਾ ਮੌਜੂਦਾ ਰਾਜ ਸਭਾ ਕਾਰਜਕਾਲ ਨਵੰਬਰ ‘ਚ ਖਤਮ ਹੋ ਰਿਹਾ ਹੈ।
ਪਹਿਲਾਂ, ਜਦੋਂ ਭਾਜਪਾ ਨੇ ਉੱਤਰ ਪ੍ਰਦੇਸ਼ ‘ਚ ਆਉਣ ਵਾਲੀਆਂ ਰਾਜ ਸਭਾ ਚੋਣਾਂ ਲਈ ਅੱਠ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਸੀ, ਤਾਂ ਪੁਰੀ ਦਾ ਨਾਮ ਸ਼ਾਮਲ ਨਹੀਂ ਕੀਤਾ ਗਿਆ ਸੀ। ਭਾਜਪਾ ਪਾਰਟੀ ਨੇ ਪੁਰੀ ਨੂੰ ਹੁਣ ਤੱਕ ਦੋ ਵਾਰ ਰਾਜ ਸਭਾ ਭੇਜਿਆ ਹੈ। ਉਨ੍ਹਾਂ ਨੇ ਲੋਕ ਸਭਾ ਚੋਣਾਂ ਵੀ ਲੜੀਆਂ ਸਨ ਪਰ ਹਾਰ ਗਏ ਸਨ।
Read More: ਪੰਜਾਬ ‘ਚ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ, ਚੋਣ ਕਮਿਸ਼ਨ ਵੱਲੋਂ ਅਧਿਕਾਰੀਆਂ ਦੇ ਤਬਾਦਲੇ




