ਖੰਡ ਦੀ ਕਮੀ

ਪੰਜਾਬ ‘ਚ ਖੰਡ ਦੀ ਕੋਈ ਕਮੀ ਨਹੀਂ ਹੈ: CM ਭਗਵੰਤ ਮਾਨ

ਚੰਡੀਗੜ੍ਹ, 25 ਅਗਸਤ 2026: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬੇ ‘ਚ ਖੰਡ ਦੀ ਕੋਈ ਕਮੀ ਨਹੀਂ ਹੈ ਅਤੇ ਪੰਜਾਬ ਸਰਕਾਰ ਖੰਡ ਦੇ ਭੰਡਾਰਨ, ਵਿਕਰੀ ਅਤੇ ਸਪਲਾਈ ਦੀ ਲਗਾਤਾਰ ਨਿਗਰਾਨੀ ਕਰ ਰਹੀ ਹੈ। ਉਨ੍ਹਾਂ ਅਧਿਕਾਰੀਆਂ ਨੂੰ ਇਸ ਜ਼ਰੂਰੀ ਵਸਤੂ ਦੀ ਢੁਕਵੀਂ ਉਪਲਬਧਤਾ ਨੂੰ ਯਕੀਨੀ ਬਣਾਉਣ ਅਤੇ ਬਣਾਵਟੀ ਘਾਟ ਜਾਂ ਜਮ੍ਹਾਖੋਰੀ ਪੈਦਾ ਕਰਨ ਦੀ ਕਿਸੇ ਵੀ ਕੋਸ਼ਿਸ਼ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ।

ਸੀਨੀਅਰ ਅਧਿਕਾਰੀਆਂ ਨਾਲ ਬੈਠਕ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪੰਜਾਬ ਕੋਲ ਪਹਿਲਾਂ ਹੀ ਖੰਡ ਦਾ ਢੁਕਵਾਂ ਸਟਾਕ ਹੈ, ਅਤੇ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਲੋੜੀਂਦਾ ਸਟਾਕ ਹਰ ਸਮੇਂ ਬਣਾਈ ਰੱਖਿਆ ਜਾਵੇ। ਖੰਡ ਹਰ ਘਰ ਲਈ ਇੱਕ ਜ਼ਰੂਰੀ ਵਸਤੂ ਹੈ ਅਤੇ ਇਸਦੀ ਉਪਲਬਧਤਾ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ। ਬਣਾਵਟੀ ਘਾਟ ਪੈਦਾ ਕਰਨ ਜਾਂ ਜਮ੍ਹਾਂਖੋਰੀ ਕਰਨ ਦੀ ਕਿਸੇ ਵੀ ਕੋਸ਼ਿਸ਼ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ।” ਉਨ੍ਹਾਂ ਨੇ ਕਿਹਾ ਕਿ ਅਧਿਕਾਰੀਆਂ ਨੂੰ ਖੰਡ ਦੀ ਉਪਲਬਧਤਾ ਬਾਰੇ ਕਿਸੇ ਵੀ ਜਨਤਕ ਘਬਰਾਹਟ ਜਾਂ ਗਲਤ ਧਾਰਨਾ ਨੂੰ ਦੂਰ ਕਰਨ ਲਈ ਪ੍ਰਭਾਵਸ਼ਾਲੀ ਕਦਮ ਚੁੱਕੇ ਜਾਣ।

ਮੁੱਖ ਮੰਤਰੀ ਨੇ ਨੋਟ ਕੀਤਾ ਕਿ ਖਰਾਬ ਮੌਸਮ ਕਾਰਨ 2025-26 ਦੌਰਾਨ ਪੰਜਾਬ ਸਮੇਤ ਦੇਸ਼ ਭਰ ਵਿੱਚ ਗੰਨੇ ਦੇ ਉਤਪਾਦਨ ‘ਚ ਗਿਰਾਵਟ ਆਈ। ਹਾਲਾਂਕਿ, ਉਨ੍ਹਾਂ ਨੇ ਕਿਹਾ ਕਿ ਘੱਟ ਪੈਦਾਵਾਰ ਦੇ ਬਾਵਜੂਦ, ਪੰਜਾਬ ਕੋਲ ਖੰਡ ਦਾ ਢੁਕਵਾਂ ਸਟਾਕ ਹੈ ਅਤੇ ਸੂਬੇ ‘ਚ ਕੋਈ ਚਿੰਤਾਜਨਕ ਸਥਿਤੀ ਨਹੀਂ ਹੈ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਧਿਕਾਰੀਆਂ ਨੂੰ ਖੰਡ ਮਿੱਲਾਂ ਕੋਲ ਉਪਲਬਧ ਖੰਡ ਦੇ ਸਟਾਕ ਦੀ ਮੌਕੇ ‘ਤੇ ਤਸਦੀਕ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਉਨ੍ਹਾਂ ਨੂੰ ਫੂਡ ਸਟਾਕ ਨਿਗਰਾਨੀ ਪੋਰਟਲ ‘ਤੇ ਰਜਿਸਟ੍ਰੇਸ਼ਨ ਅਤੇ ਹਫਤਾਵਾਰੀ ਰਿਪੋਰਟਿੰਗ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਖੰਡ ਸਟਾਕਹੋਲਡਿੰਗ ਸੀਮਾਵਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਨਿਰਦੇਸ਼ ਵੀ ਦਿੱਤੇ।

ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਖੰਡ ਦੇ ਥੋਕ ਖਪਤਕਾਰਾਂ ‘ਤੇ ਸਟਾਕ ਹੋਲਡਿੰਗ ਸੀਮਾਵਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਕਿਹਾ, “ਪੰਜਾਬ ਸਰਕਾਰ ਵਡੇਰੇ ਜਨਤਕ ਹਿੱਤ ‘ਚ ਖੰਡ ਦੀ ਵਿਕਰੀ, ਸਟਾਕ ਅਤੇ ਸਪਲਾਈ ‘ਤੇ ਨੇੜਿਓਂ ਨਜ਼ਰ ਰੱਖੇਗੀ।”

Read More: ਪੰਜਾਬ ਸਰਕਾਰ ਵੱਲੋਂ ਆਦਰਸ਼ ਸਕੂਲਾਂ ਦੇ ਅਧਿਆਪਕਾਂ ਦੀ ਤਨਖਾਹ ‘ਚ 120 ਫੀਸਦੀ ਵਾਧੇ ਨੂੰ ਮਨਜ਼ੂਰੀ

ਵਿਦੇਸ਼

Scroll to Top