ਐੱਸ.ਏ.ਐੱਸ ਨਗਰ, 20 ਨਵੰਬਰ, 2023: ਭਾਸ਼ਾ ਵਿਭਾਗ ਪੰਜਾਬ ਵੱਲੋਂ ਇੱਥੇ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਸਰਕਾਰੀ ਕਾਲਜ ਵਿਖੇ ਚਾਰ ਰੋਜ਼ਾ ਪੁਸਤਕ ਮੇਲੇ (book fair) ਦੇ ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ’ਚ ਸੂਬੇ ਦੀ ਨਵੀਂ ਪੀੜ੍ਹੀ ਨੂੰ ਉਸਾਰੂ ਸੇਧ ਦੇਣ ਲਈ ਪੁਸਤਕ ਸੱਭਿਆਚਾਰ ਤੇ ਮਾਂ-ਬੋਲੀ ਨਾਲ ਜੋੜਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ, ਜਿਸ ਤਹਿਤ ਭਾਸ਼ਾ ਵਿਭਾਗ ਵੱਲੋਂ ਥਾਂ-ਥਾਂ ਪੁਸਤਕ ਮੇਲੇ ਲਗਾਏ ਜਾ ਰਹੇ ਹਨ ਅਤੇ ਮਾਤ ਭਾਸ਼ਾ ਪ੍ਰਤੀ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਮਾਂ-ਬੋਲੀ ਨੂੰ ਪ੍ਰਫ਼ੁਲਤ ਕਰਨ ਲਈ ਪੰਜਾਬ ਦੇ ਹਰ ਸਰਕਾਰੀ-ਗੈਰ ਸਰਕਾਰੀ ਅਦਾਰੇ ਦੇ ਕਾਰੋਬਾਰ ਦੇ ਬੋਰਡ ਪੰਜਾਬੀ ’ਚ ਲਗਾਉਣ ਦੀ ਮੁਹਿੰਮ ਨੂੰ ਬਹੁਤ ਹੁਲਾਰਾ ਮਿਲਿਆ ਹੈ। ਹੁਣ ਅਗਲੀ ਮੁਹਿੰਮ ਪੰਜਾਬੀ ਮਾਂ-ਬੋਲੀ ਨੂੰ ਸੂਬੇ ਦੇ ਸਾਰੇ ਬਾਜ਼ਾਰਾਂ ’ਚ ਸਥਿਤ ਦੁਕਾਨਾਂ ਦੇ ਬਾਹਰ ਬੋਰਡਾਂ ’ਤੇ ਮਾਣ ਦਿਵਾਉਣ ਦੀ ਹੈ, ਜਿਸ ਨੂੰ ਅਗਲੇ ਦਿਨਾਂ ’ਚ ਤੇਜ਼ੀ ਨਾਲ ਲਾਗੂ ਕੀਤਾ ਜਾਵੇਗਾ। ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਉਹ ਨਿੱਜੀ ਤੌਰ ’ਤੇ ਪੰਜਾਬੀ ਸਾਹਿਤ ਨਾਲ ਜੁੜੇ ਹੋਏ ਹਨ ਅਤੇ ਉਨ੍ਹਾਂ ਦੇ ਘਰ ਨਿੱਜੀ ਲਾਇਬ੍ਰੇਰੀ ’ਚ ਵੱਡੀ ਗਿਣਤੀ ’ਚ ਪੁਸਤਕਾਂ ਮੌਜੂਦ ਹਨ।
ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪੰਜਾਬੀ ਸਾਹਿਤ ਨਾਲ ਨੇੜਤਾ ਨਾਵਲਕਾਰ ਨਾਨਕ ਸਿੰਘ ਅਤੇ ਹੋਰ ਪੰਜਾਬੀ ਸਾਹਿਤਕਾਰਾਂ ਦੀਆਂ ਰਚਨਾਵਾਂ ਨੂੰ ਪੜ੍ਹਨ ਨਾਲ ਹੋਇਆ। ਅੱਜ ਉਹ ਮਾਣ ਨਾਲ ਕਹਿ ਸਕਦੇ ਹਨ ਕਿ ਇਸੇ ਸਾਹਿਤ ਨੇ ਉਨ੍ਹਾਂ ਦੀ ਆਪਣੀ ਮਾਂ-ਬੋਲੀ ਨਾਲ ਗੂੜ੍ਹੀ ਸਾਂਝ ਪੁਆਈ ਹੋਈ ਹੈ। ਉਨ੍ਹਾਂ ਕਿਹਾ ਕਿ ਸਾਡੇ ਸਮਾਜ ’ਚ ਵਿਦੇਸ਼ੀ ਭਾਸ਼ਾ ਨੂੰ ਪੜ੍ਹਨਾ ਇੱਕ ‘ਸਟੇਟਸ ਸਿੰਬਲ ਬਣ’ ਗਿਆ ਹੈ। ਇਸ ਆੜ ’ਚ ਮਾਤ ਭਾਸ਼ਾਵਾਂ ਨਜ਼ਰਅੰਦਾਜ਼ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮਾਤ ਭਾਸ਼ਾ ਗਿਆਨ ਹਾਸਲ ਕਰਨ ਅਤੇ ਆਪਣੀਆਂ ਭਾਵਨਾਵਾਂ ਪ੍ਰਗਟ ਕਰਨ ਲਈ ਸਭ ਤੋਂ ਵਧੀਆ ਤੇ ਸਹਿਜ ਮਾਧਿਅਮ ਹੈ। ਜਿਸ ਲਈ ਸਾਨੂੰ ਆਪਣੀ ਨਵੀਂ ਪੀੜ੍ਹੀ ਨੂੰ ਮਾਤ ਭਾਸ਼ਾ ਨਾਲ ਵੱਧ ਤੋਂ ਵੱਧ ਤੋਂ ਜੋੜਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਡੀ ਸਖਸ਼ੀਅਤ ਉਸਾਰੀ ’ਚ ਮਾਤ-ਭਾਸ਼ਾ ਦਾ ਸਭ ਤੋਂ ਵੱਡਾ ਯੋਗਦਾਨ ਹੁੰਦਾ ਹੈ।
ਇਸ ਚਾਰ ਰੋਜ਼ਾ ਪੁਸਤਕ ਮੇਲੇ ਨੂੰ ਉਨ੍ਹਾਂ ਮੋਹਾਲੀ ਅਤੇ ਚੰਡੀਗੜ੍ਹ ਵਰਗੇ ਸ਼ਹਿਰਾਂ ਦੇ ਪੰਜਾਬੀ ਪਿਆਰਿਆਂ ਲਈ ਸਭ ਤੋਂ ਵੱਡੀ ਸੌਗਾਤ ਕਹਿੰਦੀਆਂ ਕਿਹਾ ਕਿ ਅੱਜ ਜਦੋਂ ਉਨ੍ਹਾਂ ਇਸ ਪੁਸਤਕ ਮੇਲੇ (book fair) ’ਚੋਂ ਰਸੂਲ ਹਮਜ਼ਾਤੋਵ ਦੀ ਅਨੁਵਾਦਿਤ ਪੰਜਾਬੀ ਕਿਤਾਬ ਦੇਖੀ ਤਾਂ ਉਨ੍ਹਾਂ ਤੁਰੰਤ ਇਸ ਚਰਚਿਤ ਕਿਤਾਬ ਨੂੰ ਆਪਣੀ ਨਿੱਜੀ ਲਾਇਬ੍ਰੇਰੀ ਵਾਸਤੇ ਖਰੀਦ ਲਿਆ। ਉਨ੍ਹਾਂ ਕਿਹਾ ਕਿ ਸਾਡੀ ਮਾਂ-ਬੋਲੀ ਸਾਡਾ ਮਾਣ ਹੈ ਅਤੇ ਸਾਨੂੰ ਇਸ ਨੂੰ ਬੋਲਣ ’ਚ ਭੋਰਾ ਵੀ ਸ਼ਰਮਿੰਦਗੀ ਜਾਂ ਹੀਣਤਾ ਮਹਿਸੂਸ ਨਹੀਂ ਕਰਨੀ ਚਾਹੀਦੀ। ਉੁਨ੍ਹਾਂ ਦੱਸਿਆ ਕਿ ਮਾਂ-ਬੋਲੀ ਬੋਲਣ ’ਤੇ ਪਾਬੰਦੀ ਲਾਉਣ ਵਾਲੇ ਨਿੱਜੀ ਸਕੂਲਾਂ ਖਿਲਾਫ਼ ਪਹਿਲੀ ਦਫ਼ਾ ਕਾਰਵਾਈ ਕੀਤੀ ਗਈ, ਜਿਸ ਤਹਿਤ ਮੋਹਾਲੀ ਦੇ ਇੱਕ ਨਿੱਜੀ ਸਕੂਲ ਨੂੰ ਜੁਰਮਾਨਾ ਲਾਇਆ ਗਿਆ। ਉਨ੍ਹਾਂ ਇਸ ਮੌਕੇ ਰਾਣੀ ਤੱਤ ਤੇ ਸਾਹਿਤ ਸੰਜੀਵਨੀ ਪੁਸਤਕਾਂ ਵੀ ਆਪਣੀ ਲਾਇਬ੍ਰੇਰੀ ਲਈ ਖਰੀਦੀਆਂ। ਮੰਤਰੀ ਹਰਜੋਤ ਸਿੰਘ ਬੈਂਸ ਨੇ ਦੋ ਪੁਸਤਕਾਂ ‘ਬੱਚਿਆਂ ਲਈ ਕੰਪਿਊਟਰ’ ਤੇ ‘ਪੈੜ’ ਵੀ ਰਿਲੀਜ਼ ਕੀਤੀਆਂ।
ਭਾਸ਼ਾ ਵਿਭਾਗ ਪੰਜਾਬ ਵੱਲੋਂ ਚਾਰ ਰੋਜ਼ਾ ਪੁਸਤਕ ਮੇਲਾ ਜਿਲ੍ਹਾ ਭਾਸ਼ਾ ਦਫਤਰ ਐਸ.ਏ.ਐਸ. ਨਗਰ ਦੀ ਦੇਖ-ਰੇਖ ਲਾਏ ਗਏ 23 ਨਵੰਬਰ ਤੱਕ ਚੱਲਣ ਵਾਲੇ ਇਸ ਪੁਸਤਕ ਮੇਲੇ ’ਚ ਸ. ਕੁਲਜੀਤ ਸਿੰਘ ਰੰਧਾਵਾ ਵਿਧਾਇਕ ਡੇਰਾਬੱਸੀ ਤੇ ਜਿਲ੍ਹਾ ਯੋਜਨਾ ਬੋਰਡ ਐਸ.ਏ.ਐਸ. ਨਗਰ ਦੀ ਚੇਅਰਪਰਸਨ ਪ੍ਰਭਜੋਤ ਕੌਰ ਨੇ ਵੀ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ।
ਭਾਸ਼ਾ ਵਿਭਾਗ ਪੰਜਾਬ ਦੀ ਵਧੀਕ ਨਿਰਦੇਸ਼ਕਾ ਡਾ. ਵੀਰਪਾਲ ਕੌਰ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਕਿਹਾ ਅਤੇ ਪੁਸਤਕ ਮੇਲੇ ਦੀ ਰੂਪ-ਰੇਖਾ ਬਾਰੇ ਜਾਣਕਾਰੀ ਦਿੱਤੀ। ਜਿਲ੍ਹਾ ਭਾਸ਼ਾ ਅਫਸਰ ਡਾ. ਦਵਿੰਦਰ ਸਿੰਘ ਬੋਹਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਪੁਸਤਕ ਮੇਲੇ ਦੌਰਾਨ ਪੰਜਾਬੀ ਭਾਸ਼ਾ ਦੀਆਂ ਵੱਖ-ਵੱਖ ਵਿਧਾਵਾਂ ’ਤੇ ਹੋਣ ਵਾਲੀ ਵਿਚਾਰ ਚਰਚਾ ਬਾਰੇ ਜਾਣਕਾਰੀ ਸਾਂਝੀ ਕੀਤੀ।
ਮੁੱਖ ਵਕਤਾ ਡਾ. ਸੁਰਜੀਤ ਸਿੰਘ ਭੱਟੀ ਨੇ ਸਾਹਿਤਿਕ ਅੰਦਾਜ਼ ’ਚ ਮਾਂ ਬੋਲੀ ਦੀ ਅਹਿਮੀਅਤ ਬਾਰੇ ਚਾਨਣਾ ਪਾਇਆ। ਉਨ੍ਹਾਂ ਸੁਖਵਿੰਦਰ ਅੰਮ੍ਰਿਤ ਦੀ ਪੰਜਾਬੀ ਮਾਂ ਬੋਲੀ ਬਾਰੇ ਲਿਖੀ ਵਿਸ਼ੇਸ਼ ਨਜ਼ਮ ਦਾ ਉਚਾਰਨ ਵੀ ਕੀਤਾ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਭਾਸ਼ਾ ਵਿਭਾਗ ਪੰਜਾਬ ਨੂੰ ਮੁੜ ਤੋਂ ਸੁਰਜੀਤ ਕਰਨ ਲਈ ਚੁੱਕੇ ਕਦਮਾਂ ਦੀ ਵਿਸ਼ੇਸ਼ ਤੌਰ ’ਤੇ ਸਰਾਹਨਾ ਕੀਤੀ। ਉਨ੍ਹਾਂ ਕਿਹਾ ਕਿ ਅਜੋਕੀ ਪੀੜ੍ਹੀ ਨੂੰ ਨਸ਼ੇ ਤੋਂ ਬਚਾਉਣ ਲਈ, ਮਾਂ-ਬਾਪ ਦੀ ਇੱਜ਼ਤ ਕਰਨ ਅਤੇ ਮਾਂ-ਬੋਲੀ ਦਾ ਸਤਿਕਾਰ ਕਰਨ ਲਈ ਪ੍ਰੇਰਿਤ ਕਰਨ ਵਾਸਤੇ ਪੁਸਤਕਾਂ ਨਾਲ ਜੋੜਨ ਇੱਕੋ-ਇੱਕ ਜ਼ਰੀਆ ਹੈ।
ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਆਪਣੀ ਕਿਰਤ-ਕਮਾਈ, ਮਿਹਨਤ ਤੇ ਸੱਭਿਆਚਾਰ ਸਦਕਾ ਦੁਨੀਆ ਭਰ ‘ਚ ਆਪਣੀ ਵਿਲੱਖਣ ਪਹਿਚਾਣ ਬਣਾਉਣ ਵਾਲੇ ਪੰਜਾਬੀ ਭਾਈਚਾਰੇ ’ਚ ਜਨਮ ਲੈਣਾ ਸਾਡੇ ਲਈ ਬਹੁਤ ਵੱਡਾ ਤੋਹਫਾ ਹੈ। ਇਸ ਭਾਈਚਾਰੇ ਦੀ ਮਾਂ-ਬੋਲੀ ਪੰਜਾਬੀ ਸਭ ਨੂੰ ਸਾਂਝੀਵਾਲਤਾ ਦਾ ਸੰਦੇਸ਼ ਦਿੰਦੀ ਹੈ। ਸ. ਰੰਧਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬੀ ਮਾਂ-ਬੋਲੀ ਦੇ ਪ੍ਰਚਾਰ-ਪ੍ਰਸਾਰ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ। ਇਹ ਉੱਦਮ ਤਦ ਹੀ ਸਫ਼ਲ ਹੋ ਸਕਦੇ ਹਨ ਜਦ ਅਸੀਂ ਸਭ ਮਿਲਕੇ ਪੰਜਾਬੀ ਮਾਂ ਬੋਲੀ ਜਾਗਰੂਕਤਾ ਲਹਿਰ ਦਾ ਹਿੱਸਾ ਬਣਾਗੇ। ਉਨ੍ਹਾਂ ਭਾਸ਼ਾ ਵਿਭਾਗ ਵੱਲੋਂ ਲਗਾਏ ਗਏ ਪੁਸਤਕ ਮੇਲੇ ਦੀ ਸ਼ਲਾਘਾ ਕੀਤੀ।
ਜ਼ਿਲ੍ਹਾ ਯੋਜਨਾ ਬੋਰਡ ਦੀ ਚੇਅਰਪਰਸਨ ਪ੍ਰਭਜੋਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਟੀਚਾ ਸੂਬੇ ’ਚ ਪੁਸਤਕ ਤੇ ਖੇਡ ਸੱਭਿਆਚਾਰ ਪ੍ਰਫੁੱਲਤ ਕਰਨਾ ਹੈ। ਜਿਸ ਤਹਿਤ ਹੀ ਭਾਸ਼ਾ ਵਿਭਾਗ ਵੱਲੋਂ ਵੱਡੇ ਉੱਦਮ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ‘ਚ ਨਵੀਂ ਪੀੜ੍ਹੀ ਨੂੰ ਚੰਗੀ ਸੇਧ ਦੇਣ ਲਈ ਮੋਬਾਇਲ ਦੀ ਥਾਂ ਪੁਸਤਕਾਂ ਨਾਲ ਜੋੜਨ ਦੀ ਲੋੜ ਹੈ। ਉਨ੍ਹਾਂ ਇਸ ਮੌਕੇ ਹਾਜ਼ਰ ਸਾਹਿਤਕਾਰਾਂ ਤੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਪੁਸਤਕ ਮੇਲੇ ਦਾ ਲਾਭ ਉਠਾਉਣ ਅਤੇ ਇਸ ਮੇਲੇ ਬਾਰੇ ਘਰ-ਘਰ ਸੁਨੇਹਾ ਦੇਣ।
ਇਸ ਮੌਕੇ ਐਸ.ਡੀ.ਐਮ ਮੋਹਾਲੀ ਚੰਦਰਜੋਤੀ ਸਿੰਘ, ਪ੍ਰਿੰਸੀਪਲ ਹਰਜੀਤ ਕੌਰ ਗੁਜਰਾਲ, ਤਹਿਸੀਲਦਾਰ ਕੁਲਦੀਪ ਸਿੰਘ, ਉੱਘੇ ਵਿਦਵਾਨ ਡਾ. ਜੋਗਾ ਸਿੰਘ, ਡਾ. ਭੀਮਇੰਦਰ ਸਿੰਘ, ਮਨਮੋਹਨ ਸਿੰਘ ਦਾਊਂ, ਸੀ.ਪੀ. ਕੰਬੋਜ, ਡਾ. ਸਰਬਜੀਤ ਸਿੰਘ, ਸਤਨਾਮ ਸਿੰਘ ਡਿਪਟੀ ਡਾਇਰੈਕਟਰ, ਖੋਜ ਅਫਸਰ ਦਰਸ਼ਨ ਕੌਰ ਸਮੇਤ ਵੱਡੀ ਗਿਣਤੀ ’ਚ ਸਾਹਿਤਕਾਰ ਹਾਜ਼ਰ ਸਨ। ਇਸ ਮੌਕੇ ਉਰਮਾਨਦੀਪ ਸਿੰਘ ਵੱਲੋਂ ਅੱਖਰਕਾਰੀ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਮੰਚ ਸੰਚਾਲਨ ਤੇਜਿੰਦਰ ਕੌਰ ਜ਼ਿਲ੍ਹਾ ਭਾਸ਼ਾ ਅਫ਼ਸਰ ਮਾਨਸਾ ਨੇ ਕੀਤਾ।