Site icon TheUnmute.com

ਕੇਂਦਰ ਸਰਕਾਰ ਨੇ ਪੰਜਾਬ ਦੇ ਸਿਹਤ ਢਾਂਚੇ ‘ਚ ਹੋ ਰਹੇ ਸੁਧਾਰ ਨੂੰ ਦਿੱਤੀ ਮਾਨਤਾ: ਚੇਤਨ ਸਿੰਘ ਜੌੜਾਮਾਜਰਾ

Chetan Singh Jauramajra

ਚੰਡੀਗੜ੍ਹ 21 ਦਸੰਬਰ 2022: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਆਪਣੇ ਸਿਹਤ ਸੂਚਕਾਂ ਵਿੱਚ ਲਗਾਤਾਰ ਸੁਧਾਰ ਕਰ ਰਿਹਾ ਹੈ। ਸਿਹਤ ਖੇਤਰ ਵਿੱਚ ਪੰਜਾਬ ਨੂੰ ਮੋਹਰੀ ਸੂਬਾ ਬਣਾਉਣ ਸਬੰਧੀ ਪੰਜਾਬ ਸਰਕਾਰ ਦੇ ਸੰਕਲਪ ਤਹਿਤ ਪਿਛਲੇ ਅੱਠ ਮਹੀਨਿਆਂ ਤੋਂ ਕੀਤੇ ਜਾ ਰਹੇ ਯਤਨਾਂ ਦੇ ਨਤੀਜੇ ਸਾਹਮਣੇ ਆਉਣ ਲੱਗੇ ਹਨ ਕਿਉਂਕਿ ਪੰਜਾਬ ਸਿਹਤ ਦੇ ਖੇਤਰ ਵਿੱਚ ਕੇਂਦਰ ਸਰਕਾਰ ਦੀ ਮਾਨਤਾ ਹਾਸਲ ਕਰ ਰਿਹਾ ਹੈ। ਅਜਿਹੀ ਇੱਕ ਮਾਨਤਾ ਤਹਿਤ, ਪੰਜਾਬ ਨੂੰ ਯੂਨੀਵਰਸਲ ਹੈਲਥ ਕਵਰੇਜ ਦਿਵਸ ਮੌਕੇ ਦਸੰਬਰ-2022 ਲਈ ਨਿਰਧਾਰਤ ਸਮਾਂ-ਸੀਮਾ ਤੋਂ ਪਹਿਲਾਂ ਸਿਹਤ ਅਤੇ ਤੰਦਰੁਸਤੀ ਕੇਂਦਰ (ਐਚ.ਡਬਲਿਊ.ਸੀਜ਼) ਖੋਲ੍ਹਣ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਸਨਮਾਨਿਤ ਕੀਤਾ ਗਿਆ ਹੈ।

ਇਸ ਉਪਲਬਧੀ ਬਾਰੇ ਹੋਰ ਜਾਣਕਾਰੀ ਦਿੰਦਿਆਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ (Chetan Singh Jauramajra) ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਦਸੰਬਰ-2022 ਤੱਕ 2810 ਐਚ.ਡਬਲਿਊ.ਸੀਜ਼ ਖੋਲ੍ਹਣ ਦੇ ਮਿੱਥੇ ਟੀਚੇ ਦੇ ਮੁਕਾਬਲੇ ਪੰਜਾਬ ਨੇ ਸੂਬੇ ਵਿੱਚ 2989 ਐਚ.ਡਬਲਿਊ.ਸੀਜ਼ ਨੂੰ ਸਫਲਤਾਪੂਰਵਕ ਕਾਰਜਸ਼ੀਲ ਕੀਤਾ ਹੈ। ਇਹ ਸੂਬੇ ਵਿੱਚ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੀ ਦਿਸ਼ਾ ਵੱਲ ਇੱਕ ਵੱਡਾ ਕਦਮ ਹੈ ਅਤੇ ਸਿਹਤ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਨੂੰ ਉਜਾਗਰ ਕਰਦਾ ਹੈ।

ਐਚ.ਡਬਲਿਊ.ਸੀਜ਼ ਦੇ ਕੰਮਕਾਜ ਬਾਰੇ ਬੋਲਦਿਆਂ ਜੌੜਾਮਾਜਰਾ ਨੇ ਕਿਹਾ ਕਿ ਇਹ ਸੈਂਟਰ ਮੁੱਢਲੀ ਅਤੇ ਰੋਕਥਾਮ ਵਾਲੀਆਂ ਸਿਹਤ ਦੇਖਭਾਲ ਸੇਵਾਵਾਂ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਹ ਸੈਂਟਰ ਲਗਭਗ 5000 ਦੀ ਆਬਾਦੀ ਨੂੰ ਦੇਖਭਾਲ ਸੇਵਾਵਾਂ ਪ੍ਰਦਾਨ ਕਰਦੇ ਹਨ ਅਤੇ ਇਸ ਸੈਂਟਰ ਵਿੱਚ ਇੱਕ ਕਮਿਊਨਿਟੀ ਹੈਲਥ ਅਫਸਰ, ਇੱਕ ਏ.ਐਨ.ਐਮ., ਇੱਕ ਹੈਲਥ ਵਰਕਰ ਅਤੇ ਆਸ਼ਾ ਵਰਕਰ ਸੇਵਾਵਾਂ ਪ੍ਰਦਾਨ ਕਰਦੇ ਹਨ। ਇੰਟਰਨੈਟ ਸਹੂਲਤ ਨਾਲ ਲੈਸ ਇਹ ਸੈਂਟਰ ਜਨਤਾ ਲਈ ਟੈਲੀਮੇਡੀਸਨ ਨੋਡਲ ਪੁਆਇੰਟ ਵਜੋਂ ਵੀ ਕੰਮ ਕਰਦੇ ਹਨ।

ਇਸ ਸੈਂਟਰ ਦੇ ਅਧਿਕਾਰ ਖੇਤਰ ਵਿੱਚ ਰਹਿੰਦੇ 30 ਸਾਲ ਤੋਂ ਵੱਧ ਉਮਰ ਦੇ ਸਾਰੇ ਵਿਅਕਤੀਆਂ ਨੂੰ ਸੂਚੀਬੱਧ ਕੀਤਾ ਜਾਂਦਾ ਹੈ ਅਤੇ ਕਿਸੇ ਗੈਰ ਸੰਚਾਰੀ ਬਿਮਾਰੀ ਦੀ ਪਛਾਣ ਲਈ ਨਜ਼ਦੀਕੀ ਉੱਚ ਸਿਹਤ ਸੰਥਥਾ ਵਿੱਚ ਸ਼ੱਕੀ ਵਿਅਕਤੀਆਂ ਦੀ ਜਾਂਚ ਕੀਤੀ ਜਾਂਦੀ ਹੈ। ਮੰਤਰੀ ਨੇ ਇਸ ਉਪਲਬਧੀ ਨੂੰ ਹਾਸਲ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਸਿਹਤ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਸਖ਼ਤ ਮਿਹਨਤ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਪੰਜਾਬ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਤਨਦੇਹੀ ਨਾਲ ਕੰਮ ਕਰਨ ਲਈ ਪ੍ਰੇਰਿਆ।

Exit mobile version