ਡੇਰਾ ਸੱਚਖੰਡ ਬੱਲਾਂ

ਡੇਰਾ ਸੱਚਖੰਡ ਬੱਲਾਂ ਨੇੜੇ ਸਥਾਪਤ ਕੀਤਾ ਜਾ ਰਿਹੈ ‘ਸ੍ਰੀ ਗੁਰੂ ਰਵਿਦਾਸ ਬਾਣੀ ਅਧਿਐਨ ਕੇਂਦਰ’: ਹਰਪਾਲ ਸਿੰਘ ਚੀਮਾ

ਚੰਡੀਗੜ੍ਹ/ਰੂਪਨਗਰ, 27 ਅਪ੍ਰੈਲ 2026: ਪੰਜਾਬ ਸਰਕਾਰ ਵੱਲੋਂ ਐਤਵਾਰ ਸ਼ਾਮ ਨੂੰ ਨਹਿਰੂ ਸਟੇਡੀਅਮ, ਰੂਪਨਗਰ ਵਿਖੇ ਕਰਵਾਏ ਪਹਿਲੇ ਵਿਸ਼ਾਲ ਅਧਿਆਤਮਕ ਕੀਰਤਨ ਦਰਬਾਰ ਦੇ ਨਾਲ ਹੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਦੇ ਸੂਬਾ ਪੱਧਰੀ ਸਮਾਗਮਾਂ ਦੀ ਸ਼ੁਰੂਆਤ ਕੀਤੀ। ਇਸ ਸਮਾਗਮ ਨਾਲ ਗੁਰੂ ਰਵਿਦਾਸ ਜੀ ਦੇ ਸਰਬ-ਸਾਂਝੇ ਸੰਦੇਸ਼ ਨੂੰ ਪੰਜਾਬ ਅਤੇ ਇਸ ਤੋਂ ਬਾਹਰ ਫੈਲਾਉਣ ਦੇ ਉਦੇਸ਼ ਨਾਲ ਸਾਲ ਭਰ ਚੱਲਣ ਵਾਲੇ ਪ੍ਰੋਗਰਾਮਾਂ ਦੀ ਲੜੀ ਦਾ ਆਗਾਜ਼ ਹੋਇਆ ਹੈ।

ਇਸ ਅਧਿਆਤਮਕ ਸ਼ਾਮ ਦੌਰਾਨ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਪ੍ਰਸਿੱਧ ਹਜ਼ੂਰੀ ਰਾਗੀ ਭਾਈ ਰਵਿੰਦਰ ਸਿੰਘ ਅਤੇ ਭਾਈ ਦਵਿੰਦਰ ਸਿੰਘ ਸੋਢੀ ਵੱਲੋਂ ਰਸਭਿੰਨਾ ਕੀਰਤਨ ਕੀਤਾ, ਜਿਸ ਨੇ ਸੰਗਤਾਂ ਨੂੰ ਇਲਾਹੀ ਬਾਣੀ ਚ ਲੀਨ ਕੀਤਾ। ਇਸ ਉਪਰੰਤ ਭਾਈ ਗੁਰਮੀਤ ਸਿੰਘ ਵੱਲੋਂ ਕਥਾ ਵਿਚਾਰ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾਅਤੇ ਸ਼ਰਧਾਲੂਆਂ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਸਿੱਖਿਆਵਾਂ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਅਪਨਾਉਣ ਲਈ ਪ੍ਰੇਰਿਤ ਕੀਤਾ ਗਿਆ।

ਇਸ ਸਮਾਗਮ ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸੰਗਤਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ, “ਖੁਰਾਲਗੜ੍ਹ ਸਾਹਿਬ ਵਿਖੇ 649ਵੇਂ ਪ੍ਰਕਾਸ਼ ਪੁਰਬ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲ ਭਰ ਚੱਲਣ ਵਾਲੇ ਵੱਡੇ ਪੱਧਰ ਦੇ ਸਮਾਗਮ ਕਰਵਾਉਣ ਦਾ ਐਲਾਨ ਕੀਤਾ ਸੀ।”

ਵਿੱਤ ਮੰਤਰੀ ਨੇ ਕਿਹਾ, “ਇਨ੍ਹਾ ਸਮਾਗਮਾਂ ਦਾ ਮੁੱਖ ਉਦੇਸ਼ ਸ੍ਰੀ ਗੁਰੂ ਰਵਿਦਾਸ ਜੀ ਦੇ ਸਰਬ-ਸਾਂਝੇ ਸੰਦੇਸ਼ ਨੂੰ ਪੂਰੀ ਦੁਨੀਆ ‘ਚ ਫੈਲਾਉਣਾ ਹੈ। ਇਸੇ ਦੇ ਤਹਿਤ ਪੰਜਾਬ ਦੇ ਕੋਨੇ-ਕੋਨੇ ‘ਚ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ‘ਚ ਵੱਖ-ਵੱਖ ਵਿਦਿਅਕ ਅਤੇ ਅਧਿਆਤਮਕ ਪ੍ਰੋਗਰਾਮ ਉਲੀਕੇ ਜਾ ਰਹੇ ਹਨ।”
ਉਨ੍ਹਾਂ ਕਿਹਾ, “ਇਸ ਵੱਡੇ ਉਪਰਾਲੇ ਦੇ ਹਿੱਸੇ ਵਜੋਂ ਸੂਬੇ ਦੇ ਸਾਰੇ ਜ਼ਿਲ੍ਹਿਆਂ ‘ਚ ਅਧਿਆਤਮਕ ਕੀਰਤਨ ਦਰਬਾਰ ਕਰਵਾਏ ਜਾ ਰਹੇ ਹਨ, ਜਿਨ੍ਹਾਂ ਦੀ ਰਸਮੀ ਸ਼ੁਰੂਆਤ ਰੂਪਨਗਰ ਤੋਂ ਹੋਈ ਹੈ।”

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਐਲਾਨ ਕੀਤਾ, “ਪੰਜਾਬ ਸਰਕਾਰ ਵੱਲੋਂ ਡੇਰਾ ਸੱਚਖੰਡ ਬੱਲਾਂ ਦੇ ਨੇੜੇ ਇੱਕ ਵਿਸ਼ਾਲ ‘ਸ੍ਰੀ ਗੁਰੂ ਰਵਿਦਾਸ ਬਾਣੀ ਅਧਿਐਨ ਕੇਂਦਰ’ ਸਥਾਪਤ ਕਰਨ ਲਈ 10 ਏਕੜ ਜ਼ਮੀਨ ਖਰੀਦੀ ਹੈ। ਇਸ ਕੇਂਦਰ ‘ਚ 750 ਵਿਅਕਤੀਆਂ ਦੇ ਬੈਠਣ ਦੀ ਸਮਰੱਥਾ ਹੋਵੇਗੀ ਅਤੇ ਇਹ ਗੁਰੂ ਸਾਹਿਬ ਦੀ ਪਵਿੱਤਰ ਬਾਣੀ ਅਤੇ ਸਿੱਖਿਆਵਾਂ ਦੇ ਡੂੰਘੇ ਅਧਿਐਨ ਅਤੇ ਖੋਜ ਨੂੰ ਸਮਰਪਿਤ ਹੋਵੇਗਾ।

ਉਨ੍ਹਾਂ ਕਿਹਾ, “ਇਮਾਰਤ ਦੇ ਨਕਸ਼ੇ ਮੁਕੰਮਲ ਕਰ ਲਏ ਗਏ ਹਨ ਅਤੇ ਉਸਾਰੀ ਦਾ ਕੰਮ ਛੇਤੀ ਸ਼ੁਰੂ ਹੋਣ ਜਾ ਰਿਹਾ ਹੈ। ਨਿਰਮਾਣ ਤੋਂ ਬਾਅਦ, ਇਹ ਕੇਂਦਰ ਆਮ ਲੋਕਾਂ ਨੂੰ ਗੁਰੂ ਮਹਾਰਾਜ ਨਾਲ ਸਬੰਧਤ ਕੀਮਤੀ ਇਤਿਹਾਸਕ ਖੋਜਾਂ ਤੋਂ ਵੀ ਜਾਣੂ ਕਰਵਾਏਗਾ। ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਨੇ ਅਜੋਕੇ ਸਮਾਜ ‘ਚ ਗੁਰੂ ਜੀ ਦੀਆਂ ਸਿੱਖਿਆਵਾਂ ਦੀ ਪ੍ਰਸੰਗਿਕਤਾ ‘ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ, “ਸਦੀਆਂ ਪਹਿਲਾਂ, ਆਪਣੀ ਕ੍ਰਾਂਤੀਕਾਰੀ ਬਾਣੀ ਰਾਹੀਂ, ਸ੍ਰੀ ਗੁਰੂ ਰਵਿਦਾਸ ਜੀ ਨੇ ਮਨੁੱਖਤਾ ਨੂੰ ਆਪਸੀ ਭੇਦਭਾਵ ਤੋਂ ਉੱਪਰ ਉੱਠ ਕੇ ਬਰਾਬਰੀ ਅਤੇ ਭਾਈਚਾਰਕ ਸਾਂਝ ‘ਤੇ ਆਧਾਰਿਤ ਸਮਾਜ ਸਿਰਜਣ ਦਾ ਉਪਦੇਸ਼ ਦਿੱਤਾ ਸੀ।”

ਉਨ੍ਹਾਂ ਸੰਗਤਾਂ ਨੂੰ ਇੱਕ ਸਦਭਾਵਨਾ ਵਾਲੇ ਅਤੇ ਸਮਾਨਤਾਵਾਦੀ ਸਮਾਜ ਦੀ ਸਿਰਜਣਾ ਲਈ ਇਸ ਮਾਰਗ ‘ਤੇ ਚੱਲਣ ਦੀ ਅਪੀਲ ਕੀਤੀ। ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਪਤਵੰਤਿਆਂ ਅਤੇ ਸੰਗਤਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਸਮਾਜਿਕ ਤਰੱਕੀ ਗੁਰੂਆਂ ਵੱਲੋਂ ਦਰਸਾਏ ਮਾਰਗ ‘ਤੇ ਚੱਲ ਕੇ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ।

ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਨੇ ਹਮੇਸ਼ਾ ਬਾਣੀ ਰਾਹੀਂ ਮਨੁੱਖਤਾ ਨੂੰ ਇੱਕ ਸੱਭਿਅਕ ਅਤੇ ਜਾਗਰੂਕ ਯੁੱਗ ਵੱਲ ਸੇਧਿਤ ਕੀਤਾ। ਉਨ੍ਹਾਂ ਨੇ ਇਸ ਇਤਿਹਾਸਕ ਲੜੀ ਦੇ ਪਹਿਲੇ ਕੀਰਤਨ ਦਰਬਾਰ ਦੀ ਮੇਜ਼ਬਾਨੀ ਲਈ ਰੂਪਨਗਰ ਨੂੰ ਚੁਣਨ ‘ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਵੀ ਕੀਤਾ।

ਇਸ ਵਿਸ਼ਾਲ ਸਮਾਗਮ ‘ਚ ਹਜ਼ਾਰਾਂ ਦੀ ਗਿਣਤੀ ‘ਚ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ ਅਤੇ ਇਲਾਹੀ ਬਾਣੀ ਦਾ ਆਨੰਦ ਮਾਣਦਿਆਂ ਪੰਜਾਬ ਸਰਕਾਰ ਵੱਲੋਂ ਸਿਰਜੇ ਗਏ ਅਧਿਆਤਮਕ ਮਾਹੌਲ ਦੀ ਸ਼ਲਾਘਾ ਕੀਤੀ। ਸਮਾਗਮ ਦੌਰਾਨ ਤਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਮੁਖੀ ਸੰਤ ਬਾਬਾ ਕੇਵਲ ਸਿੰਘ, ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਪ੍ਰਧਾਨ ਸੰਤ ਸਤਵਿੰਦਰਜੀਤ ਸਿੰਘ ਹੀਰਾ, ਡੇਰਾ ਮਸਤ ਬਾਬਾ ਸ਼ਾਮ ਜੀ ਮਹਾਰਾਜ ਝੱਜ ਦੇ ਸੁਆਮੀ ਅਨਮੁਲਕਾ ਨੰਦ, ਡੇਰਾ ਪੁਸ਼ਪਾ ਨੰਦ ਉਦਾਸੀਨ ਆਸ਼ਰਮ ਬੱਸੀ ਪਠਾਣਾਂ ਦੇ ਮਹੰਤ ਬਲਵਿੰਦਰ ਦਾਸ, ਡੇਰਾ ਮਹਾਂ ਪੁਰੀ ਚੱਬੇਵਾਲ ਦੇ ਸੰਤ ਬਲਵੀਰ ਦਾਸ, ਗੁਰਦੁਆਰਾ ਟਿੱਬੀ ਸਾਹਿਬ ਦੇ ਜਥੇਦਾਰ ਜਗਮਿੰਦਰ ਸਿੰਘ, ਅਤੇ ਸ੍ਰੀ ਚਰਨ ਛੋਹ ਗੰਗਾ ਖੁਰਾਲਗੜ੍ਹ ਸਾਹਿਬ ਦੇ ਮੁਖੀ ਸੰਤ ਸੁਰਿੰਦਰ ਦਾਸ ਸਮੇਤ ਕਈ ਸਤਿਕਾਰਯੋਗ ਧਾਰਮਿਕ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ।

Read More: ਵਿਧਾਇਕ ਕੁਲਵੰਤ ਸਿੰਘ ਵੱਲੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ 27ਵੀਂ ਤੇ 28ਵੀਂ ਬੱਸ ਰਵਾਨਾ

ਵਿਦੇਸ਼

Scroll to Top