ਭੈਣ ਨੇ ਭਰਾ ਦਾ ਅੰਤਿਮ ਸ.ਸ.ਕਾ.ਰ ਕਰਨ ਤੋਂ ਕੀਤਾ ਇਨਕਾਰ, ਆਸ਼ਰਮ ਕਮੇਟੀ ਨੇ ਦਿੱਤੀ ਮੁੱਖ ਅਗਨੀ

ਕੁਰੂਕਸ਼ੇਤਰ 10 ਸਤੰਬਰ 2026: ਪਰਿਵਾਰਕ ਰਿਸ਼ਤਿਆਂ ਨੂੰ ਲੈ ਕੇ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਿੱਲੀ ਦੇ ਉੱਤਮ ਨਗਰ ਵਾਸੀ 71 ਸਾਲਾ ਜੁਗਲ ਕਿਸ਼ੋਰ ਦੀ ਮੌਤ ਤੋਂ ਬਾਅਦ ਉਸ ਦੀ ਭੈਣ ਨੇ ਅੰਤਿਮ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਬਾਬਾ ਫਰੀਦ ਅਨਾਥ ਆਸ਼ਰਮ ਦੇ ਸੰਚਾਲਕ ਬਾਬਾ ਨਿਸ਼ਾਨ ਸਿੰਘ ਅਤੇ ਆਸ਼ਰਮ ਕਮੇਟੀ ਵੱਲੋਂ ਜੁਗਲ ਕਿਸ਼ੋਰ ਦਾ ਅੰਤਿਮ ਸਸਕਾਰ ਕੀਤਾ ਗਿਆ। ਅਸਥੀਆਂ ਦਾ ਵਿਸਰਜਨ ਵੀ ਆਸ਼ਰਮ ਵੱਲੋਂ ਸਰਸਵਤੀ ਨਦੀ ਵਿੱਚ ਕੀਤਾ ਗਿਆ।

ਮਾਮਲੇ ਨਾਲ ਜੁੜੀ ਇੱਕ ਗੱਲਬਾਤ ਵੀ ਸਾਹਮਣੇ ਆਈ ਹੈ, ਜਿਸ ਵਿੱਚ ਜੁਗਲ ਕਿਸ਼ੋਰ ਦੀ ਛੋਟੀ ਭੈਣ ਪੁਸ਼ਪਾ ਰਾਣੀ ਕਹਿੰਦੀ ਸੁਣਾਈ ਦਿੰਦੀ ਹੈ, “ਤੁਸੀਂ ਹੀ ਕਰ ਦਿਓ ਸਸਕਾਰ, ਤੁਹਾਡੀ ਬਹੁਤ ਮੇਹਰਬਾਨੀ ਹੋਵੇਗੀ। ਮੇਰੇ ਕੋਲ ਸਮਾਂ ਨਹੀਂ ਹੈ। ਮੈਂ ਰੁਕ ਨਹੀਂ ਸਕਦੀ। ਜੇ ਮੈਂ ਆਪ ਠੀਕ ਹੁੰਦੀ ਤਾਂ ਰੁਕ ਜਾਂਦੀ।”

10 ਸਾਲ ਤੋਂ ਪਿਹੋਵਾ ਦੇ ਸਰਸਵਤੀ ਤੀਰਥ ’ਤੇ ਰਹਿ ਰਿਹਾ ਸੀ
ਬਾਬਾ ਨਿਸ਼ਾਨ ਸਿੰਘ ਮੁਤਾਬਕ ਜੁਗਲ ਕਿਸ਼ੋਰ ਦਿੱਲੀ ਦੇ ਉੱਤਮ ਨਗਰ ਦਾ ਰਹਿਣ ਵਾਲਾ ਸੀ ਅਤੇ ਪਿਛਲੇ ਕਰੀਬ 10 ਸਾਲਾਂ ਤੋਂ ਪਿਹੋਵਾ ਦੇ ਸਰਸਵਤੀ ਤੀਰਥ ਨੇੜੇ ਰਹਿ ਰਿਹਾ ਸੀ। ਉਸ ਦਾ ਵਿਆਹ ਨਹੀਂ ਹੋਇਆ ਸੀ। ਪਰਿਵਾਰ ਵਿੱਚ ਉਸ ਦੀ ਛੋਟੀ ਭੈਣ ਪੁਸ਼ਪਾ ਰਾਣੀ ਬਾਰੇ ਹੀ ਜਾਣਕਾਰੀ ਸੀ। ਜੁਗਲ ਆਪਣੀ ਭੈਣ ਨੂੰ ਮਿਲਣ ਲਈ ਅਕਸਰ ਦਿੱਲੀ ਜਾਂਦਾ ਰਹਿੰਦਾ ਸੀ।

ਤਬੀਅਤ ਵਿਗੜੀ ਤਾਂ ਆਸ਼ਰਮ ਲੈ ਕੇ ਆਏ
ਕਰੀਬ ਦੋ ਹਫ਼ਤੇ ਪਹਿਲਾਂ ਜੁਗਲ ਕਿਸ਼ੋਰ ਦੀ ਤਬੀਅਤ ਅਚਾਨਕ ਖਰਾਬ ਹੋ ਗਈ। ਇਸ ਤੋਂ ਬਾਅਦ ਆਸ਼ਰਮ ਨਾਲ ਜੁੜੇ ਲੋਕ ਉਸ ਨੂੰ ਪਿਹੋਵਾ ਲੈ ਆਏ ਅਤੇ ਇਲਾਜ ਕਰਵਾਇਆ। ਉਹ ਕਈ ਦਿਨ ਪਿਹੋਵਾ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਰਿਹਾ। ਹਾਲਤ ਗੰਭੀਰ ਹੋਣ ’ਤੇ ਉਸ ਨੂੰ ਕੁਰੂਕਸ਼ੇਤਰ ਦੇ LNJP ਹਸਪਤਾਲ ਰੈਫਰ ਕਰ ਦਿੱਤਾ ਗਿਆ।

ਇਸ ਦੌਰਾਨ ਉਸ ਦੀ ਭੈਣ ਨਾਲ ਸੰਪਰਕ ਕਰਨ ਦੀ ਕਈ ਵਾਰ ਕੋਸ਼ਿਸ਼ ਕੀਤੀ ਗਈ। ਬਾਬਾ ਨਿਸ਼ਾਨ ਸਿੰਘ ਦੇ ਅਨੁਸਾਰ, ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਪੁਸ਼ਪਾ ਰਾਣੀ ਨਾਲ ਸੰਪਰਕ ਹੋ ਸਕਿਆ ਅਤੇ ਉਸ ਨੂੰ ਭਰਾ ਦੀ ਗੰਭੀਰ ਹਾਲਤ ਬਾਰੇ ਦੱਸਿਆ ਗਿਆ।

ਇਲਾਜ ਦੌਰਾਨ ਹੋਈ ਮੌਤ
ਜੁਗਲ ਕਿਸ਼ੋਰ ਦੀ 4 ਸਤੰਬਰ ਨੂੰ LNJP ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਇਸ ਤੋਂ ਬਾਅਦ ਉਸ ਦੀ ਭੈਣ ਨੂੰ ਮੌਤ ਦੀ ਸੂਚਨਾ ਦਿੱਤੀ ਗਈ। ਪੁਸ਼ਪਾ ਰਾਣੀ ਕੁਰੂਕਸ਼ੇਤਰ ਹਸਪਤਾਲ ਪਹੁੰਚੀ ਅਤੇ ਆਪਣੇ ਭਰਾ ਦਾ ਆਖਰੀ ਵਾਰ ਮੰਜੇ ’ਤੇ ਪਿਆ ਚਿਹਰਾ ਦੇਖਿਆ।

ਇਸ ਤੋਂ ਬਾਅਦ ਜਦੋਂ ਅੰਤਿਮ ਸੰਸਕਾਰ ਬਾਰੇ ਗੱਲ ਕੀਤੀ ਗਈ ਤਾਂ ਉਸ ਨੇ ਕਥਿਤ ਤੌਰ ’ਤੇ ਸਮਾਂ ਨਾ ਹੋਣ ਦਾ ਹਵਾਲਾ ਦਿੰਦਿਆਂ ਸੰਸਕਾਰ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ।

‘ਅਸਥੀਆਂ ਵੀ ਤੁਸੀਂ ਹੀ ਲੈ ਜਾਓ’
ਬਾਬਾ ਨਿਸ਼ਾਨ ਸਿੰਘ ਨੇ ਦੱਸਿਆ ਕਿ ਜਦੋਂ ਪੁਸ਼ਪਾ ਨੂੰ ਅੰਤਿਮ ਸਸਕਾਰ ਲਈ ਕਿਹਾ ਗਿਆ ਤਾਂ ਉਸ ਨੇ ਆਪਣੀ ਤਬੀਅਤ ਠੀਕ ਨਾ ਹੋਣ ਦੀ ਗੱਲ ਕਹੀ। ਜਦੋਂ ਉਸ ਨੂੰ ਕਿਹਾ ਗਿਆ ਕਿ ਘੱਟੋ-ਘੱਟ ਅਸਥੀਆਂ ਦਾ ਵਿਸਰਜਨ ਤਾਂ ਕਰਨਾ ਪਵੇਗਾ, ਤਾਂ ਉਸ ਨੇ ਇਸ ਤੋਂ ਵੀ ਇਨਕਾਰ ਕਰ ਦਿੱਤਾ।

ਗੱਲਬਾਤ ਵਿੱਚ ਪੁਸ਼ਪਾ ਕਹਿੰਦੀ ਸੁਣਾਈ ਦਿੰਦੀ ਹੈ ਕਿ ਉਹ ਨਾ ਤਾਂ ਅੰਤਿਮ ਸੰਸਕਾਰ ਵਿੱਚ ਰੁਕ ਸਕਦੀ ਹੈ ਅਤੇ ਨਾ ਹੀ ਅਸਥੀਆਂ ਦਾ ਵਿਸਰਜਨ ਕਰ ਸਕਦੀ ਹੈ। ਉਸ ਨੇ ਬਾਬਾ ਨਿਸ਼ਾਨ ਸਿੰਘ ਨੂੰ ਹੀ ਇਹ ਸਾਰਾ ਕੰਮ ਕਰਨ ਦੀ ਬੇਨਤੀ ਕੀਤੀ।

ਆਸ਼ਰਮ ਕਮੇਟੀ ਨੇ ਕੀਤਾ ਅੰਤਿਮ ਸਸਕਾਰ
ਇਸ ਤੋਂ ਬਾਅਦ ਪੁਸ਼ਪਾ ਰਾਣੀ ਆਪਣੇ ਇੱਕ ਰਿਸ਼ਤੇਦਾਰ ਨਾਲ ਹਸਪਤਾਲ ਤੋਂ ਚਲੀ ਗਈ। ਬਾਬਾ ਨਿਸ਼ਾਨ ਸਿੰਘ ਮੁਤਾਬਕ, ਉਹ ਭਰਾ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਨਹੀਂ ਹੋਈ।

ਇਸ ਤੋਂ ਬਾਅਦ ਆਸ਼ਰਮ ਕਮੇਟੀ ਨਾਲ ਗੱਲਬਾਤ ਕਰਕੇ ਜੁਗਲ ਕਿਸ਼ੋਰ ਦੀ ਦੇਹ ਪਿਹੋਵਾ ਲਿਆਂਦੀ ਗਈ ਅਤੇ ਉਸ ਦਾ ਅੰਤਿਮ ਸਸਕਾਰ ਕੀਤਾ ਗਿਆ। ਸੰਸਕਾਰ ਤੋਂ ਬਾਅਦ ਅਸਥੀਆਂ ਦਾ ਵਿਸਰਜਨ ਸਰਸਵਤੀ ਨਦੀ ਵਿੱਚ ਕੀਤਾ ਗਿਆ।

ਬਾਬਾ ਨਿਸ਼ਾਨ ਸਿੰਘ ਨੇ ਇਸ ਘਟਨਾ ’ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਭੈਣ-ਭਰਾ ਦੇ ਰਿਸ਼ਤੇ ਨਾਲ ਜੁੜੀ ਇਹ ਘਟਨਾ ਉਨ੍ਹਾਂ ਲਈ ਬਹੁਤ ਦੁਖਦਾਈ ਸੀ। ਮਾਮਲੇ ਨਾਲ ਸਬੰਧਤ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਵੀ ਲੋਕ ਇਸ ਘਟਨਾ ਨੂੰ ਲੈ ਕੇ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ।

Read More: ਇੱਕ ਪਰਿਵਾਰ ਦੇ ਪੰਜ ਮੈਂਬਰਾਂ ਨੇ ਕਥਿਤ ਤੌਰ ‘ਤੇ ਨਹਿਰ ‘ਚ ਮਾਰੀ ਛਾਲ, ਤਿੰਨ ਬੱਚਿਆਂ ਦੀ ਮੌ.ਤ

ਵਿਦੇਸ਼

Scroll to Top