ਸਨੌਰ

ਸਨੌਰ ਬਿਜਲੀ ਉਪ ਮੰਡਲ ਦੇ ਐਸਡੀਓ ‘ਤੇ ਵਪਾਰੀ ਕੋਲੋਂ ਹਰ ਮਹੀਨੇ ਰਿਸ਼ਵਤ ਲੈਣ ਦੇ ਦੋਸ਼

ਪੈਸੇ ਨਾ ਭੇਜਣ ਕਾਰਨ 12-12 ਘੰਟੇ ਬਿਜਲੀ ਸਪਲਾਈ ਬੰਦ ਰੱਖਣ ਦਾ ਦੋਸ਼

ਪਟਿਆਲਾ,08 ਅਗਸਤ 2026: ਇੱਕ ਕੇਲਿਆਂ ਦੇ ਵਪਾਰੀ ਨੇ ਸਨੌਰ ਬਿਜਲੀ ਉਪ ਮੰਡਲ ਦੇ ਐਸਡੀਓ ‘ਤੇ ਹਰ ਮਹੀਨੇ 15 ਹਜ਼ਾਰ ਰੁਪਏ ਰਿਸ਼ਵਤ ਮੰਗਣ ਦਾ ਦੋਸ਼ ਲਗਾਇਆ ਹੈ। ਵਪਾਰੀ ਗੌਰਵ ਦਾ ਕਹਿਣਾ ਹੈ ਕਿ ਰਕਮ ਨਾ ਦੇਣ ਕਾਰਨ ਉਸ ਦੇ ਉਦਯੋਗ ਦੀ ਬਿਜਲੀ ਸਪਲਾਈ ਜਾਣਬੁੱਝ ਕੇ 12-12 ਘੰਟੇ ਤੱਕ ਬੰਦ ਰੱਖੀ ਜਾਂਦੀ ਹੈ, ਜਿਸ ਕਾਰਨ ਉਸ ਨੂੰ ਹਰ ਰੋਜ਼ ਭਾਰੀ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ। ਇਸ ਸਬੰਧੀ ਉਸ ਨੇ ਵਿਜੀਲੈਂਸ ਵਿਭਾਗ ਅਤੇ ਪੰਜਾਬ ਸਰਕਾਰ ਨੂੰ ਤੁਰੰਤ ਦਖਲ ਦੇ ਕੇ ਮਾਮਲੇ ਦੀ ਨਿਰਪੱਖ ਜਾਂਚ ਅਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਉਸ ਦੀ ਬੋਲੜ ਰੋਡ ‘ਤੇ ਸੂਆ ਪਾਰ ਕਰਕੇ ਕੇਲਿਆਂ ਦੀ ਫੈਕਟਰੀ ਹੈ, ਜਿੱਥੇ ਬਿਜਲੀ ਦੀ ਨਿਰੰਤਰ ਸਪਲਾਈ ਬਹੁਤ ਜ਼ਰੂਰੀ ਹੈ। ਉਨਾ ਦਾ ਦੋਸ਼ ਹੈ ਕਿ ਉਸਨੂੰ 2025 ਤੋ ਲਗਾਤਾਰ ਪੂਰੀ ਤਰ੍ਹਾਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਮੇਰੇ ਕੋਲੋ ਹਰ ਮਹੀਨੇ 15 ਹਜ਼ਾਰ ਰੁਪਏ ਦੀ ਮੰਗ ਕੀਤੀ ਜਾਂਦੀ ਹੈ ਅਤੇ ਜਦੋਂ ਉਸ ਨੇ ਇਹ ਰਕਮ ਦੇਣ ਤੋਂ ਇਨਕਾਰ ਕੀਤਾ ਤਾਂ ਬਿਜਲੀ ਸਪਲਾਈ ਲੰਬੇ ਸਮੇਂ 15 ਤੋ 20 ਘੰਟੇ ਲਈ ਬੰਦ ਰੱਖੀ ਜਾਣ ਲੱਗੀ।

ਉਨ੍ਹਾਂ ਕਿਹਾ ਕਿ ਮੇਰੇ ਵੱਲੋਂ ਹੁਣ ਤੱਕ ਲੱਖਾਂ ਰੁਪਏ ਤਾਂ ਦਿੱਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਬਿਜਲੀ ਨਾ ਹੋਣ ਕਾਰਨ ਫੈਕਟਰੀ ਵਿੱਚ ਰੱਖਿਆ ਕੇਲਿਆਂ ਦਾ ਸਟਾਕ ਖਰਾਬ ਹੋ ਜਾਂਦਾ ਹੈ, ਜਿਸ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ।

ਵਪਾਰੀ ਨੇ ਕਿਹਾ ਕਿ ਕਈ ਵਾਰ ਸਬੰਧਤ ਅਧਿਕਾਰੀਆਂ ਕੋਲ ਆਪਣੀ ਸਮੱਸਿਆ ਰੱਖੀ ਗਈ, ਪਰ ਕੋਈ ਹੱਲ ਨਹੀਂ ਨਿਕਲਿਆ। ਉਨ੍ਹਾਂ ਨੇ ਕਿਹਾ ਕਿ ਹੁਣ ਮਜਬੂਰਨ ਵਿਜੀਲੈਂਸ ਅਤੇ ਪੰਜਾਬ ਸਰਕਾਰ ਨੂੰ ਸ਼ਿਕਾਇਤ ਦੇ ਕੇ ਇਨਸਾਫ਼ ਦੀ ਮੰਗ ਕੀਤੀ ਹੈ ਤਾਂ ਜੋ ਪੂਰੇ ਮਾਮਲੇ ਦੀ ਜਾਂਚ ਹੋਵੇ ਤੇ ਉਸਨੂੰ ਇਨਸਾਫ ਮਿਲੇ ਤੇ ਸਬੰਧਿਤ ਅਧਿਕਾਰੀਆਂ ਤੇ ਕਾਰਵਾਈ ਹੋ ਸਕੇ।

ਦੂਜੇ ਪਾਸੇ ਜਦੋਂ ਐਸਡੀਓ ਸਨੌਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ। ਉਨ੍ਹਾਂ ਕਿਹਾ ਕਿ ਅਜਿਹੀ ਕੋਈ ਗੱਲ ਨਹੀ ਹੈ। ਅਸੀ ਕਿਸੇ ਨੂੰ ਕੋਈ ਤੰਗ ਪਰੇਸ਼ਾਨ ਨਹੀ ਕਰਦੇ। ਕਈ ਵਾਰ ਫਾਲਟ ਪੈਣ ਕਾਰਨ ਲਾਈਟ ਬੰਦ ਹੋ ਜਾਂਦੀ ਹੈ ਜਾਂ ਫਿਰ ਕਈ ਵਾਰ ਬਿਜਲੀ ਦੇ ਕਟ ਆ ਜਾਂਦੇ ਹਨ।

ਸਨੌਰ ਬਿਜਲੀ ਉਪ ਮੰਡਲ ਦੇ ਅਧਿਕਾਰੀ ਪਹਿਲਾਂ ਵੀ ਕਈ ਵਾਰ ਰਿਸ਼ਵਤ ਦੇ ਦੋਸ਼ਾਂ ਵਿਚ ਉਲਝਦੇ ਰਹੇ ਹਨ, ਹਰ ਵਾਰ ਮੈਨੋਪਲੇਸ਼ਨ ਹੋ ਜਾਂਦੀ ਹੈ, ਪਰ ਹੁਣ ਇਕ ਵਪਾਰੀ ਸਿੱਧੇ ਤੌਰ ‘ਤੇ ਸਾਹਮਣੇ ਆਇਆ ਹੈ। ਉਨ੍ਹਾਂ ਨੇ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਸਮੁੱਚੇ ਪੱਤਰਕਾਰਾਂ ਨੂੰ ਇਸਦੀ ਜਾਣਕਾਰੀ ਦਿੱਤੀ ਹੈ ਤੇ ਖੁੱਲ ਕੇ ਬੋਲਿਆ ਹੈ। ਸਾਰੇ ਸੋਸਲ ਮੀਡੀਆ ‘ਤੇ ਇਸ ਰਿਸ਼ਵਤ ਕਾਂਡ ਦਾ ਭੜਥੂ ਪਿਆ ਹੋਇਆ ਹੈ। ਇਸ ਰਿਸ਼ਵਤ ਕਾਂਡ ਦੀ ਜੇਕਰ ਸਹੀ ਜਾਂਚ ਹੋ ਜਾਵੇ ਤਾਂ ਬਿਜਲੀ ਉਪ ਮੰਡਲ ਦੇ ਨਾਲ ਨਾਲ ਕਈ ਸੀਨੀਅਰ ਅਧਿਕਾਰੀ ਵੀ ਲਪੇਟ ‘ਚ ਆ ਸਕਦੇ ਹਨ।

Read More: ਈਡੀ ਨੇ ਬਿਕਰਮ ਸਿੰਘ ਮਜੀਠੀਆ ਦੇ ਕਰੀਬੀ ਦੇ ਘਰ ਮਾਰਿਆ ਛਾਪਾ

ਵਿਦੇਸ਼

Scroll to Top