ਮੋਹਾਲੀ, 29 ਮਈ 2026: ਹਲਕਾ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਦੇ ਸਪੁੱਤਰ ਸਰਬਜੀਤ ਸਿੰਘ ਸਮਾਣਾ ਨੇ ਇੱਕ ਵਾਰ ਫਿਰ ਮੋਹਾਲੀ ਨਗਰ ਨਿਗਮ ਦੇ ਵਾਰਡ ਨੰਬਰ: 42 ਤੋਂ ਸ਼ਾਨਦਾਰ ਜਿੱਤ ਦਰਜ ਕੀਤੀ ਹੈ | ਵਾਰਡ ਵਾਸੀਆਂ ਨੇ ਉਨ੍ਹਾਂ ਨੂੰ ਲਗਾਤਾਰ ਤੀਜੀ ਵਾਰ ਜਿੱਤ ਦਾ ਫ਼ਤਵਾ ਦਿੱਤਾ ਹੈ |
ਸਰਬਜੀਤ ਸਿੰਘ ਦੀ ਸ਼ਾਨਦਾਰ ਜਿੱਤ ਤੋਂ ਬਾਅਦ ‘ਆਪ’ ਪਾਰਟੀ ਦਫ਼ਤਰ ‘ਚ ਉਨ੍ਹਾਂ ਦੇ ਸਮਰਥਕਾਂ ਅਤੇ ਇਲਾਕੇ ਦੇ ਲੋਕਾਂ ਨੇ ਢੋਲ- ਢਮੱਕੇ ਨਾਲ ਜਿੱਤ ਦਾ ਜਸ਼ਨ ਮਨਾਇਆ | ਇਸ ਮੌਕੇ ਹਲਕਾ ਵਿਧਾਇਕ ਕੁਲਵੰਤ ਸਿੰਘ ਨੇ ਉਨ੍ਹਾਂ ਨੂੰ ਜੱਫੀ ਪਾ ਕੇ ਵਧਾਈ ਦਿੱਤੀ |
ਸਰਬਜੀਤ ਸਮੇਂ ਸਮੇਂ ‘ਤੇ ਲੋਕ ਮਿਲਣੀਆਂ ਕਰਕੇ ਲੋਕਾਂ ਦੀ ਸਮੱਸਿਆਵਾਂ ਸੁਣਦੇ ਰਹੇ ਅਤੇ ਵਿਕਾਸ ਕੰਮਾਂ ‘ਚ ਸਰਗਰਮ ਰਹੇ | ਇਸਦੇ ਨਾਲ ਹੀ ਚੋਣ ਪ੍ਰਚਾਰ ਵੇਲੇ ਘਰ-ਘਰ ਜਾ ਕੇ ਸਾਫ-ਸੁਥਰੀ ਰਾਜਨੀਤੀ ਨਾਲ ਇਲਾਕੇ ਦਾ ਵਿਕਾਸ ਅਤੇ ਉਨ੍ਹਾਂ ਦੀ ਸੇਵਾ ਕਰਨ ਦਾ ਭਰੋਸਾ ਦਿੱਤਾ, ਜਿਸ ‘ਤੇ ਲੋਕਾਂ ਨੇ ਉਨ੍ਹਾਂ ਦੀ ਇਮਾਨਦਾਰ ਕਾਰਜਸ਼ੈਲੀ ‘ਤੇ ਵਿਸ਼ਵਾਸ ਕੀਤਾ ਅਤੇ ਜਿੱਤ ਝੋਲੀ ਪਾਈ |
ਸਰਬਜੀਤ ਸਿੰਘ ਨੇ ਜਿੱਤ ਤੋ ਬਾਅਦ ਲੋਕਾਂ ਦਾ ਤਹਿ-ਦਿਲੋਂ ਧੰਨਵਾਦ ਕੀਤਾ ਤੇ ਕਿਹਾ ਕਿ ਇਹ ਜਿੱਤ ਸਮੂਹ ਇਲਾਕਾ ਨਿਵਾਸੀਆਂ ਦੀ ਹੈ, ਜਿਹੜਾ ਭਰੋਸਾ ਲੋਕਾਂ ਨੇ ਉਨ੍ਹਾਂ ‘ਤੇ ਕੀਤਾ ਹੈ, ਉਹ ਉਸ ‘ਤੇ ਖ਼ਰਾ ਉਤਰਨਗੇ | ਸਰਬਜੀਤ ਸਿੰਘ ਨੇ ਕਿਹਾ ਕਿ ਉਹ ਇਲਾਕੇ ਦੀ ਨੁਹਾਰ ਬਦਲਣ ‘ਚ ਕੋਈ ਕਸਰ ਬਾਕੀ ਨਹੀਂ ਛੱਡਣਗੇ | ਇਲਾਕੇ ਦੇ ਵਿਕਾਸ ਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਦਿਨ-ਰਾਤ ਮਿਹਨਤ ਕਰਨਗੇ |
ਇਸਤੋਂ ਇਲਾਵਾ ਸਰਬਜੀਤ ਸਿੰਘ ਸਮਾਣਾ ਨੇ ਵਾਰਡ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ, “ਮੈਂ ਅੱਜ ਇਸ ਸ਼ਾਨਦਾਰ ਜਿੱਤ ਲਈ ਵਾਰਡ ਨੰ. 42 ਦੇ ਸਮੂਹ ਵਾਸੀਆਂ ਅਤੇ ਹਰ ਉਸ ਵਿਅਕਤੀ ਨੂੰ ਵਧਾਈ ਦਿੰਦਾ ਹਾਂ ਅਤੇ ਸਭ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਇਸ ਚੋਣ ‘ਚ ਮੈਨੂੰ ਆਪਣਾ ਸਹਿਯੋਗ ਦਿੱਤਾ। ਇਹ ਮੇਰੇ ਇਕੱਲੇ ਦੀ ਜਿੱਤ ਨਹੀਂ ਸਗੋਂ ਇਹ ਤੁਹਾਡੀ ਸਾਰਿਆਂ ਦੀ ਜਿੱਤ ਹੈ, ਅਸੀਂ ਇਕੱਠੇ ਹੋ ਕੇ ਅੱਗੇ ਵੀ ਵਾਰਡ ਦੇ ਸਰਬਪੱਖੀ ਵਿਕਾਸ ਲਈ ਕੰਮ ਕਰਦੇ ਰਹਾਂਗੇ।”
Read More: ਸਥਾਨਕ ਸੰਸਥਾਵਾਂ ਚੋਣਾਂ ‘ਚ ‘ਆਪ’ 700 ਪਾਰ, ਕਾਂਗਰਸ, ਭਾਜਪਾ ਤੇ ਅਕਾਲੀ ਦਲ ‘ਤੇ ਭਾਰੀ ਪਏ ਆਜ਼ਾਦ ਉਮੀਦਵਾਰ




