ਮੰਡੀ, 18 ਨਵੰਬਰ 2026: Mandi Road accident: ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ‘ਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਲਾਡਭੜੋਲ ਤਹਿਸੀਲ ‘ਚ ਇੱਕ ਕਾਰ ਬੇਕਾਬੂ ਹੋ ਕੇ ਡੂੰਘੀ ਖੱਡ ‘ਚ ਡਿੱਗ ਗਈ। ਇਸ ਦਰਦਨਾਕ ਹਾਦਸੇ ‘ਚ ਚਾਰ ਨਾਬਾਲਗਾਂ ਸਮੇਤ ਛੇ ਨੌਜਵਾਨਾਂ ਦੀ ਮੌਤ ਹੋ ਗਈ। ਇਹ ਹਾਦਸਾ ਦੇਰ ਰਾਤ ਉਸ ਸਮੇਂ ਵਾਪਰਿਆ ਜਦੋਂ ਨੌਜਵਾਨ ਗੁਆਂਢ ‘ਚ ਜਨਮਦਿਨ ਮਨਾਉਣ ਤੋਂ ਬਾਅਦ ਘਰ ਵਾਪਸ ਆ ਰਹੇ ਸਨ। ਜਦੋਂ ਉਹ ਸਵੇਰ ਤੱਕ ਘਰ ਨਹੀਂ ਪਰਤੇ ਤਾਂ ਚਿੰਤਤ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਸਥਾਨਕ ਪੁਲਿਸ ਦੀ ਮੱਦਦ ਲਈ।
ਇਸ ਦੌਰਾਨ, ਸਵੇਰੇ, ਇੱਕ ਸਾਈਕਲ ਸਵਾਰ ਨੌਜਵਾਨ ਨੇ ਖੱਡ ‘ਚ ਹਾਦਸਾਗ੍ਰਸਤ ਕਾਰ ਦੇਖੀ। ਉਸਨੇ ਤੁਰੰਤ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਸਥਾਨਕ ਨਾਇਬ ਤਹਿਸੀਲਦਾਰ, ਐਸਡੀਆਰਐਫ ਟੀਮ ਅਤੇ ਪੁਲਿਸ ਸਟੇਸ਼ਨ ਇੰਚਾਰਜ ਰਣਜੀਤ ਕਪੂਰ ਆਪਣੀ ਟੀਮ ਦੇ ਨਾਲ ਮੌਕੇ ‘ਤੇ ਪਹੁੰਚੇ ਅਤੇ ਤੁਰੰਤ ਬਚਾਅ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਇਸ ਦਿਲ ਦਹਿਲਾ ਦੇਣ ਵਾਲੀ ਘਟਨਾ ਨੇ ਪੂਰੇ ਇਲਾਕੇ ‘ਚ ਸੋਗ ਦੀ ਲਹਿਰ ਫੈਲਾ ਦਿੱਤੀ ਹੈ।
ਤਹਿਸੀਲਦਾਰ ਡਾ. ਮੁਕੁਲ ਅਨਿਲ ਸ਼ਰਮਾ ਨੇ ਹਾਦਸੇ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 25,000 ਰੁਪਏ ਪ੍ਰਤੀ ਪਰਿਵਾਰ ਦੀ ਤੁਰੰਤ ਰਾਹਤ ਪ੍ਰਦਾਨ ਕੀਤੀ ਹੈ। ਡੀਐਸਪੀ ਪਧਰ ਲੋਕੇਂਦਰ ਨੇਗੀ ਨੇ ਜਾਣਕਾਰੀ ਦਿੱਤੀ ਕਿ ਪੁਲਿਸ ਨੇ ਇਸ ਸਬੰਧ ‘ਚ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਹਾਦਸੇ ਦੇ ਕਾਰਨਾਂ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਇਸ ਦੌਰਾਨ, ਸੜਕ ਹਾਦਸੇ ‘ਚ ਛੇ ਨੌਜਵਾਨਾਂ ਦੀ ਮੌਤ ਦੇ ਕਾਰਨ ਵਿਧਾਨ ਸਭਾ ਨੂੰ ਵੀਰਵਾਰ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ।
Read More: ਸ਼ਿਮਲਾ ਜ਼ਿਲ੍ਹੇ ‘ਚ ਦਰਦਨਾਕ ਬੱਸ ਹਾਦਸਾ, ਖੱਡ ‘ਚ ਡਿੱਗੀ HRTC ਦੀ ਬੱਸ




