ਹਰਿਆਣਾ, 12 ਸਤੰਬਰ 2026: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਆਮ ਲੋਕਾਂ ਲਈ ਬਿਹਤਰ ਆਵਾਜਾਈ ਯਕੀਨੀ ਬਣਾਉਣ ਲਈ ਇੱਕ ਲੱਖ ਤੋਂ ਵੱਧ ਆਬਾਦੀ ਵਾਲੇ ਸ਼ਹਿਰਾਂ ਅਤੇ ਕਸਬਿਆਂ ਤੋਂ ਬਾਹਰ ਰਿੰਗ ਰੋਡ ਅਤੇ ਨੈਸ਼ਨਲ ਹਾਈਵੇ ਬਣਾਉਣ ਦੇ ਕਾਰਜ ਨੂੰ ਮਨਜ਼ੂਰੀ ਪ੍ਰਦਾਨ ਕੀਤੀ ਗਈ ਹੈ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸਕੱਤਰੇਤ ‘ਚ ਰਾਸ਼ਟਰੀ ਰਾਜਮਾਰਗ ਤੋਂ ਸ਼ਹਿਰੀ ਖੇਤਰ ‘ਚ ਭੀੜ-ਭੜੱਕਾ ਘਟਾਉਣ ਲਈ ਮਾਸਟਰ ਪਲਾਨ ਦੇ ਤਹਿਤ ਐਡੌਪਸ਼ਨ ਆਫ ਫਾਈਨੈਂਸ਼ੀਅਲ ਮਾਡਲ ਫਾਰ ਸਟੇਟ ਕੰਟਰੀਬਿਊਸ਼ਨ ਨੂੰ ਲੈ ਕੇ ਕਰਵਾਈ ਬੈਠਕ ਦੀ ਪ੍ਰਧਾਨਗੀ ਕਰ ਰਹੇ ਸਨ। ਬੈਠਕ ‘ਚ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਰਣਬੀਰ ਗੰਗਵਾ, ਮੁੱਖ ਸਕੱਤਰ ਅਨੁਰਾਗ ਰਸਤੋਗੀ ਸਮੇਤ ਕਈ ਸੀਨੀਅਰ ਅਧਿਕਾਰੀ ਮੌਜੂਦ ਸਨ।
ਮੁੱਖ ਮੰਤਰੀ ਨੇ ਕਿਹਾ ਕਿ ਮਾਸਟਰ ਪਲਾਨ ਦੇ ਤਹਿਤ ਬਾਹਰੀ ਰਿੰਗ ਰੋਡ ਅਤੇ ਨੈਸ਼ਨਲ ਹਾਈਵੇ ਬਣਾਉਣ ਲਈ ਕੇਂਦਰ ਸਰਕਾਰ ਅਨੁਸਾਰ ਪਾਲਸੀ ਤਿਆਰ ਕੀਤੀ ਜਾਵੇ, ਤਾਂ ਜੋ ਸ਼ਹਿਰਾਂ ਅਤੇ ਕਸਬਿਆਂ ਵਿੱਚ ਟ੍ਰੈਫਿਕ ਦਾ ਦਬਾਅ ਘਟਾਉਣ ਲਈ ਬਣਾਈਆਂ ਜਾਣ ਵਾਲੀਆਂ ਸੜਕਾਂ ਨੂੰ ਅਮਲੀ ਜਾਮਾ ਪਹਿਨਾਇਆ ਜਾ ਸਕੇ।
ਬੈਠਕ ਦੌਰਾਨ ਕੇਂਦਰ ਸਰਕਾਰ ਦੇ ਲਾਗਤ ਸ਼ੇਅਰ ਲਈ ਵਿੱਤ ਵਿਭਾਗ, ਲੋਕ ਨਿਰਮਾਣ ਵਿਭਾਗ ਅਤੇ ਸ਼ਹਿਰੀ ਸਥਾਨਕ ਸਰਕਾਰ ਵਿਭਾਗ ਦੇ ਅਧਿਕਾਰੀਆਂ ਦੀ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ।
ਮੁੱਖ ਮੰਤਰੀ ਨੇ ਮੀਟਿੰਗ ‘ਚ ਹਿਸਾਰ ਬਾਈਪਾਸ, ਕੁਰੂਕਸ਼ੇਤਰ ਬਾਈਪਾਸ, ਨਾਰਨੌਲ ਸਿਟੀ ਬਾਈਪਾਸ, ਜੀਂਦ ਬਾਈਪਾਸ ਅਤੇ ਸੋਹਨਾ ਪਲਵਲ ਬਾਈਪਾਸ ਨਿਰਮਾਣ ਕਾਰਜ ਨੂੰ ਮਨਜ਼ੂਰੀ ਪ੍ਰਦਾਨ ਕੀਤੀ। ਹਿਸਾਰ ਬਾਈਪਾਸ, ਹਿਸਾਰ-ਰਾਜਗੜ੍ਹ ਰੋਡ ਐਨ.ਐਚ. 52 ਤੋਂ ਹਿਸਾਰ ਦਿੱਲੀ ਰੋਡ ਅਤੇ ਹਿਸਾਰ ਕੈਥਲ ਰੋਡ ਨੂੰ ਜੋੜਨ ਦਾ ਕਾਰਜ ਕਰੇਗਾ। ਇਸੇ ਤਰ੍ਹਾਂ ਕੁਰੂਕਸ਼ੇਤਰ ਲਾਡਵਾ ਬਾਈਪਾਸ ਦੀ ਵੀ ਡੀ.ਪੀ.ਆਰ. ਤਿਆਰ ਕਰ ਲਈ ਗਈ ਹੈ। ਜਲਦੀ ਹੀ ਇਸ ਪ੍ਰੋਜੈਕਟ ਉੱਤੇ ਵੀ ਕਾਰਜ ਸ਼ਰੂ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਨਾਰਨੌਲ ਸਿਟੀ ਬਾਈਪਾਸ ਦਾ ਵੀ ਨਿਰਮਾਣ ਕੀਤਾ ਜਾਵੇਗਾ। ਲਗਭਗ 11 ਕਿਲੋਮੀਟਰ ਲੰਬੇ ਇਸ ਬਾਈਪਾਸ ਨੂੰ ਸਟੇਟ ਹਾਈਵੇ ਐਨ.ਐਚ. 148ਬੀ ਨਾਲ ਜੋੜਿਆ ਜਾਵੇਗਾ। ਇਸ ਤੋਂ ਇਲਾਵਾ ਜੀਂਦ ਦੇ ਦੂਜੇ ਪਾਸੇ ਬਾਹਰੀ ਰਿੰਗ ਰੋਡ ਅਤੇ ਬਾਈਪਾਸ ਐਨ.ਐਚ. 352 ਚਾਰ ਮਾਰਗੀ ਸੜਕ ਦਾ ਨਿਰਮਾਣ ਕੀਤਾ ਜਾਵੇਗਾ। ਐਨ.ਐਚ. 919 ਤੋਂ ਪਲਵਲ ਸੋਹਨਾ ਬਾਈਪਾਸ ਨੂੰ ਵੀ ਮੁੜ ਨਿਰਮਾਣ ਅਤੇ ਰੀ-ਡਿਜ਼ਾਈਨ ਕਰਕੇ ਨਿਰਮਾਣ ਕੀਤਾ ਜਾਵੇਗਾ। ਇਹ ਚਾਰ ਮਾਰਗੀ ਸੜਕ ਮਾਰਗ ਲਗਭਗ 24 ਕਿਲੋਮੀਟਰ ਲੰਬਾਈ ਦਾ ਹੋਵੇਗਾ। ਇਨ੍ਹਾਂ ਪ੍ਰੋਜੈਕਟਾਂ ਉੱਤੇ ਲਗਭਗ 9700 ਕਰੋੜ ਰੁਪਏ ਦੀ ਲਾਗਤ ਆਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਡੀ.ਐਨ.ਡੀ.-ਫਰੀਦਾਬਾਦ-ਬੱਲਭਗੜ੍ਹ ਬਾਈਪਾਸ ਕੇ.ਐਮ.ਪੀ. ਲਿੰਕ ਤੋਂ ਦਿੱਲੀ ਮੁੰਬਈ ਐਕਸਪ੍ਰੈੱਸ ਵੇਅ ਗ੍ਰੀਨਫੀਲਡ ਕਨੈਕਟੀਵਿਟੀ ਜੇਵਰ ਇੰਟਰਨੈਸ਼ਨਲ ਏਅਰਪੋਰਟ ਨਾਲ ਜੋੜਨ ਲਈ ਵੀ ਤਿਆਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕਰਨਾਲ ਰਿੰਗ ਰੋਡ ਲਈ ਵੀ ਜ਼ਮੀਨ ਸ਼ੇਅਰ ਜਮ੍ਹਾਂ ਕਰਵਾ ਦਿੱਤਾ ਗਿਆ ਹੈ। ਅੰਬਾਲਾ ਸ਼ਹਿਰ ਅਤੇ ਅੰਬਾਲਾ ਕੈਂਟ ਨੂੰ ਜੋੜਨ ਲਈ ਰਿੰਗ ਰੋਡ ਦਾ ਕਾਰਜ ਵੀ ਨਿਰਮਾਣਾਧੀਨ ਹੈ। ਇਸ ਨੂੰ ਜਲਦੀ ਹੀ ਪੂਰਾ ਕਰ ਲਿਆ ਜਾਵੇਗਾ।
ਇਸ ਤੋਂ ਇਲਾਵਾ ਬੈਠਕ ‘ਚ ਰੇਵਾੜੀ ਭਟਿੰਡਾ ਰੇਲਵੇ ਲਾਈਨ ਉੱਤੇ ਸਿਰਸਾ ‘ਚ ਸਿਵਲ ਸਟੇਸ਼ਨ ਰੋਡ ਉੱਤੇ ਰੇਲਵੇ ਅੰਡਰ ਬ੍ਰਿਜ ਨਿਰਮਾਣ ਅਤੇ ਕਨੀਨਾ ਮਹਿੰਦਰਗੜ੍ਹ ਰੋਡ ਤੋਂ ਅਨਾਵਾਸ, ਢਾਣੀ ਰਾਜਾਵਾਸ ਸਕੂਲ ਤੋਂ ਬਲਾਣਾ, ਖਾਤੋਦ ਤੋਂ ਬੁਡੀਨ, ਨਿੰਭੇੜਾ ਅਤੇ ਬਲੈਚਾ ਲਈ ਲਿੰਕ ਰੋਡ, ਮਹਿੰਦਰਗੜ੍ਹ ਬੁਚੌਲੀ ਰੋਡ, ਨਾਂਗਵਾਸ ਤੋਂ ਅਟੇਲੀ ਸੜਕ ਦੇ ਵਾਧੂ ਕਾਰਜ ਨੂੰ ਵੀ ਮਨਜ਼ੂਰੀ ਪ੍ਰਦਾਨ ਕੀਤੀ।
Read More: ਹਰਿਆਣਾ ਸਰਕਾਰ ਨੇ ਸੂਬੇ ‘ਚ ਪਲਾਟ ਧਾਰਕਾਂ ਨੂੰ ਦਿੱਤੀ ਇੱਕ ਹੋਰ ਵੱਡੀ ਰਾਹਤ




