Site icon TheUnmute.com

ਰਾਜਾ ਵੜਿੰਗ ਨੇ ਸਿੱਧੂ ਮੂਸੇਵਾਲਾ ਕਤਲਕਾਂਡ ਦੀ ਜਾਂਚ ਸੰਬੰਧੀ ਪੰਜਾਬ ਸਰਕਾਰ ‘ਤੇ ਚੁੱਕੇ ਸਵਾਲ

Raja Warring

ਚੰਡੀਗੜ੍ਹ 14 ਜੂਨ 2022: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (Raja Warring) ਨੇ ਸੂਬਾ ਸਰਕਾਰ ਨੂੰ ਇਕ ਵਾਰ ਫਿਰ ਘੇਰਿਆ | ਉਨ੍ਹਾਂ ਖਦਸ਼ਾ ਜਤਾਇਆ ਹੈ ਕਿ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲਕਾਂਡ (Sidhu Moosewala massacre) ਦੀ ਜਾਂਚ ਲਟਕਾਈ ਤੇ ਭਟਕਾਈ ਜਾ ਰਹੀ ਹੈ, ਜਿਸ ‘ਤੇ ਉਨ੍ਹਾਂ ਨੇ ਸੂਬਾ ਸਰਕਾਰ ਅਤੇ ਪੰਜਾਬ ਪੁਲਿਸ ਨੂੰ ਮਾਮਲੇ ਦੀ ਸਟੇਟਸ ਰਿਪੋਰਟ ਦੇਣ ਲਈ ਕਿਹਾ ਹੈ।

ਰਾਜਾ ਵੜਿੰਗ ਨੇ ਆਪਣੇ ਬਿਆਨ ‘ਚ ਕਿਹਾ ਕਿ ਜਾਂਚ ਮੱਠੀ ਰਫ਼ਤਾਰ ਨਾਲ ਵੀ ਨਹੀਂ ਚੱਲ ਰਹੀ ਅਤੇ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਪੰਜਾਬ ਪੁਲਿਸ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ ਅਤੇ ਉਹ ਦੂਜੇ ਸੂਬਿਆਂ ਦੀ ਪੁਲਿਸ ‘ਤੇ ਨਿਰਭਰ ਹੈ।ਜਿਸਦੇ ਚੱਲਦੇ ਉਨ੍ਹਾਂ ਵਲੋਂ ਕੇਂਦਰੀ ਏਜੰਸੀ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਉਚਿਤ ਹੋਵੇਗਾ ਕਿ ਜਾਂਚ ਕਿਸੇ ਕੇਂਦਰੀ ਏਜੰਸੀ ਨੂੰ ਸੌਂਪੀ ਦਿੱਤੀ ਜਾਵੇ । ਉਨ੍ਹਾਂ ਨੇ ਕਿਹਾ ਕਿ ਮੂਸੇਵਾਲਾ ਦੇ ਬੇਰਹਿਮੀ ਨਾਲ ਕਤਲ ਨੂੰ 16 ਦਿਨ ਬੀਤ ਚੁੱਕੇ ਹਨ ਅਤੇ ਪੁਲਿਸ ਦੀ ਸਥਿਤੀ ਅਜੇ ਵੀ 29 ਮਈ ਦੀ ਤਰ੍ਹਾਂ ਹੈ। ਹੁਣ ਤੱਕ ਦੀ ਜਾਂਚ ‘ਚ ਕੁਝ ਵੀ ਸਾਹਮਣੇ ਨਹੀਂ ਆਇਆ ਹੈ।

ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਹਾਲੇ ਤੱਕ ਜਾਂਚ ਦੀ ਪ੍ਰਗਤੀ ਬਾਰੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ। ਅਸੀਂ ਹੁਣ ਤੱਕ ਸੁਣਦੇ ਆ ਰਹੇ ਹਾਂ ਕਿ ਪੁਣੇ ‘ਚ ਕਿਸੇ ਦੀ ਪਛਾਣ ਕੀਤੀ ਤੇ ਗੁਜਰਾਤ ‘ਚ ਗ੍ਰਿਫਤਾਰ ਕੀਤਾ ਗਿਆ ਹੈ, ਜੋ ਪੰਜਾਬ ਪੁਲਸ ਨੇ ਨਹੀਂ, ਮਹਾਰਾਸ਼ਟਰ ਪੁਲਸ ਨੇ ਕੀਤਾ ਸੀ। ਅਜਿਹਾ ਪ੍ਰਤੀਤ ਹੁੰਦਾ ਹੈ ਕਿ ਇਹ ਸਭ ਜਾਂਚ ਨੂੰ ਮੋੜਨ ਅਤੇ ਦੇਰੀ ਕਰਨ ਲਈ ਕੀਤਾ ਜਾ ਰਿਹਾ ਹੈ।

ਨਿਊਜ਼ 18 ਦੇ ਮੁਤਾਬਕ ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦੇ ਜਾਂਚ ਵਿਚ ਕਿਸੇ ਵੀ ਠੋਸ ਨਤੀਜੇ ‘ਤੇ ਪਹੁੰਚਣ ਲਈ 16 ਦਿਨ ਕਾਫੀ ਸਮਾਂ ਹੈ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਉਨ੍ਹਾਂ ਨੇ ਕੁਝ ਲੋਕਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤਾਂ ਉਹ ਅਸਲ ਦੋਸ਼ੀਆਂ ਤੱਕ ਕਿਉਂ ਨਹੀਂ ਪਹੁੰਚ ਸਕੇ ਜਾਂ ਫਿਰ ਪੰਜਾਬ ਪੁਲਿਸ ਚਾਹੁੰਦੀ ਹੈ ਕਿ ਅਸੀਂ ਸਿਰਫ਼ ਸੋਸ਼ਲ ਮੀਡੀਆ ‘ਤੇ ਕੀਤੇ ਜਾ ਰਹੇ ਦਾਅਵਿਆਂ ‘ਤੇ ਯਕੀਨ ਕਰੀਏ।

ਰਾਜਾ ਵੜਿੰਗ (Raja Warring) ਨੇ ਚੇਤਾਵਨੀ ਦਿੱਤੀ ਕਿ ਜਿੰਨੀ ਦੇਰ ਜਾਂਚ ਵਿੱਚ ਦੇਰੀ ਹੋਵੇਗੀ, ਅਸਲ ਦੋਸ਼ੀਆਂ ਨੂੰ ਬਚਣ ਦਾ ਓਨਾ ਹੀ ਮੌਕਾ ਮਿਲੇਗਾ। ਉਨ੍ਹਾਂ ਕਿਹਾ ਕਿ ਇਸ ਕਤਲ ਨੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਤੇ ਹਰ ਪਾਸੇ ਡਰ ਦਾ ਮਾਹੌਲ ਹੈ। ਜੇਕਰ ਪੰਜਾਬ ਪੁਲਿਸ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ‘ਚ ਨਹੀਂ ਲਿਆ ਸਕੀ, ਤਾਂ ਇਸ ਨਾਲ ਨਾ ਸਿਰਫ਼ ਗਲਤ ਸੰਦੇਸ਼ ਜਾਵੇਗਾ, ਸਗੋਂ ਇਸ ਨਾਲ ਅਪਰਾਧੀਆਂ ਦਾ ਮਨੋਬਲ ਵੀ ਵਧੇਗਾ।

Exit mobile version