ਚੰਡੀਗੜ੍ਹ, 13 ਨਵੰਬਰ 2026: ਪੰਜਾਬ ਦੇ ਉਦਯੋਗ ਅਤੇ ਵਣਜ ਤੇ ਨਿਵੇਸ਼ ਪ੍ਰੋਤਸਾਹਨ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਜਾਪਾਨੀ ਪੈਕੇਜਿੰਗ ਕੰਪਨੀ ‘ਟੌਪਨ ਸਪੈਸ਼ਲਿਟੀ ਫਿਲਮਜ਼ ਪ੍ਰਾਈਵੇਟ ਲਿਮਟਿਡ’ (ਟੀਐਸਐਫ) ਨੇ ਆਪਣੇ ਪਲਾਂਟ ਦੇ ਵਿਆਪਕ ਵਿਸਤਾਰ ਦਾ ਐਲਾਨ ਕੀਤਾ ਹੈ। ਮੰਤਰੀ ਮੁਤਾਬਕ, ਜਾਪਾਨ ਦੀ ‘ਟੌਪਨ ਹੋਲਡਿੰਗਜ਼ ਇੰਕ.’ ਦੀ ਸਹਾਇਕ ਕੰਪਨੀ, ‘ਟੌਪਨ ਸਪੈਸ਼ਲਿਟੀ ਫਿਲਮਜ਼’ ਵੱਲੋਂ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਪਿੰਡ ਰੈਲ ਮਾਜਰਾ ਵਿਖੇ ਸਥਿਤ ਆਪਣੀ ਨਿਰਮਾਣ ਇਕਾਈ ਦਾ 244 ਕਰੋੜ ਰੁਪਏ ਦੇ ਨਿਵੇਸ਼ ਨਾਲ ਵਿਸਤਾਰ ਕੀਤਾ ਜਾ ਰਿਹਾ ਹੈ।
ਉਦਯੋਗ ਮੰਤਰੀ ਨੇ ਇਹ ਐਲਾਨ ਅੱਜ ਪੰਜਾਬ ਭਵਨ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਹੈ। ਇਸ ਮੌਕੇ ਮੰਤਰੀ ਦੇ ਨਾਲ ‘ਟੌਪਨ ਸਪੈਸ਼ਲਿਟੀ ਫਿਲਮਜ਼’ ਦੇ ਮੁੱਖ ਵਿੱਤੀ ਅਧਿਕਾਰੀ (ਸੀਐਫਓ) ਅਤੇ ਹੋਲ-ਟਾਈਮ ਡਾਇਰੈਕਟਰ ਅਮਿਤ ਜੈਨ ਵੀ ਮੌਜੂਦ ਸਨ। ਇਸ ਮੌਕੇ ਉਦਯੋਗ ਵਿਭਾਗ ਦੇ ਪ੍ਰਬੰਧਕੀ ਸਕੱਤਰ ਡਾ. ਬਸੰਤ ਗਰਗ, ਡਾਇਰੈਕਟਰ ਜਸਪ੍ਰੀਤ ਸਿੰਘ ਅਤੇ ਇਨਵੈਸਟ ਪੰਜਾਬ ਦੇ ਐਡੀਸ਼ਨਲ ਸੀ.ਈ.ਓ. ਸੇਨੂ ਦੁੱਗਲ ਵੀ ਮੌਜੂਦ ਸਨ।
ਅਮਨ ਅਰੋੜਾ ਮੁਤਾਬਕ, ਮਾਰਚ 2022 ਤੋਂ ਲੈ ਕੇ ਹੁਣ ਤੱਕ ਸੂਬੇ ਨੂੰ 10,673 ‘ਕਾਮਨ ਐਪਲੀਕੇਸ਼ਨ ਫਾਰਮਾਂ’ ਰਾਹੀਂ ਤਕਰੀਬਨ 2 ਲੱਖ ਕਰੋੜ ਰੁਪਏ ਦੇ ਨਿਵੇਸ਼ ਪ੍ਰਸਤਾਵ ਪ੍ਰਾਪਤ ਹੋਏ ਹਨ, ਇਨ੍ਹਾਂ ‘ਚ 6.63 ਲੱਖ ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਦੇਣ ਦੀ ਸਮਰੱਥਾ ਹੈ। ਉਨ੍ਹਾਂ ਨੇ ਦੱਸਿਆ ਕਿ ਅਪ੍ਰੈਲ ਤੋਂ ਅਕਤੂਬਰ, 2026 ਤੱਕ ਸੂਬੇ ਨੂੰ 1846 ਕਾਮਨ ਐਪਲੀਕੇਸ਼ਨ ਫਾਰਮਾਂ ਰਾਹੀਂ 35966 ਕਰੋੜ ਰੁਪਏ ਦੇ ਨਿਵੇਸ਼ ਪ੍ਰਸਤਾਵ ਪ੍ਰਾਪਤ ਹੋਏ ਹਨ।
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਰੈਲ ਮਾਜਰਾ ਵਿਖੇ ਕੀਤੇ ਜਾਣ ਵਾਲੇ ਇਸ ਵਿਸਤਾਰ ਤਹਿਤ ਇੱਕ ਨਵੀਂ ਥਰਮਲ ਲੈਮੀਨੇਸ਼ਨ ਲਾਈਨ, ਇੱਕ ਨਵੀਂ ਕੋਟਿੰਗ ਲਾਈਨ ਅਤੇ ਦੋ ਨਵੇਂ ਮੈਟਾਲਾਈਜ਼ਰ ਲਾਏ ਜਾਣਗੇ, ਜਿਸ ਨਾਲ ਪਲਾਂਟ ਦੀ ਸਾਲਾਨਾ ਸਮਰੱਥਾ ‘ਚ 19,700 ਟਨ ਦਾ ਵਾਧਾ ਹੋਵੇਗਾ। ਇਸ ਅਪਗ੍ਰੇਡ ਨਾਲ 127 ਨਵੀਆਂ ਨੌਕਰੀਆਂ ਪੈਦਾ ਹੋਣਗੀਆਂ, ਜਿਨ੍ਹਾਂ ‘ਚੋਂ 22 ਨੌਕਰੀਆਂ ਔਰਤਾਂ ਲਈ ਹੋਣਗੀਆਂ।
ਅਮਨ ਅਰੋੜਾ ਨੇ ਦੱਸਿਆ ਕਿ ਕੰਪਨੀ ਦੋ ਬਾਇਓਮਾਸ-ਆਧਾਰਿਤ ਹੀਟਰ ਵੀ ਲਾਵੇਗੀ। ਇਹ ਹੀਟਰ ਫਰਨੇਸ ਆਇਲ ਦੀ ਥਾਂ ‘ਤੇ ਹਰ ਮਹੀਨੇ ਲਗਭਗ ਝੋਨੇ ਦੀ 900 ਟਨ ਪਰਾਲੀ ਦੀ ਵਰਤੋਂ ਕਰਨਗੇ ਅਤੇ ਇਸ ਪ੍ਰਕਿਰਿਆ ਤੋਂ ਪੈਦਾ ਹੋਣ ਵਾਲੀ ਸੁਆਹ ਨੂੰ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣ ਵਾਲੀ ਸਮੱਗਰੀ ਵਜੋਂ ਸਥਾਨਕ ਕਿਸਾਨਾਂ ਨੂੰ ਮੁਹੱਈਆ ਕਰਵਾਇਆ ਜਾਵੇਗਾ।
ਅਮਨ ਅਰੋੜਾ ਨੇ ਦਸੰਬਰ, 2025 ‘ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜਾਪਾਨ ਦੌਰੇ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਟੋਪਨ ਦੀ ਸੀਨੀਅਰ ਲੀਡਰਸ਼ਿਪ ਨਾਲ ਹੋਈ ਗੱਲਬਾਤ ਦੌਰਾਨ ਕੰਪਨੀ ਨੇ ਪੰਜਾਬ ‘ਚ ਆਪਣੇ ਪਲਾਂਟ ਦਾ ਵਿਸਤਾਰ ਕਰਨ ਦੀ ਇੱਛਾ ਪ੍ਰਗਟਾਈ ਸੀ। ਇਸ ਤੋਂ ਇਲਾਵਾ ਉਦਯੋਗ-ਅਧਾਰਿਤ ਸਿਖਲਾਈ ਅਤੇ ਅਪ੍ਰੈਂਟਿਸਸ਼ਿਪ ਲਈ ਇੱਕ ਸਕਿਲਿੰਗ ਐਕਸੀਲੈਂਸ ਸੈਂਟਰ ਸਥਾਪਤ ਕਰਨ ਵਾਸਤੇ ਇਨਵੈਸਟ ਪੰਜਾਬ ਨਾਲ ਸਮਝੌਤਾ ਵੀ ਸਹੀਬੱਧ ਕੀਤਾ ਸੀ।
ਮੰਤਰੀ ਅਮਨ ਅਰੋੜਾ ਨੇ ਕਿਹਾ, “ਇਹ ਮੌਜੂਦਾ ਵਿਸਤਾਰ ਕੰਪਨੀ ਦੁਆਰਾ ਉਸ ਵਚਨਬੱਧਤਾ ਨੂੰ ਪੂਰਾ ਕਰਨ ਵੱਲ ਇੱਕ ਕਦਮ ਹੈ।” ਉਨ੍ਹਾਂ ਕਿਹਾ ਕਿ ‘ਟੋਪਨ’ ਵਰਗੀਆਂ ਆਲਮੀ ਕੰਪਨੀਆਂ ਦਾ ਲਗਾਤਾਰ ਵਿਸਤਾਰ ਪੰਜਾਬ ਦੇ ਨਿਰਮਾਣ ਈਕੋਸਿਸਟਮ ਨੂੰ ਮਜ਼ਬੂਤ ਕਰਦਾ ਹੈ, ਸੂਬੇ ‘ਚ ਉੱਨਤ ਤਕਨਾਲੋਜੀ ਲਿਆਉਂਦਾ ਹੈ ਅਤੇ ਇੱਥੋਂ ਦੇ ਨੌਜਵਾਨਾਂ ਲਈ ਹੁਨਰਮੰਦ ਰੁਜ਼ਗਾਰ ਦੇ ਮੌਕੇ ਪੈਦਾ ਕਰਦਾ ਹੈ।
ਅਮਨ ਅਰੋੜਾ ਨੇ ਦੁਨੀਆਂ ਭਰ ਦੇ ਨਿਵੇਸ਼ਕਾਂ ਨੂੰ ਪੰਜਾਬ ‘ਚ ਨਿਵੇਸ਼ ਲਈ ਸੱਦਾ ਦਿੰਦੇ ਹੋਏ, ਉਦਯੋਗਿਕ ਅਤੇ ਵਪਾਰਕ ਵਿਕਾਸ ਨੀਤੀ-2026 ਅਤੇ ‘ਇਨਵੈਸਟ ਪੰਜਾਬ’ ਦੇ ‘ਸਿੰਗਲ-ਵਿੰਡੋ ਸਿਸਟਮ’ ਰਾਹੀਂ ਨਿਵੇਸ਼ਕਾਂ ਦੀ ਸਹੂਲਤ ਪ੍ਰਤੀ ਪੰਜਾਬ ਸਰਕਾਰ ਦੀ ਵਚਨਬੱਧਤਾ ਦੁਹਰਾਈ। ਉਨ੍ਹਾਂ ਦੱਸਿਆ ਕਿ 20 ਵਿਭਾਗਾਂ ‘ਚ 300 ਤੋਂ ਵੱਧ ਪ੍ਰਵਾਨਗੀਆਂ ਹੁਣ ਆਨਲਾਈਨ ਪ੍ਰਦਾਨ ਕੀਤੀਆਂ ਜਾਂਦੀਆਂ ਹਨ, ਜੋ ਨਿਵੇਸ਼ਕਾਂ ਲਈ ਤੇਜ਼, ਪਾਰਦਰਸ਼ੀ ਅਤੇ ਨਿਰਵਿਘਨ ਪ੍ਰਵਾਨਗੀਆਂ ਨੂੰ ਯਕੀਨੀ ਬਣਾਉਂਦੀਆਂ ਹਨ।
ਪੰਜਾਬ ਸਰਕਾਰ ਦੇ ਸਮਰਥਨ ਅਤੇ ਨਿਵੇਸ਼ਕ-ਪੱਖੀ ਮਾਹੌਲ ਲਈ ਧੰਨਵਾਦ ਕਰਦਿਆਂ, ਅਮਿਤ ਜੈਨ ਨੇ ਮੀਡੀਆ ਨੂੰ ਪੰਜਾਬ ‘ਚ ਕੰਪਨੀ ਦੇ ਕਾਰਜਾਂ ਅਤੇ ਵਿਸਥਾਰ ਦੇ ਤਕਨੀਕੀ ਵੇਰਵਿਆਂ ਬਾਰੇ ਜਾਣਕਾਰੀ ਦਿੱਤੀ। ਜੈਨ ਨੇ ਕਿਹਾ ਕਿ ਟੋਪਨ ਪੰਜਾਬ ਦੇ ਨੌਜਵਾਨਾਂ ‘ਚ ਵੀ ਨਿਵੇਸ਼ ਕਰ ਰਹੀ ਹੈ। ਮਈ 2026 ‘ਚ ਕੰਪਨੀ ਨੇ ਪੌਲੀਟੈਕਨਿਕ, ਰੋਪੜ ਵਿਖੇ ਇੱਕ ਹੁਨਰ ਵਿਕਾਸ ਸਿਖਲਾਈ ਕੇਂਦਰ ਦਾ ਉਦਘਾਟਨ ਕੀਤਾ, ਜੋ ਆਈਆਈਟੀ ਰੋਪੜ ਅਤੇ ਸੀਆਈਪੀਈਟੀ ਬੱਦੀ ਦੇ ਸਹਿਯੋਗ ਨਾਲ ਪਲਾਸਟਿਕ ਪ੍ਰੋਸੈਸਿੰਗ, ਟੈਲੀ ਈਆਰਪੀ ਅਤੇ ਇਲੈਕਟ੍ਰੀਸ਼ੀਅਨ ਟਰੇਡਾਂ ‘ਚ ਸਿਖਲਾਈ ਪ੍ਰਦਾਨ ਕਰਦਾ ਹੈ।
ਉਨ੍ਹਾਂ ਦੱਸਿਆ ਕਿ ਪਹਿਲੇ ਬੈਚ ਨੇ ਲਗਭਗ 100 ਫੀਸਦੀ ਪਲੇਸਮੈਂਟ ਪ੍ਰਾਪਤ ਕੀਤੀ ਹੈ। ਟੋਪਨ ਵੱਲੋਂ ਇੱਕ ਸਕਿਲਿੰਗ ਐਕਸੀਲੈਂਸ ਸੈਂਟਰ ਸਥਾਪਤ ਕਰਨ ਲਈ ਨਿਵੇਸ਼ ਪੰਜਾਬ ਨਾਲ ਇੱਕ ਸਮਝੌਤਾ ਸਹੀਬੱਧ ਕੀਤਾ ਗਿਆ ਹੈ, ਜੋ ਕਿ ਹੁਨਰ ਪੰਜਾਬ ਪੋਰਟਲ ਦੇ ਪੂਰਕ ਵਜੋਂ ਕੰਮ ਕਰਦਾ ਹੈ ਅਤੇ ਸੂਬੇ ਭਰ ‘ਚ ਲਗਭਗ 1,750 ਵਿਦਿਅਕ ਅਤੇ ਸਿਖਲਾਈ ਸੰਸਥਾਵਾਂ ਨਾਲ ਉਦਯੋਗ ਨੂੰ ਜੋੜਦਾ ਹੈ।
Read more: ਪੰਜਾਬ ਸਰਕਾਰ ਵੱਲੋਂ ਬਿਜਲੀ ਖਪਤਕਾਰਾਂ ਨੂੰ ਵੱਡੀ ਰਾਹਤ, ਬਿਜਲੀ ਬਿੱਲਾਂ ਦੇ 518 ਕਰੋੜ ਰੁਪਏ ਕੀਤੇ ਮੁਆਫ਼




