ਸਪੋਰਟਸ, 15 ਮਈ 2026: PBKS ਬਨਾਮ MI Result: ਆਈਪੀਐਲ 2026 ‘ਚ 58 ਮੈਚ ਪੂਰੇ ਹੋ ਚੁੱਕੇ ਹਨ। ਵੀਰਵਾਰ ਨੂੰ ਮੁੰਬਈ ਇੰਡੀਅਨਜ਼ ਨੇ ਪੰਜਾਬ ਕਿੰਗਜ਼ ਨੂੰ ਹਰਾ ਕੇ ਪਲੇਆਫ ਦੀ ਦੌੜ ਨੂੰ ਦਿਲਚਸਪ ਬਣਾ ਦਿੱਤਾ। ਹਾਰ ਤੋਂ ਬਾਅਦ, ਪੰਜਾਬ ਚੌਥੇ ਸਥਾਨ ‘ਤੇ ਹੈ। ਟੀਮ ਦੇ 12 ਮੈਚਾਂ ‘ਚੋਂ 13 ਅੰਕ ਹਨ ਅਤੇ ਪਲੇਆਫ ‘ਚ ਪਹੁੰਚਣ ਲਈ ਬਾਕੀ ਦੋਵੇਂ ਮੈਚ ਜਿੱਤਣ ਦੀ ਲੋੜ ਹੈ।
ਦੂਜੇ ਪਾਸੇ, ਮੁੰਬਈ ਪਹਿਲਾਂ ਹੀ ਟੂਰਨਾਮੈਂਟ ਤੋਂ ਬਾਹਰ ਹੋ ਚੁੱਕੀ ਹੈ, ਪਰ ਮੁੰਬਈ ਨੇ ਪੰਜਾਬ ਦੀਆਂ ਪਲੇਆਫ ਦੀਆਂ ਸੰਭਾਵਨਾਵਾਂ ਨੂੰ ਵਿਗਾੜ ਦਿੱਤਾ ਹੈ। ਮੁੰਬਈ ਦੇ 12 ਮੈਚਾਂ ‘ਚੋਂ 8 ਅੰਕ ਹਨ ਅਤੇ ਉਹ ਨੌਵੇਂ ਸਥਾਨ ‘ਤੇ ਹੈ। ਚੇਨਈ ਸੁਪਰ ਕਿੰਗਜ਼ ਲਈ ਅੱਜ ਏਕਾਨਾ ਸਟੇਡੀਅਮ ‘ਚ ਜਿੱਤ ਜ਼ਰੂਰੀ ਹੈ। ਟੀਮ ਲਖਨਊ ਸੁਪਰ ਜਾਇੰਟਸ ਦਾ ਸਾਹਮਣਾ ਕਰੇਗੀ, ਜੋ ਪਹਿਲਾਂ ਹੀ ਟੂਰਨਾਮੈਂਟ ਤੋਂ ਬਾਹਰ ਹੋ ਚੁੱਕੀ ਹੈ।
ਪੰਜਾਬ ਕਿੰਗਜ਼ ਆਪਣੀ ਲਗਾਤਾਰ ਪੰਜਵੀਂ ਹਾਰ ਤੋਂ ਬਾਅਦ ਮੁਸ਼ਕਿਲ ‘ਚ ਹੈ। ਪੰਜਾਬ ਦੇ ਅਗਲੇ ਮੈਚ ਬੰਗਲੁਰੂ ਅਤੇ ਲਖਨਊ ਦੇ ਖਿਲਾਫ ਹਨ। ਮੁੰਬਈ ਇੰਡੀਅਨਜ਼ ਨੇ ਸੀਜ਼ਨ ਦੀ ਆਪਣੀ ਚੌਥੀ ਜਿੱਤ ਦਰਜ ਕੀਤੀ। ਟੀਮ ਦੇ ਅਗਲੇ ਮੈਚ ਕੋਲਕਾਤਾ ਅਤੇ ਰਾਜਸਥਾਨ ਦੇ ਖਿਲਾਫ ਹਨ।
ਚੇਨਈ ਸੁਪਰ ਕਿੰਗਜ਼ ਅੱਜ ਲਖਨਊ ਸੁਪਰ ਜਾਇੰਟਸ ਨਾਲ ਭਿੜੇਗੀ। ਟੀਮ ਲਗਾਤਾਰ ਤਿੰਨ ਮੈਚ ਜਿੱਤਣ ਤੋਂ ਬਾਅਦ ਪੰਜਵੇਂ ਸਥਾਨ ‘ਤੇ ਪਹੁੰਚ ਗਈ ਹੈ। ਚੇਨਈ ਦੇ 11 ਮੈਚਾਂ ‘ਚੋਂ 12 ਅੰਕ ਹਨ। ਪਲੇਆਫ ਦੀਆਂ ਆਪਣੀਆਂ ਉਮੀਦਾਂ ਨੂੰ ਜ਼ਿੰਦਾ ਰੱਖਣ ਲਈ, ਸੀਐਸਕੇ ਨੂੰ ਆਪਣੇ ਤਿੰਨੋਂ ਮੈਚ ਜਿੱਤਣੇ ਪੈਣਗੇ। ਟੀਮ ਦਾ ਸਾਹਮਣਾ ਲਖਨਊ, ਹੈਦਰਾਬਾਦ ਅਤੇ ਗੁਜਰਾਤ ਨਾਲ ਹੈ। ਅਗਲਾ ਮੈਚ ਹਾਰਨ ਨਾਲ ਉਨ੍ਹਾਂ ਦਾ ਰਸਤਾ ਮੁਸ਼ਕਿਲ ਹੋ ਜਾਵੇਗਾ।
ਸਨਰਾਈਜ਼ਰਜ਼ ਹੈਦਰਾਬਾਦ ਨੂੰ ਪੰਜਾਬ ਦੀ ਹਾਰ ਦਾ ਫਾਇਦਾ ਹੋਇਆ ਹੈ। ਟੀਮ 14 ਅੰਕਾਂ ਨਾਲ ਤੀਜੇ ਸਥਾਨ ‘ਤੇ ਹੈ। ਇਸਦਾ ਨੈੱਟ ਰਨ ਰੇਟ +0.331 ਹੈ। ਹੈਦਰਾਬਾਦ ਹੁਣ ਚੇਨਈ ਅਤੇ ਬੰਗਲੁਰੂ ਦਾ ਸਾਹਮਣਾ ਕਰੇਗਾ। ਉਨ੍ਹਾਂ ਨੂੰ ਪਲੇਆਫ ‘ਚ ਜਗ੍ਹਾ ਪੱਕੀ ਕਰਨ ਲਈ ਘੱਟੋ-ਘੱਟ ਇੱਕ ਜਿੱਤ ਦੀ ਲੋੜ ਹੈ।
ਰਾਇਲ ਚੈਲੇਂਜਰਜ਼ ਬੰਗਲੁਰੂ ਅਤੇ ਗੁਜਰਾਤ ਟਾਈਟਨਸ 16 ਅੰਕਾਂ ਨਾਲ ਪਹਿਲੇ ਅਤੇ ਦੂਜੇ ਸਥਾਨ ‘ਤੇ ਹਨ। ਦੋਵਾਂ ਟੀਮਾਂ ਲਈ ਪਲੇਆਫ ਲਗਭਗ ਨਿਸ਼ਚਿਤ ਮੰਨਿਆ ਜਾ ਰਿਹਾ ਹੈ। ਦੋਵਾਂ ਟੀਮਾਂ ਨੂੰ ਹੁਣ ਇੱਕ-ਇੱਕ ਜਿੱਤ ਦੀ ਲੋੜ ਹੈ।
ਰਾਜਸਥਾਨ ਦੀ ਉਮੀਦਾਂ ਕਾਇਮ
12 ਅੰਕਾਂ ਦੇ ਨਾਲ ਰਾਜਸਥਾਨ ਰਾਇਲਜ਼ ਪਲੇਆਫ ਲਈ ਦੌੜ ‘ਚ ਬਣਿਆ ਹੋਇਆ ਹੈ। ਹਾਲਾਂਕਿ, ਉਨ੍ਹਾਂ ਨੇ ਆਪਣੇ ਪਿਛਲੇ ਸੱਤ ਮੈਚਾਂ ‘ਚੋਂ ਪੰਜ ਹਾਰੇ ਹਨ। ਰਾਜਸਥਾਨ ਦਾ ਸਾਹਮਣਾ ਹੁਣ ਦਿੱਲੀ, ਲਖਨਊ ਅਤੇ ਮੁੰਬਈ ਨਾਲ ਹੈ। ਚੋਟੀ ਦੇ ਚਾਰ ‘ਚ ਪਹੁੰਚਣ ਲਈ ਉਨ੍ਹਾਂ ਨੂੰ ਤਿੰਨੋਂ ਮੈਚ ਜਿੱਤਣੇ ਪੈਣਗੇ।
Read More: PBKS ਬਨਾਮ DC: ਪੰਜਾਬ ਕਿੰਗਜ਼ ਦੀ ਚੌਥੀ ਹਾਰ, 3 ਵਿਕਟਾਂ ਨਾਲ ਹਰਾਇਆ




