ਚੰਡੀਗੜ੍ਹ; 17 ਅਗਸਤ 2026: ਪੰਜਾਬ ਸਰਕਾਰ ਨੇ ਆਜ਼ਾਦੀ ਦਿਵਸ ਮੌਕੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ‘ਚ ਯੋਗਦਾਨ ਪਾਉਣ ਵਾਲੀਆਂ ਗ੍ਰਾਮ ਅਤੇ ਵਾਰਡ ਰੱਖਿਆ ਕਮੇਟੀਆਂ ਦੇ ਮੈਂਬਰਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਕਰਵਾਏ ਸਨਮਾਨ ਸਮਾਗਮਾਂ ਦੇ ਨਾਲ ਹੀ ਦੋ ਹਫ਼ਤਿਆਂ ਦੀ ਇੱਕ ਸੁਚੱਜੀ ਕਾਰਵਾਈ ਅਤੇ ਸਮੀਖਿਆ ਪ੍ਰਕਿਰਿਆ ਸ਼ੁਰੂ ਕੀਤੀ, ਜਿਸ ਦੀ ਸਮਾਪਤੀ 31 ਅਗਸਤ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਣ ਵਾਲੀ ਸੂਬਾ ਪੱਧਰੀ ਸਮੀਖਿਆ ਬੈਠਕ ਨਾਲ ਹੋਵੇਗੀ।
ਪੰਜਾਬ ਸਰਕਾਰ ਮੁਤਾਬਕ ਇਸ ਪਹਿਲਕਦਮੀ ਨੂੰ ਸ਼ਾਸਨ ਦੇ ਸਾਰੇ ਪੱਧਰਾਂ ਤੱਕ ਪਹੁੰਚਾਉਣ ਲਈ ਕੌਮੀ ਦਿਵਸਾਂ ਅਤੇ ਹੋਰ ਮਹੱਤਵਪੂਰਨ ਸਰਕਾਰੀ ਮੌਕਿਆਂ ’ਤੇ ਹੋਣ ਵਾਲੇ ਸਾਰੇ ਸਮਾਗਮਾਂ ‘ਚ ‘ਯੁੱਧ ਨਸ਼ਿਆਂ ਵਿਰੁੱਧ’ ਦੀਆਂ ਗਤੀਵਿਧੀਆਂ ਨੂੰ ਪ੍ਰਮੁੱਖਤਾ ਨਾਲ ਸ਼ਾਮਲ ਕੀਤਾ ਜਾਵੇਗਾ। ਇਹ ਫ਼ੈਸਲਾ 2 ਅਗਸਤ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਏ ਸੂਬਾ ਪੱਧਰੀ ਸਮਾਗਮ ਦੌਰਾਨ ਲਿਆ ਸੀ।
ਸਰਕਾਰ ਦੀ ਇਸ ਪਹਿਲਕਦਮੀ ਤਹਿਤ, ਸੂਬੇ ਭਰ ‘ਚ ਗ੍ਰਾਮ ਰੱਖਿਆ ਕਮੇਟੀਆਂ (VDCs) ਅਤੇ ਵਾਰਡ ਰੱਖਿਆ ਕਮੇਟੀਆਂ (WDCs) ਦੇ ਬਿਹਤਰੀਨ ਮੈਂਬਰਾਂ ਨੂੰ ਨਸ਼ਿਆਂ ਖ਼ਿਲਾਫ਼ ਪੰਜਾਬ ਦੀ ਲੜਾਈ ਵਿੱਚ ਉਨ੍ਹਾਂ ਦੇ ਸ਼ਲਾਘਾਯੋਗ ਯੋਗਦਾਨ ਲਈ ਸਨਮਾਨਿਤ ਕੀਤਾ। ਇਹ ਸਨਮਾਨ ਉਨ੍ਹਾਂ ਲੋਕਾਂ ਨੂੰ ਉਤਸ਼ਾਹਿਤ ਕਰਨ ਦਾ ਇੱਕ ਮਹੱਤਵਪੂਰਨ ਮਾਧਿਅਮ ਬਣੇਗਾ, ਜੋ ਭਾਈਚਾਰਕ ਪੱਧਰ ’ਤੇ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਕੰਮ ਕਰ ਰਹੇ ਹਨ।
ਜ਼ਿਲ੍ਹਾ ਪੱਧਰ ’ਤੇ, ਡਿਪਟੀ ਕਮਿਸ਼ਨਰ ਅਸੈਂਬਲੀ ਕੋਆਰਡੀਨੇਟਰਾਂ ਅਤੇ ਵਾਈਸ ਅਸੈਂਬਲੀ ਕੋਆਰਡੀਨੇਟਰਾਂ ਨੂੰ ਸਨਮਾਨਿਤ ਕੀਤਾ, ਜਦਕਿ ਸਬ-ਡਿਵੀਜ਼ਨ ਪੱਧਰ ’ਤੇ, ਸਬ-ਡਿਵੀਜ਼ਨਲ ਮੈਜਿਸਟ੍ਰੇਟ (ਐਸਡੀਐਮ) ਬਲਾਕ ਕੋਆਰਡੀਨੇਟਰਾਂ ਨੂੰ ਸਨਮਾਨਿਤ ਕੀਤਾ।
ਪਿੰਡ ਪੱਧਰ ’ਤੇ, ਵੱਖ-ਵੱਖ ਸਕੂਲਾਂ ਅਤੇ ਗ੍ਰਾਮ ਪੰਚਾਇਤਾਂ ‘ਚ ਵਿਸ਼ੇਸ਼ ਸਮਾਗਮ ਕਰਵਾਏ, ਇਸ ਦੌਰਾਨ ਸਰਪੰਚ ਅਤੇ ਭਾਈਚਾਰੇ ਦੇ ਮੈਂਬਰ ਨਸ਼ਾ ਮੁਕਤ ਪੰਜਾਬ ਦੀ ਸਿਰਜਣਾ ਵੱਲ ਕੀਤੇ ਜਾ ਰਹੇ ਯਤਨਾਂ ਲਈ ਗ੍ਰਾਮ ਰੱਖਿਆ ਕਮੇਟੀ ਦੇ ਮੈਂਬਰਾਂ ਨੂੰ ਸਨਮਾਨਿਤ ਕੀਤਾ।
ਸਾਰੇ 23 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ‘ਯੁੱਧ ਨਸ਼ਿਆਂ ਵਿਰੁੱਧ’ ਦੇ ਉਦੇਸ਼ਾਂ ਨੂੰ ਅੱਗੇ ਵਧਾਉਣ ‘ਚ ਯੋਗਦਾਨ ਅਤੇ ਸਰਗਰਮ ਭਾਗੀਦਾਰੀ ਪਾਉਣ ਵਾਲੇ ਯੋਗ ਗ੍ਰਾਮ ਅਤੇ ਵਾਰਡ ਰੱਖਿਆ ਕਮੇਟੀ ਮੈਂਬਰਾਂ ਦੀ ਪਛਾਣ ਕਰਨ ਦੇ ਨਿਰਦੇਸ਼ ਦਿੱਤੇ ਸੀ।
ਸਰਕਾਰ ਦਾ ਕਹਿਣਾ ਹੈ ਕਿ ਇਹ ਸਨਮਾਨ ਮੁਹਿੰਮ ਨਸ਼ਾ ਵਿਰੋਧੀ ਮੁਹਿੰਮ ਦੇ ਸੂਬਾ ਨੋਡਲ ਅਫ਼ਸਰ ਦੇ ਦਫ਼ਤਰ ਵੱਲੋਂ ਜਾਰੀ ਵਿਆਪਕ ਯੋਜਨਾ ਦਾ ਹਿੱਸਾ ਹੈ, ਜਿਸ ਦੇ ਤਹਿਤ ਦੋ ਹਫ਼ਤਿਆਂ ਤੱਕ ਚੱਲਣ ਵਾਲੀ ਇੱਕ ਵਿਸਤ੍ਰਿਤ ਮੁਹਿੰਮ ਦੀ ਰੂਪ-ਰੇਖਾ ਤਿਆਰ ਕੀਤੀ ਹੈ, ਜਿਸ ਦਾ ਉਦੇਸ਼ ਭਾਈਚਾਰਕ ਫੀਡਬੈਕ ਨੂੰ ਨਿਯਮਤ ਪ੍ਰਸ਼ਾਸਨਿਕ ਅਤੇ ਪੁਲਿਸ ਸਮੀਖਿਆ ਦਾ ਹਿੱਸਾ ਬਣਾਉਣਾ ਹੈ।
16 ਤੋਂ 25 ਅਗਸਤ ਤੱਕ ਹਰੇਕ ਪਿੰਡ ‘ਚ ਗ੍ਰਾਮ ਰੱਖਿਆ ਕਮੇਟੀਆਂ ਦੀਆਂ ਬੈਠਕਾਂ ਕਰਵਾਈਆਂ ਜਾਣਗੀਆਂ। ਇਨ੍ਹਾਂ ਬੈਠਕਾਂ ਦੌਰਾਨ ਕਮੇਟੀਆਂ ਨਸ਼ਾ ਤਸਕਰੀ ਨਾਲ ਸਬੰਧਤ ਸ਼ਿਕਾਇਤਾਂ ਦੀ ਸਮੀਖਿਆ ਕਰਨਗੀਆਂ, ਪਿਛਲੀਆਂ ਸ਼ਿਕਾਇਤਾਂ ’ਤੇ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਕੀਤੀ ਕਾਰਵਾਈ ਦੀ ਜਾਂਚ ਕਰਨਗੀਆਂ, ਲੰਬਿਤ ਮਾਮਲਿਆਂ ਦੀ ਸਥਿਤੀ ’ਤੇ ਨਜ਼ਰ ਰੱਖਣਗੀਆਂ ਅਤੇ ਨਵੇਂ ਸੁਝਾਅ ਤੇ ਫੀਡਬੈਕ ਦੇਣਗੀਆਂ।
ਇਸ ਤੋਂ ਬਾਅਦ ਇਹ ਪ੍ਰਕਿਰਿਆ ਜ਼ਿਲ੍ਹਾ ਪੱਧਰ ’ਤੇ ਅੱਗੇ ਵਧੇਗੀ। 26 ਤੋਂ 29 ਅਗਸਤ ਦਰਮਿਆਨ, ਕੈਬਨਿਟ ਮੰਤਰੀ ਜ਼ਿਲ੍ਹਾ ਪੱਧਰੀ ਸਮੀਖਿਆ ਬੈਠਕਾਂ ਦੀ ਅਗਵਾਈ ਕਰਨਗੇ, ਜਿਨ੍ਹਾਂ ‘ਚ ਪ੍ਰਸ਼ਾਸਨ ਅਤੇ ਪੁਲਿਸ ਅਧਿਕਾਰੀਆਂ ਦੇ ਨਾਲ-ਨਾਲ ਸਿਹਤ ਵਿਭਾਗ ਦੇ ਨੁਮਾਇੰਦੇ ਅਤੇ ਜ਼ਿਲ੍ਹਾ, ਅਸੈਂਬਲੀ ਤੇ ਬਲਾਕ ਪੱਧਰ ਦੇ ਕੋਆਰਡੀਨੇਟਰ ਸ਼ਾਮਲ ਹੋਣਗੇ। ਬੈਠਕਾਂ ‘ਚ ਪਿੰਡਾਂ ਤੋਂ ਪ੍ਰਾਪਤ ਫੀਡਬੈਕ ਦੀ ਸਮੀਖਿਆ ਕੀਤੀ ਜਾਵੇਗੀ ਅਤੇ ਅਗਲੀ ਕਾਰਵਾਈ ਤੈਅ ਕੀਤੀ ਜਾਵੇਗੀ।
ਪੂਰੀ ਪ੍ਰਕਿਰਿਆ ਦਾ ਸਮਾਪਨ 31 ਅਗਸਤ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਣ ਵਾਲੀ ਸੂਬਾ ਪੱਧਰੀ ਸਮੀਖਿਆ ਬੈਠਕ ਨਾਲ ਹੋਵੇਗਾ। ਇਸ ਬੈਠਕਾਂ ‘ਚ ਪੰਜਾਬ ਸਰਕਾਰ ਜ਼ਿਲ੍ਹਾਵਾਰ ਪ੍ਰਗਤੀ ਦੀ ਸਮੀਖਿਆ ਕਰੇਗੀ ਅਤੇ ਮੁਹਿੰਮ ਦੇ ਅਗਲੇ ਪੜਾਅ ਲਈ ਕਾਰਜ ਯੋਜਨਾ ਤਿਆਰ ਕਰੇਗੀ।
ਆਜ਼ਾਦੀ ਦਿਵਸ ਨਸ਼ਾ ਵਿਰੋਧੀ ਮੁਹਿੰਮ ‘ਚ ਮੋਹਰੀ ਭੂਮਿਕਾ ਨਿਭਾ ਰਹੇ ਭਾਈਚਾਰੇ ਦੇ ਮੈਂਬਰਾਂ ਨੂੰ ਸਨਮਾਨਿਤ ਕਰਨ ਲਈ ਪਹਿਲਾ ਵੱਡਾ ਮੰਚ ਬਣਿਆ। ਇਸ ਰਾਹੀਂ ਸਰਕਾਰ ਇਸ ਮੁਹਿੰਮ ਨੂੰ ਸਿਰਫ਼ ਕਾਰਵਾਈ ਤੱਕ ਸੀਮਿਤ ਰੱਖਣ ਦੀ ਬਜਾਏ ਨਸ਼ਿਆਂ ਖ਼ਿਲਾਫ਼ ਇੱਕ ਨਿਰੰਤਰ ਲੋਕ ਲਹਿਰ ਦਾ ਰੂਪ ਦੇ ਰਹੀ ਹੈ।
Read More: ਪੰਜਾਬ ਸਰਕਾਰ ਦੀ ‘ਸਾਡੇ ਬਜ਼ੁਰਗ, ਸਾਡਾ ਮਾਣ’ ਪਹਿਲ ਤਹਿਤ ਬਜ਼ੁਰਗਾਂ ਨੂੰ ਵੱਡਾ ਤੋਹਫ਼ਾ




