ਪੰਜਾਬ , 29 ਮਈ 2026: ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਦੀ ਨਿਯੁਕਤੀ ਤੋਂ ਬਾਅਦ ਹੁਣ ਪੰਜਾਬ ਕਾਂਗਰਸ ਪਾਰਟੀ ਦੇ ਅੰਦਰ ਲੀਡਰਸ਼ਿਪ ਤਬਦੀਲੀ ਬਾਰੇ ਚਰਚਾ ਤੇਜ਼ ਹੋ ਗਈ ਹੈ। ਇਸ ਦੌਰਾਨ, ਆਲ ਇੰਡੀਆ ਕਾਂਗਰਸ ਕਮੇਟੀ ਨੇ ਅੱਜ ਦਿੱਲੀ ‘ਚ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਦੀ ਬੈਠਕ ਬੁਲਾਈ ਹੈ। ਇਹ ਬੈਠਕ ਸ਼ਾਮ 4 ਵਜੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਦਿੱਲੀ ਸਥਿਤ ਨਿਵਾਸ ਸਥਾਨ ‘ਤੇ ਹੋਵੇਗੀ, ਅਤੇ ਇਸ ‘ਚ ਪੰਜਾਬ ਦੇ ਸੀਨੀਅਰ ਪੰਜਾਬ ਕਾਂਗਰਸ ਆਗੂ ਸ਼ਾਮਲ ਹੋਣਗੇ।
ਦੱਸਿਆ ਜਾ ਰਿਹਾ ਹੈ ਕਿ ਰਾਹੁਲ ਗਾਂਧੀ, ਕੇ.ਸੀ. ਵੇਣੂਗੋਪਾਲ ਅਤੇ ਭੁਪੇਸ਼ ਬਘੇਲ ਵੀ ਮੌਜੂਦ ਰਹਿਣਗੇ। ਬੈਠਕ ‘ਚ ਭਵਿੱਖ ਦੀ ਰਣਨੀਤੀ ਅਤੇ ਸੰਗਠਨਾਤਮਕ ਮੁੱਦਿਆਂ ‘ਤੇ ਚਰਚਾ ਹੋਣ ਦੀ ਉਮੀਦ ਹੈ। ਇਹ ਹਾਈਕਮਾਨ ਦੀ ਇਸ ਸਾਲ ਪੰਜਾਬ ਕਾਂਗਰਸ ਦੇ ਆਗੂਆਂ ਨਾਲ ਦੂਜੀ ਵੱਡੀ ਬੈਠਕ ਹੋਵੇਗੀ।
ਸਾਬਕਾ ਉਪ ਮੁੱਖ ਮੰਤਰੀ ਅਤੇ ਗੁਰਦਾਸਪੁਰ ਦੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਮੀਡੀਆ ਨੂੰ ਬੈਠਕ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਚਾਰ ਤੋਂ ਪੰਜ ਸੀਨੀਅਰ ਆਗੂਆਂ ਨੂੰ ਸੱਦਾ ਦਿੱਤਾ ਗਿਆ ਹੈ। ਇਸ ਦਰਮਿਆਨ ਚਰਚਾ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਅਤੇ ਵਿਜੇ ਇੰਦਰ ਸਿੰਗਲਾ ਦੇ ਬੈਠਕ ‘ਚ ਸ਼ਾਮਲ ਹੋਣ ਦੀ ਉਮੀਦ ਹੈ।
ਇਸ ਤੋਂ ਪਹਿਲਾਂ, 22 ਜਨਵਰੀ, 2026 ਨੂੰ, ਦਿੱਲੀ ‘ਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਰਾਹੁਲ ਗਾਂਧੀ, ਸੰਗਠਨ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਅਤੇ ਪੰਜਾਬ ਇੰਚਾਰਜ ਭੁਪੇਸ਼ ਬਘੇਲ ਦੀ ਮੌਜੂਦਗੀ ‘ਚ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਨਾਲ ਤਿੰਨ ਘੰਟੇ ਦੀ ਇੱਕ ਮਹੱਤਵਪੂਰਨ ਬੈਠਕ ਹੋਈ ਸੀ।
ਇਹ ਬੈਠਕ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਸੰਗਠਨ ‘ਚ ਘੱਟ ਦਲਿਤ (ਐਸਸੀ) ਪ੍ਰਤੀਨਿਧਤਾ ਅਤੇ ਪੰਜਾਬ ਕਾਂਗਰਸ ਦੇ ਅੰਦਰ ਵਧ ਰਹੀ ਧੜੇਬੰਦੀ ਦਾ ਮੁੱਦਾ ਉਠਾਉਣ ਤੋਂ ਬਾਅਦ ਬੁਲਾਈ ਗਈ ਸੀ। ਉਸ ਸਮੇਂ, ਲਗਭੱਗ 32 ਆਗੂਆਂ ਨੇ ਵੀ ਦਿੱਲੀ ਨੂੰ ਇੱਕ ਪੱਤਰ ਭੇਜ ਕੇ ਸਥਿਤੀ ਬਾਰੇ ਚਿੰਤਾ ਪ੍ਰਗਟ ਕੀਤੀ। ਬੈਠਕ ‘ਚ ਹਾਈ ਕਮਾਂਡ ਨੇ ਪੰਜਾਬ ਕਾਂਗਰਸ ਲੀਡਰਸ਼ਿਪ ‘ਚ ਕਿਸੇ ਵੀ ਤਬਦੀਲੀ, ਖਾਸ ਕਰਕੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਹਟਾਉਣ ਨੂੰ ਸਪੱਸ਼ਟ ਤੌਰ ‘ਤੇ ਰੱਦ ਕਰ ਦਿੱਤਾ।
Read More: ਆਜ਼ਾਦ ਉਮੀਦਵਾਰਾਂ ਨੇ ਭਾਜਪਾ, ਕਾਂਗਰਸ ਤੇ ਅਕਾਲੀ ਦਲ ਨੂੰ ਪਿੱਛੇ ਛੱਡਿਆ, ‘ਆਪ’ 300 ਪਾਰ




