Philippines earthquake

ਫਿਲੀਪੀਨਜ਼ ‘ਚ ਆਏ ਭੂਚਾਲ ਕਾਰਨ ਹੁਣ ਤੱਕ 32 ਜਣਿਆਂ ਦੀ ਮੌਤ, 200 ਤੋਂ ਵੱਧ ਜ਼ਖਮੀ

ਫਿਲੀਪੀਨਜ਼, 8 ਜੂਨ 2026: Philippines earthquake Update: ਸੋਮਵਾਰ ਸਵੇਰੇ ਫਿਲੀਪੀਨਜ਼ ‘ਚ 7.8 ਤੀਬਰਤਾ ਦਾ ਇੱਕ ਸ਼ਕਤੀਸ਼ਾਲੀ ਭੂਚਾਲ ਨੇ ਵੱਡੇ ਪੱਧਰ ‘ਤੇ ਨੁਕਸਾਨ ਕੀਤਾ ਹੈ, ਜਿਸ ਨਾਲ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ। ਪ੍ਰਭਾਵਿਤ ਇਮਾਰਤਾਂ ‘ਚ ਜ਼ਿਆਦਾਤਰ ਦੁਕਾਨਾਂ, ਦਫ਼ਤਰ ਅਤੇ ਵਪਾਰਕ ਇਮਾਰਤਾਂ ਸ਼ਾਮਲ ਸਨ। ਐਸੋਸੀਏਟਿਡ ਪ੍ਰੈਸ ਦੇ ਮੁਤਾਬਕ, ਹੁਣ ਤੱਕ 32 ਜਣਿਆਂ ਦੀ ਮੌਤ ਹੋ ਗਈ ਹੈ ਅਤੇ 200 ਤੋਂ ਵੱਧ ਜ਼ਖਮੀ ਹੋਏ ਹਨ।

ਅਮਰੀਕੀ ਭੂ-ਵਿਗਿਆਨ ਸਰਵੇਖਣ (USGS) ਦੇ ਮੁਤਾਬਕ, ਭੂਚਾਲ ਭਾਰਤੀ ਸਮੇਂ ਅਨੁਸਾਰ ਸਵੇਰੇ 5:07 ਵਜੇ ਆਇਆ ਸੀ। ਭੂਚਾਲ ਦਾ ਕੇਂਦਰ ਮਿੰਡਾਨਾਓ ਟਾਪੂ ਦੇ ਨੇੜੇ ਸਮੁੰਦਰ ‘ਚ ਸੀ, ਜੋ ਕਿ ਸਾਰੰਗਾਨੀ ਸੂਬੇ ਦੇ ਮਾਸੀਮ ਸ਼ਹਿਰ ਤੋਂ ਲਗਭੱਗ 32 ਕਿਲੋਮੀਟਰ ਦੱਖਣ-ਪੱਛਮ ‘ਚ ਅਤੇ 33 ਕਿਲੋਮੀਟਰ ਦੀ ਡੂੰਘਾਈ ‘ਚ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਇਸ ਸਾਲ ਫਿਲੀਪੀਨਜ਼ ‘ਚ ਆਉਣ ਵਾਲਾ ਸਭ ਤੋਂ ਸ਼ਕਤੀਸ਼ਾਲੀ ਭੂਚਾਲ ਹੈ।

ਭੂਚਾਲ ਨੇ ਸੁਨਾਮੀ ਵੀ ਸ਼ੁਰੂ ਕਰ ਦਿੱਤੀ, ਸਭ ਤੋਂ ਉੱਚੀ ਲਹਿਰ 1.4 ਮੀਟਰ (ਲਗਭਗ 4.6 ਫੁੱਟ) ਤੱਕ ਪਹੁੰਚ ਗਈ। ਸਾਵਧਾਨੀ ਵਜੋਂ, ਇੰਡੋਨੇਸ਼ੀਆ ਅਤੇ ਮਲੇਸ਼ੀਆ ਨੇ ਵੀ ਸੁਨਾਮੀ ਚੇਤਾਵਨੀਆਂ ਜਾਰੀ ਕੀਤੀਆਂ, ਜਿਨ੍ਹਾਂ ਨੂੰ ਕੁਝ ਘੰਟਿਆਂ ਬਾਅਦ ਹਟਾ ਦਿੱਤਾ ਗਿਆ।

ਫਿਲੀਪੀਨ ਇੰਸਟੀਚਿਊਟ ਆਫ਼ ਵੋਲਕੇਨੋਲੋਜੀ ਐਂਡ ਸੀਸਮੌਲੋਜੀ (ਫਿਵੋਲਕਸ) ਨੇ ਰਿਪੋਰਟ ਦਿੱਤੀ ਕਿ ਸਥਾਨਕ ਸਮੇਂ ਮੁਤਾਬਕ ਸਵੇਰੇ 11 ਵਜੇ ਤੱਕ 138 ਝਟਕੇ ਦਰਜ ਕੀਤੇ ਗਏ। ਇਨ੍ਹਾਂ ਭੂਚਾਲਾਂ ਦੀ ਤੀਬਰਤਾ 1.3 ਤੋਂ 6.7 ਤੀਬਰਤਾ ਤੱਕ ਸੀ।

700,000 ਤੋਂ ਵੱਧ ਆਬਾਦੀ ਵਾਲੇ ਬੰਦਰਗਾਹ ਸ਼ਹਿਰ ਜਨਰਲ ਸੈਂਟੋਸ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ। ਕਈ ਇਮਾਰਤਾਂ ‘ਚ ਤਰੇੜਾਂ ਆ ਗਈਆਂ, ਕੁਝ ਛੋਟੀਆਂ ਇਮਾਰਤਾਂ ਅੰਸ਼ਕ ਤੌਰ ‘ਤੇ ਢਹਿ ਗਈਆਂ ਅਤੇ ਇੱਕ ਪੁਲ ਨੂੰ ਨੁਕਸਾਨ ਪਹੁੰਚਿਆ। ਖੇਤਰੀ ਆਫ਼ਤ ਪ੍ਰਬੰਧਨ ਅਧਿਕਾਰੀਆਂ ਦੇ ਅਨੁਸਾਰ, ਸ਼ਹਿਰ ‘ਚ ਘੱਟੋ-ਘੱਟ ਸੱਤ ਲੋਕ ਮਾਰੇ ਗਏ ਅਤੇ ਲਗਭੱਗ 130 ਜ਼ਖਮੀ ਹੋ ਗਏ।

ਦੱਖਣੀ ਕੋਟਾਬਾਟੋ, ਦਾਵਾਓ ਓਕਸੀਡੈਂਟਲ ਅਤੇ ਬਲੂਟ ਆਈਲੈਂਡ ਸਮੇਤ ਹੋਰ ਦੱਖਣੀ ਖੇਤਰਾਂ ‘ਚ ਵੀ ਨੌਂ ਜਣਿਆਂ ਦੀ ਮੌਤ ਹੋ ਗਈ। ਕੁਝ ਮਲਬੇ ਡਿੱਗਣ, ਇੱਕ ਨੁਕਸਾਨੀ ਗਈ ਮਸਜਿਦ ਅਤੇ ਜ਼ਮੀਨ ਖਿਸਕਣ ਕਾਰਨ ਫਸ ਗਏ।

ਅਧਿਕਾਰੀਆਂ ਨੇ ਕਿਹਾ ਕਿ ਦੋ ਮੰਜ਼ਿਲਾ ਸਕੂਲ ਇਮਾਰਤ ਦੇ ਢਹਿਣ ਦੀਆਂ ਰਿਪੋਰਟਾਂ ਤੋਂ ਬਾਅਦ ਜਨਰਲ ਸੈਂਟੋਸ ‘ਚ ਇੱਕ ਬਚਾਅ ਕਾਰਜ ਸ਼ੁਰੂ ਕੀਤਾ ਗਿਆ ਸੀ। ਇਹ ਖਦਸ਼ਾ ਸੀ ਕਿ ਕੁਝ ਵਿਦਿਆਰਥੀ ਮਲਬੇ ਹੇਠ ਫਸ ਸਕਦੇ ਹਨ। ਪੁਲਿਸ ਨੇ ਸ਼ਹਿਰ ‘ਚ ਘੱਟੋ-ਘੱਟ 7 ਜਣੇ ਦੇ ਲਾਪਤਾ ਹੋਣ ਦੀ ਰਿਪੋਰਟ ਦਿੱਤੀ ਹੈ।

ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਸੋਮਵਾਰ ਨੂੰ ਦੇਸ਼ ਭਰ ਦੇ ਪਬਲਿਕ ਸਕੂਲ ਦੁਬਾਰਾ ਖੁੱਲ੍ਹ ਗਏ। ਦੱਖਣੀ ਖੇਤਰ ਦੇ ਅਧਿਕਾਰੀਆਂ ਦੇ ਮੁਤਾਬਕ, ਅੱਜ ਸਵੇਰੇ ਝੰਡਾ ਲਹਿਰਾਉਣ ਦੀ ਰਸਮ ‘ਚ ਹਿੱਸਾ ਲੈਣ ਵਾਲੇ 100 ਤੋਂ ਵੱਧ ਵਿਦਿਆਰਥੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ, ਜਦੋਂ ਕਿ ਕਈ ਘਬਰਾਹਟ ਕਾਰਨ ਬੇਹੋਸ਼ ਹੋ ਗਏ।

ਫਿਲੀਪੀਨਜ਼ ਦੇ ਰਾਸ਼ਟਰਪਤੀ ਫਰਡੀਨੈਂਡ ਮਾਰਕੋਸ ਜੂਨੀਅਰ ਨੇ ਕਿਹਾ ਕਿ ਉਨ੍ਹਾਂ ਨੇ ਸਾਰੀਆਂ ਸਬੰਧਤ ਸਰਕਾਰੀ ਏਜੰਸੀਆਂ ਨੂੰ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਪ੍ਰਭਾਵਿਤ ਖੇਤਰਾਂ ‘ਚ ਲੋਕਾਂ ਨੂੰ ਕੱਢਣ ਅਤੇ ਬਚਾਅ ਅਤੇ ਰਾਹਤ ਕਾਰਜ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ।

Read More: Plane Crash: ਐਮਰਜੈਂਸੀ ਲੈਂਡਿੰਗ ਦੌਰਾਨ ਪ੍ਰਾਈਵੇਟ ਹਵਾਈ ਜਹਾਜ਼ ਹਾਦਸਾਗ੍ਰਸਤ

ਵਿਦੇਸ਼

Scroll to Top