ਪਟਿਆਲਾ 26 ਅਗਸਤ 2026 : ਪੰਜਾਬੀ ਯੂਨੀਵਰਸਿਟੀ ਪਟਿਆਲਾ (punjabi university patiala) ਦੇ ਨੇੜੇ ਵਿਦਿਆ ਨਗਰ ਇਲਾਕੇ ਦੇ ਬਾਹਰ ਪਿਛਲੇ ਕਈ ਸਾਲਾਂ ਤੋਂ ਟੁੱਟੀ ਪਈ ਸੜਕ ਦੀ ਮੁਰੰਮਤ ਨਾ ਹੋਣ ਦੇ ਰੋਸ ਵਜੋਂ ਮਾਰਕੀਟ ਐਸੋਸੀਏਸ਼ਨ ਵੱਲੋਂ ਅੱਜ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਗਿਆ। ਸੜਕ ਦੀ ਖਸਤਾ ਹਾਲਤ ਨੂੰ ਲੈ ਕੇ ਐਸੋਸੀਏਸ਼ਨ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਵੱਖ-ਵੱਖ ਵਿਭਾਗਾਂ ਨੂੰ ਕਈ ਵਾਰ ਲਿਖਤੀ ਸ਼ਿਕਾਇਤਾਂ ਅਤੇ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ, ਪਰ ਇਸ ਦੇ ਬਾਵਜੂਦ ਕੋਈ ਠੋਸ ਕਾਰਵਾਈ ਨਹੀਂ ਹੋਈ।
ਮਾਰਕੀਟ ਐਸੋਸੀਏਸ਼ਨ ਦੇ ਆਗੂਆਂ ਨੇ ਦੱਸਿਆ ਕਿ ਕਰੀਬ 200 ਮੀਟਰ ਲੰਬੀ ਇਸ ਸੜਕ ਦੀ ਹਾਲਤ ਬੇਹੱਦ ਖਰਾਬ ਹੈ। ਸੜਕ ਦੀ ਖਸਤਾ ਹਾਲਤ ਕਾਰਨ ਆਏ ਦਿਨ ਹਾਦਸੇ ਵਾਪਰ ਰਹੇ ਹਨ। ਸੋਸ਼ਲ ਮੀਡੀਆ ‘ਤੇ ਵੀ ਅਕਸਰ ਅਜਿਹੀਆਂ ਵੀਡੀਓਜ਼ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ, ਜਿਨ੍ਹਾਂ ਵਿੱਚ ਈ-ਰਿਕਸ਼ਾ ਪਲਟਣ ਅਤੇ ਹੋਰ ਵਾਹਨਾਂ ਦੇ ਹਾਦਸਾਗ੍ਰਸਤ ਹੋਣ ਦੀਆਂ ਘਟਨਾਵਾਂ ਦਿਖਾਈ ਦਿੰਦੀਆਂ ਹਨ।
ਇਸੇ ਮਸਲੇ ਨੂੰ ਲੈ ਕੇ ਅੱਜ ਮਾਰਕੀਟ ਐਸੋਸੀਏਸ਼ਨ ਵੱਲੋਂ ਪਟਿਆਲਾ ਦੇ ਨੈਸ਼ਨਲ ਹਾਈਵੇ ‘ਤੇ ਟੋਲ ਪਲਾਜ਼ਾ ਤੋਂ ਕਰੀਬ ਪੰਜ ਕਿਲੋਮੀਟਰ ਦੂਰ ਹਾਈਵੇ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਜਾਮ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਅਤੇ ਕਈ ਐਂਬੂਲੈਂਸਾਂ ਵੀ ਇਸ ਵਿੱਚ ਫਸ ਗਈਆਂ। ਹਾਲਾਂਕਿ, ਐਂਬੂਲੈਂਸਾਂ ਦੀ ਐਮਰਜੈਂਸੀ ਨੂੰ ਦੇਖਦਿਆਂ ਮਾਰਕੀਟ ਐਸੋਸੀਏਸ਼ਨ ਵੱਲੋਂ ਤੁਰੰਤ ਰਸਤਾ ਖਾਲੀ ਕਰਵਾ ਕੇ ਉਨ੍ਹਾਂ ਨੂੰ ਪਹਿਲ ਦੇ ਆਧਾਰ ‘ਤੇ ਲੰਘਾਇਆ ਗਿਆ।
ਮਾਮਲੇ ਦੀ ਜਾਣਕਾਰੀ ਮਿਲਣ ‘ਤੇ ਡੀਐਸਪੀ ਸਿਟੀ-2 ਜਗਜੀਤ ਸਿੰਘ ਮੌਕੇ ‘ਤੇ ਪਹੁੰਚੇ ਅਤੇ ਮਾਰਕੀਟ ਐਸੋਸੀਏਸ਼ਨ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਭਰੋਸਾ ਦਿਵਾਇਆ ਕਿ ਕੱਲ੍ਹ ਸਵੇਰੇ 11 ਵਜੇ ਉੱਚ ਪੱਧਰੀ ਅਧਿਕਾਰੀਆਂ ਨਾਲ ਮਾਰਕੀਟ ਐਸੋਸੀਏਸ਼ਨ ਦੀ ਮੀਟਿੰਗ ਕਰਵਾਈ ਜਾਵੇਗੀ।
ਇਸ ਤੋਂ ਬਾਅਦ ਪਟਿਆਲਾ ਦੇ ਤਹਿਸੀਲਦਾਰ ਗੁਲਾਬ ਸਿੰਘ ਵੀ ਮੌਕੇ ‘ਤੇ ਪਹੁੰਚੇ। ਉਨ੍ਹਾਂ ਨੇ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਇਸ ਸਮੱਸਿਆ ਦਾ ਜਲਦ ਤੋਂ ਜਲਦ ਨਿਪਟਾਰਾ ਕਰਵਾਇਆ ਜਾਵੇਗਾ।
ਮਾਰਕੀਟ ਐਸੋਸੀਏਸ਼ਨ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੜਕ ਦੀ ਮੁਰੰਮਤ ਦਾ ਕੰਮ ਬਿਨਾਂ ਹੋਰ ਦੇਰੀ ਦੇ ਸ਼ੁਰੂ ਕੀਤਾ ਜਾਵੇ, ਤਾਂ ਜੋ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਰਾਹਤ ਮਿਲ ਸਕੇ ਅਤੇ ਲਗਾਤਾਰ ਵਾਪਰ ਰਹੇ ਹਾਦਸਿਆਂ ਨੂੰ ਰੋਕਿਆ ਜਾ ਸਕੇ।
Read More: ਇੱਕ ਪਰਿਵਾਰ ਨੇ ਖਾਦਾਂ ਜ਼.ਹਿ.ਰ, ਖਤਮ ਕੀਤੀ ਜੀ.ਵ.ਨ.ਲੀ.ਲਾ




