ਸਤਨਾਮ ਸਿੰਘ ਸੰਧੂ

MP ਸਤਨਾਮ ਸੰਧੂ ਨੇ ਵਿਨਿਯੋਗ (ਅਪ੍ਰੋਪ੍ਰੀਏਸ਼ਨ) ਬਿੱਲ ‘ਤੇ ਹੋਈ ਚਰਚਾ ‘ਚ ਲਿਆ ਹਿੱਸਾ

ਨਵੀਂ ਦਿੱਲੀ 07 ਅਗਸਤ 2026: ਪੰਜਾਬ ਨੂੰ ਸਾਲ 2026-27 ਲਈ 5,673 ਕਰੋੜ ਰੁਪਏ ਦੀ ਰਿਕਾਰਡ ਰੇਲਵੇ ਅਲਾਟਮੈਂਟ ਮਿਲੀ ਹੈ, ਜੋ ਕਿ ਸਾਲ 2009-14 ਦੌਰਾਨ ਦੀ ਔਸਤ ਸਾਲਾਨਾ ਅਲਾਟਮੈਂਟ ਨਾਲੋਂ ਲਗਭਗ 25 ਗੁਣਾ ਵੱਧ ਹੈ। ਇਸ ਦੇ ਨਾਲ ਹੀ ਸੂਬੇ ਵਿੱਚ 26,000 ਕਰੋੜ ਰੁਪਏ ਤੋਂ ਵੱਧ ਦੇ ਰੇਲਵੇ ਪ੍ਰੋਜੈਕਟ ਇਸ ਸਮੇਂ ਲਾਗੂ ਕੀਤੇ ਜਾ ਰਹੇ ਹਨ ਅਤੇ 30 ਰੇਲਵੇ ਸਟੇਸ਼ਨਾਂ ਦਾ ਆਧੁਨਿਕੀਕਰਨ ਕੀਤਾ ਜਾ ਰਿਹਾ ਹੈ, ਜੋ ਪੰਜਾਬ ਦੇ ਵਿਕਾਸ ਪ੍ਰਤੀ ਕੇਂਦਰ ਸਰਕਾਰ ਦੀ ਦ੍ਰਿੜ੍ਹ ਵਚਨਬੱਧਤਾ ਨੂੰ ਸਪੱਸ਼ਟ ਰੂਪ ਵਿੱਚ ਦਰਸਾਉਂਦਾ ਹੈ।

ਇਹ ਗੱਲ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਰਾਜ ਸਭਾ ਵਿੱਚ ਵਿਨਿਯੋਗ (ਨੰਬਰ 3) ਬਿੱਲ, 2026 ਦਾ ਸਮਰਥਨ ਕਰਦਿਆਂ ਕਹੀ। ਜ਼ਿਕਰਯੋਗ ਹੈ ਕਿ ਇਹ ਬਿੱਲ ਬਾਅਦ ਵਿੱਚ ਸੰਸਦ ਵੱਲੋਂ ਜ਼ੁਬਾਨੀ ਵੋਟ ਨਾਲ ਪਾਸ ਕਰ ਦਿੱਤਾ ਗਿਆ, ਜਿਸ ਨਾਲ ਮਨੀ ਬਿੱਲ ਵਜੋਂ ਇਸ ਦੀ ਵਿਧਾਨਕ ਪ੍ਰਕਿਰਿਆ ਮੁਕੰਮਲ ਹੋ ਗਈ।

ਬਿੱਲ ‘ਤੇ ਹੋਈ ਚਰਚਾ ਵਿੱਚ ਹਿੱਸਾ ਲੈਂਦਿਆਂ ਮੈਂਬਰ ਪਾਰਲੀਮੈਂਟ ਸਤਨਾਮ ਸੰਧੂ ਨੇ ਪੰਜਾਬ ਲਈ ਇਤਿਹਾਸਕ ਰੇਲਵੇ ਅਲਾਟਮੈਂਟ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ “ਰਿਕਾਰਡ ਰੇਲਵੇ ਅਲਾਟਮੈਂਟ ਰੇਲਵੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਪੰਜਾਬ ਦੇ ਵਿਕਾਸ ਨੂੰ ਗਤੀ ਦੇਣ ਪ੍ਰਤੀ ਕੇਂਦਰ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ”।

ਮੈਂਬਰ ਪਾਰਲੀਮੈਂਟ ਸਤਨਾਮ ਸੰਧੂ ਨੇ ਕਿਹਾ, “ਰੇਲਵੇ ਵਿੱਚ ਨਿਵੇਸ਼ ਸਿਰਫ਼ ਪਟੜੀਆਂ, ਪੁਲਾਂ ਜਾਂ ਸਟੇਸ਼ਨਾਂ ਦਾ ਨਿਰਮਾਣ ਨਹੀਂ ਹੈ, ਸਗੋਂ ਇਹ ਦੇਸ਼ ਦੀ ਆਰਥਿਕ ਤਾਕਤ, ਰਫ਼ਤਾਰ ਅਤੇ ਭਵਿੱਖ ਵਿੱਚ ਕੀਤਾ ਗਿਆ ਨਿਵੇਸ਼ ਹੈ। ਪੰਜਾਬ ਅੱਜ ਇਸ ਬਦਲਾਅ ਨੂੰ ਬੇਮਿਸਾਲ ਪੱਧਰ ‘ਤੇ ਦੇਖ ਰਿਹਾ ਹੈ। ਇਹ ਅੰਕੜੇ ਸਿਰਫ਼ ਵਿਕਾਸ ਦੀ ਰਫ਼ਤਾਰ ਦੇ ਸੂਚਕ ਨਹੀਂ ਹਨ—ਇਹ ਪੰਜਾਬ ਪ੍ਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਚਨਬੱਧਤਾ ਦਾ ਪ੍ਰਮਾਣ ਹਨ।”

ਪੰਜਾਬ ਦੀ ਖੇਤੀ ਆਧਾਰਿਤ ਅਰਥਵਿਵਸਥਾ ਨੂੰ ਸਹਾਰਾ ਦੇਣ ਵਿੱਚ ਰੇਲਵੇ ਦੀ ਅਹਿਮ ਭੂਮਿਕਾ ਬਾਰੇ ਵੇਰਵਾ ਸਾਂਝਾ ਕਰਦਿਆਂ ਸੰਧੂ ਨੇ ਕਿਹਾ, “ਸਿਰਫ਼ ਸੱਤ ਮਹੀਨਿਆਂ ਵਿੱਚ ਪੰਜਾਬ ਤੋਂ 95 ਲੱਖ ਮੀਟ੍ਰਿਕ ਟਨ ਤੋਂ ਵੱਧ ਕਣਕ ਅਤੇ ਚੌਲ 2,684 ਰੇਲਵੇ ਰੈਕਾਂ ਰਾਹੀਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੱਕ ਪਹੁੰਚਾਏ ਗਏ ਹਨ। ਇਹ ਸਿਰਫ਼ ਮਾਲ ਢੁਆਈ ਨਹੀਂ ਹੈ, ਇਹ ਉਹ ਜੀਵਨ ਰੇਖਾ ਹੈ ਜੋ ਮੰਡੀਆਂ ਵਿੱਚੋਂ ਕਿਸਾਨਾਂ ਦੀ ਉਪਜ ਦੀ ਸਮੇਂ ਸਿਰ ਚੁਕਾਈ ਯਕੀਨੀ ਬਣਾਉਂਦੀ ਹੈ ਅਤੇ ਪੰਜਾਬ ਦੇ ਅਨਾਜ ਨੂੰ ਦੇਸ਼ ਦੀ ਥਾਲੀ ਤੱਕ ਪਹੁੰਚਾਉਂਦੀ ਹੈ।”

ਮੈਂਬਰ ਪਾਰਲੀਮੈਂਟ ਸਤਨਾਮ ਸੰਧੂ ਨੇ ਕਿਹਾ, “ਪੰਜਾਬ ਨੂੰ ਕਾਸ਼ੀ ਨਾਲ ਜੋੜਨ ਵਾਲੀ ਸੰਤ ਰਵਿਦਾਸ ਐਕਸਪ੍ਰੈਸ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਲਈ ਨਵਾਂ ਰੇਲ ਸੰਪਰਕ ਵਰਗੀਆਂ ਪਹਿਲਕਦਮੀਆਂ ਸਿਰਫ਼ ਬੁਨਿਆਦੀ ਢਾਂਚੇ ਦੇ ਪ੍ਰੋਜੈਕਟ ਨਹੀਂ ਹਨ, ਸਗੋਂ ਪੰਜਾਬ ਦੀ ਆਸਥਾ ਅਤੇ ਵਿਰਸੇ ਪ੍ਰਤੀ ਸਤਿਕਾਰ ਦਾ ਪ੍ਰਤੀਕ ਵੀ ਹਨ।”

ਇੱਕ ਸਰਹੱਦੀ ਸੂਬੇ ਵਜੋਂ ਪੰਜਾਬ ਦੀ ਰਣਨੀਤਕ ਮਹੱਤਤਾ ਨੂੰ ਉਜਾਗਰ ਕਰਦਿਆਂ ਮੈਂਬਰ ਪਾਰਲੀਮੈਂਟ ਸੰਧੂ ਨੇ ਕਿਹਾ, “ਸੂਬੇ ਦੇ ਰੇਲਵੇ ਵਿਕਾਸ ਦਾ ਇੱਕ ਹੋਰ ਅਹਿਮ ਪਹਿਲੂ ਸਰਹੱਦੀ ਖੇਤਰਾਂ ਵਿੱਚ ਸੰਪਰਕ ਨੂੰ ਮਜ਼ਬੂਤ ਕਰਨਾ ਹੈ। 764 ਕਰੋੜ ਰੁਪਏ ਦਾ ਫ਼ਿਰੋਜ਼ਪੁਰ-ਪੱਟੀ ਰੇਲ ਲਿੰਕ ਉਹ ਪ੍ਰੋਜੈਕਟ ਹੈ ਜੋ ਆਜ਼ਾਦੀ ਤੋਂ ਬਾਅਦ ਟੁੱਟ ਚੁੱਕੇ ਇੱਕ ਅਹਿਮ ਇਤਿਹਾਸਕ ਰੇਲ ਸੰਪਰਕ ਨੂੰ ਬਹਾਲ ਕਰੇਗਾ ਅਤੇ ਨਾਲ ਹੀ ਫ਼ਿਰੋਜ਼ਪੁਰ ਤੇ ਅੰਮ੍ਰਿਤਸਰ ਵਿਚਕਾਰ ਰੇਲ ਦੂਰੀ ਨੂੰ ਲਗਭਗ 196 ਕਿਲੋਮੀਟਰ ਤੋਂ ਘਟਾ ਕੇ ਲਗਭਗ 100 ਕਿਲੋਮੀਟਰ ਕਰ ਦੇਵੇਗਾ। ਸਰਹੱਦੀ ਜ਼ਿਲ੍ਹਿਆਂ ਵਿੱਚ ਅਜਿਹਾ ਸੰਪਰਕ ਸਿਰਫ਼ ਖੇਤਰੀ ਵਿਕਾਸ ਲਈ ਹੀ ਨਹੀਂ, ਸਗੋਂ ਭਾਰਤ ਦੀ ਰੱਖਿਆ ਤਿਆਰੀ ਅਤੇ ਰਾਸ਼ਟਰੀ ਸੁਰੱਖਿਆ ਲਈ ਵੀ ਮਹੱਤਵਪੂਰਨ ਹੈ।”

ਮੈਂਬਰ ਪਾਰਲੀਮੈਂਟ ਸੰਧੂ ਨੇ ਕਿਹਾ ਕਿ ਜਿਸ ਪੰਜਾਬ ਨੇ ਦੇਸ਼ ਨੂੰ ਹਰੀ ਕ੍ਰਾਂਤੀ ਦਿੱਤੀ, ਉਸ ਨੂੰ ਹੁਣ ਲੌਜਿਸਟਿਕਸ, ਸੰਪਰਕ, ਉਦਯੋਗਿਕ ਵਿਕਾਸ ਅਤੇ ਆਰਥਿਕ ਵਿਕਾਸ ਵਿੱਚ ਇੱਕ ਪ੍ਰੇਰਕ ਸ਼ਕਤੀ ਵਜੋਂ ਉੱਭਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੂਬੇ ਲਈ ਵਿਕਾਸ ਦਾ ਇਹ ਨਵਾਂ ਰਾਹ ਬਣਾਉਣ ਵਿੱਚ ਰੇਲਵੇ ਬੁਨਿਆਦੀ ਢਾਂਚਾ ਨਿਰਣਾਇਕ ਭੂਮਿਕਾ ਨਿਭਾਏਗਾ।

ਆਪਣੇ ਸੰਬੋਧਨ ਦੀ ਸਮਾਪਤੀ ਕਰਦਿਆਂ ਮੈਂਬਰ ਪਾਰਲੀਮੈਂਟ ਸਤਨਾਮ ਸੰਧੂ ਨੇ ਰੇਲਵੇ ਨਾਲ ਤੁਲਨਾ ਕਰਦਿਆਂ ਕਿਹਾ ਕਿ ਜਦੋਂ ਵੀ ਕਿਸੇ ਰੇਲ ਗੱਡੀ ਨਾਲ ਦੂਜਾ ਇੰਜਣ ਜੋੜਿਆ ਜਾਂਦਾ ਹੈ ਤਾਂ ਉਸ ਦੀ ਤਾਕਤ, ਸਮਰੱਥਾ ਅਤੇ ਰਫ਼ਤਾਰ ਕਾਫ਼ੀ ਵੱਧ ਜਾਂਦੀ ਹੈ। “ਅੱਜ ਪੰਜਾਬ ਨੂੰ ਵੀ ਡਬਲ ਇੰਜਣ ਸਰਕਾਰ ਦੀ ਗਤੀ ਦੀ ਲੋੜ ਹੈ ਤਾਂ ਜੋ ਇੱਕ ਇੰਜਣ ਪੰਜਾਬ ਦਾ ਅਤੇ ਦੂਜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਦਾ ਹੋਣ ਨਾਲ ਸੂਬਾ ਵਿਕਾਸ ਦੇ ਰਾਹ ‘ਤੇ ਹੋਰ ਤੇਜ਼ ਰਫ਼ਤਾਰ ਨਾਲ ਅੱਗੇ ਵਧੇ।”

ਵਿਨਿਯੋਗ (ਨੰਬਰ 3) ਬਿੱਲ, 2026 ਲਈ ਆਪਣਾ ਸਮਰਥਨ ਪ੍ਰਗਟਾਉਂਦਿਆਂ ਮੈਂਬਰ ਪਾਰਲੀਮੈਂਟ ਸੰਧੂ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਦੀ ਸਾਂਝੀ ਤਾਕਤ ਸੂਬੇ ਦੇ ਵਿਕਾਸ ਨੂੰ ਗਤੀ ਦੇਵੇਗੀ ਅਤੇ ਵਿਕਸਿਤ ਭਾਰਤ ਦੇ ਸੰਕਲਪ ਵਿੱਚ ਯੋਗਦਾਨ ਪਾਵੇਗੀ।

Read More:  MP ਸਤਨਾਮ ਸਿੰਘ ਸੰਧੂ ਵੱਲੋਂ ਸ਼ਾਹਪੁਰ ਕੰਢੀ ਡੈਮ ਤੋਂ ਮਿਲਣ ਵਾਲੇ ਰਾਵੀ ਦਰਿਆ ਦੇ ਪਾਣੀ ਨੂੰ ਪੰਜਾਬ ਦੇ ਨਹਿਰੀ ਸਿਸਟਮ ਨਾਲ ਜੋੜਨ ਦੀ ਮੰਗ

ਵਿਦੇਸ਼

Scroll to Top