Apex Guidance Firm

ਮੋਹਾਲੀ: ਅਪੈਕਸ ਗਾਈਡੈਂਸ ਫਰਮ ਦਾ ਲਾਇਸੈਂਸ 90 ਦਿਨਾਂ ਲਈ ਮੁਅੱਤਲ

ਐੱਸ.ਏ.ਐੱਸ ਨਗਰ, 02 ਨਵੰਬਰ 2023: ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲਸ਼ਨ ਐਕਟ-2012 ਦੇ ਸੈਕਸ਼ਨ 6(1)(ਈ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋ ਕਰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਰਾਜ ਸ਼ਿਆਮਕਰਨ ਤਿੜਕੇ, ਆਈ.ਏ.ਐਸ. ਵੱਲੋ ਅਪੈਕਸ ਗਾਈਡੈਂਸ ਫਰਮ (Apex Guidance Firm) ਐਸ.ਸੀ.ਐਫ ਨੰਬਰ:45, ਕੈਬਿਨ ਨੰਬਰ 1,2 ਅਤੇ 3, ਤੀਜੀ ਮੰਜ਼ਿਲ ਫਲੋਰ ਫੇਸ-11 ਨੂੰ ਕੰਸਲਟੈਂਸੀ ਦੇ ਕੰਮ ਲਈ ਜਾਰੀ ਲਾਇਸੈਂਸ ਤੁਰੰਤ ਪ੍ਰਭਾਵ ਨਾਲ 90 ਦਿਨਾਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ।

ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਇਸ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਅਪੈਕਸ ਗਾਈਡੈਂਸ ਫਰਮ ਨੂੰ ਕੰਸਲਟੈਂਸੀ ਦੇ ਕੰਮ ਲਈ ਲਾਇਸੈਂਸ ਜਾਰੀ ਕੀਤਾ ਗਿਆ ਸੀ ਜਿਸ ਦੀ ਮਿਆਦ 24 ਜੂਨ 2024 ਤੱਕ ਹੈ। ਉਨ੍ਹਾਂ ਦੱਸਿਆ ਕਿ ਦਫਤਰ ਵੱਲੋ ਲਾਇਸੈਂਸੀ ਦੇ ਦਫਤਰੀ ਪਤੇ ਤੇ ਪੱਤਰ ਭੇਜਦੇ ਹੋਏ ਨਿਰਧਾਰਤ ਪ੍ਰਫਾਰਮੇ ਅਨੁਸਾਰ ਕਲਾਇੰਟਾਂ ਦੀ ਜਾਣਕਾਰੀ ਸਮੇਤ ਉਨ੍ਹਾਂ ਤੋਂ ਚਾਰਜ ਕੀਤੀ ਗਈ ਫੀਸ ਦੀ ਜਾਣਕਾਰੀ ਅਤੇ ਦਿੱਤੀ ਗਈ ਸਰਵਿਸ ਬਾਰੇ ਰਿਪੋਰਟ ਮੰਗੀ ਗਈ।

ਇਸ ਸਬੰਧੀ ਕਾਫੀ ਸਮਾਂ ਬੀਤ ਜਾਣ ਉਪਰੰਤ ਲਾਇਸੰਸੀ ਵੱਲੋ ਉਕਤ ਰਿਪੋਰਟ ਨਾ ਭੇਜਣ ਦੀ ਸੂਰਤ ਵਿੱਚ ਪੰਜਾਬ ਟਰੈਵਲ ਪ੍ਰੋਫੈਸ਼ਨ ਰੈਗੂਲੇਸ਼ਨ ਐਕਟ-2012 ਅਧੀਨ ਨੋਟਿਸ ਜਾਰੀ ਕੀਤਾ ਗਿਆ। ਤਹਿਸੀਲਦਾਰ ਮੋਹਾਲੀ ਵੱਲੋਂ ਫਰਮ ਦੇ ਦਫ਼ਤਰੀ ਪਤੇ ਉੱਤੇ ਭੇਜੇ ਨੋਟਿਸ ਦੀ ਰਿਪੋਰਟ ਭੇਜ ਕੇ ਸੂਚਿਤ ਕੀਤਾ ਗਿਆ ਕਿ ਅਪੈਕਸ ਗਾਈਡੈਂਸ ਫਰਮ ਐਸ.ਸੀ.ਐਫ ਨੰਬਰ: 13 ਟਾਪ ਫਲੌਰ ਫੇਜ਼ 11 ਮੋਹਾਲੀ ਦੇ ਦਿੱਤੇ ਪਤੇ ਉਤੇ ਇਸ ਫਰਮ (Apex Guidance Firm) ਦਾ ਕੋਈ ਵਿਅਕਤੀ ਨਹੀਂ ਰਹਿੰਦਾ ਅਤੇ ਦਫਤਰੀ ਪਤੇ ਤੇ ਜਾਰੀ ਨੋਟਿਸ ਬਾਬਤ ਰਿਪੋਰਟ ਕੀਤੀ ਹੈ ਕਿ ਦਿੱਤੇ ਪਤੇ ਉਤੇ ਇਸ ਨਾਮ ਦਾ ਦਫਤਰ ਬੰਦ ਹੈ।

ਜਿਸ ਕਾਰਨ ਉਕਤ ਫਰਮ ਦਾ ਲਾਇਸੰਸ ਤੁਰੰਤ ਪ੍ਰਭਾਵ ਤੋਂ 90 ਦਿਨਾਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਲਾਇਸੈਂਸੀ ਨੂੰ ਆਪਣੀ ਸਥਿਤੀ ਸਪੱਸ਼ਟ ਕਰਨ ਲਈ 15 ਦਿਨਾਂ ਦਾ ਸਮਾਂ ਦਿੰਦੇ ਹੋਏ ਨੋਟਿਸ ਜਾਰੀ ਕੀਤਾ ਹੈ ਕਿ ਕਿਉਂ ਨਾ ਉਸ ਦਾ ਲਾਇਸੰਸ ਰੱਦ ਕਰ ਦਿੱਤਾ ਜਾਵੇ |

Scroll to Top