ਸਾਹਿਬਜ਼ਾਦਾ ਅਜੀਤ ਸਿੰਘ ਨਗਰ, 18 ਅਪ੍ਰੈਲ 2026: ਹਲਕਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਦੇ ਵਿਧਾਇਕ ਕੁਲਵੰਤ ਸਿੰਘ ਨੇ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਨੂੰ ਵਿਕਾਸ ਕਾਰਜਾਂ ਲਈ ਚੈੱਕ ਵੰਡੇ। ਮੋਹਾਲੀ ਦੇ ਪਿੰਡ ਤੜੌਲੀ, ਭਾਗੋ ਮਾਜਰਾ, ਰਾਏਪੁਰ, ਬਹਿਲੋਲਪੁਰ, ਬੜ ਮਾਜਰਾ ਕਲੋਨੀ, ਮੌਜਪੁਰ ਅਤੇ ਮਨਾਣਾ ਸਮੇਤ ਹੋਰ ਪਿੰਡਾਂ ‘ਚ ਲਾਭਪਾਤਰੀਆਂ ਦੇ ਮਕਾਨਾਂ ਦੀ ਉਸਾਰੀ ਲਈ ਗ੍ਰਾਂਟਾਂ ਦਿੱਤੀਆਂ।
ਇਸ ਤੋਂ ਇਲਾਵਾ ਮਨਾਣਾ ਪਿੰਡ ‘ਚ ਸਕੂਲ ਦੇ ਕਮਰੇ ਦੀ ਉਸਾਰੀ ਲਈ 8 ਲੱਖ ਰੁਪਏ, ਕੈਲੋ ਪਿੰਡ ‘ਚ ਧਰਮਸ਼ਾਲਾ ਲਈ 5 ਲੱਖ ਰੁਪਏ ਅਤੇ ਝਾਂਮਪੁਰ ‘ਚ ਬਰਸਾਤੀ ਪਾਣੀ ਦੀ ਨਿਕਾਸੀ ਲਈ 6 ਲੱਖ ਰੁਪਏ ਦੇ ਚੈੱਕ ਵੀ ਸੌਂਪੇ। ਕੁਲਵੰਤ ਸਿੰਘ ਨੇ ਦੱਸਿਆ ਕਿ ਕੁੱਲ 18 ਲੱਖ ਰੁਪਏ ਦੀ ਰਕਮ 9 ਪਰਿਵਾਰਾਂ ਨੂੰ ਮਕਾਨਾਂ ਦੀ ਉਸਾਰੀ ਲਈ ਵੰਡੀ ਹੈ।
ਕੁਲਵੰਤ ਸਿੰਘ ਨੇ ਕਿਹਾ ਕਿ ਮੋਹਾਲੀ ਹਲਕੇ ਦੇ ਪਿੰਡਾਂ ਦੇ ਵਿਕਾਸ ਲਈ ਫੰਡ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਮੋਹਾਲੀ ‘ਚ ਵੱਡੇ ਪੱਧਰ ’ਤੇ ਖੇਡ ਸਟੇਡੀਅਮਾਂ ਦੀ ਉਸਾਰੀ ਕੀਤੀ ਜਾ ਰਹੀ ਹੈ ਤਾਂ ਜੋ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਕਰਕੇ ਖੇਡਾਂ ਵੱਲ ਪ੍ਰੇਰਿਤ ਕੀਤਾ ਜਾ ਸਕੇ।
ਕੁਲਵੰਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲੋਕ ਭਲਾਈ ਲਈ ਵੱਡੇ ਫੈਸਲੇ ਕੀਤੇ ਜਾ ਰਹੇ ਹਨ ਅਤੇ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਲੋਕਾਂ ਨੂੰ 10 ਲੱਖ ਰੁਪਏ ਤੱਕ ਦਾ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ, ਜਿਸ ਨਾਲ ਲੋਕ ਨੇੜਲੇ ਹਸਪਤਾਲਾਂ ‘ਚ ਆਸਾਨੀ ਨਾਲ ਇਲਾਜ ਕਰਵਾ ਸਕਦੇ ਹਨ।
ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਸਿੱਖਿਆ ਕ੍ਰਾਂਤੀ ਤਹਿਤ ਸਰਕਾਰੀ ਸਕੂਲਾਂ ‘ਚ ਵੱਡੇ ਸੁਧਾਰ ਕੀਤੇ ਹਨ, ਜਿਸ ਕਾਰਨ ਹੁਣ ਵਧ ਰਹੀ ਗਿਣਤੀ ‘ਚ ਵਿਦਿਆਰਥੀ ਸਰਕਾਰੀ ਸਕੂਲਾਂ ‘ਚ ਦਾਖਲੇ ਲੈ ਰਹੇ ਹਨ। ਇਸ ਨਾਲ ਅਧਿਆਪਕਾਂ ਦਾ ਮਨੋਬਲ ਵੀ ਵਧਿਆ ਹੈ ਅਤੇ ਮਾਪਿਆਂ ‘ਚ ਵੀ ਸੰਤੁਸ਼ਟੀ ਦਾ ਮਾਹੌਲ ਬਣਿਆ ਹੈ।
Read More: ਅਟਾਰੀ ਦੀਆਂ 137 ਕਿਲੋਮੀਟਰ ਲੰਬੀਆਂ 121 ਸੜਕਾਂ ਦੇ ਨਵੀਨੀਕਰਨ ਲਈ 57.80 ਕਰੋੜ ਰੁਪਏ ਖਰਛੇ ਜਾਣਗੇ: CM ਭਗਵੰਤ ਮਾਨ




