ਮੋਹਾਲੀ, 23 ਅਕਤੂਬਰ 2026: ਨਗਰ ਨਿਗਮ ਮੋਹਾਲੀ ਵੱਲੋਂ ਸ਼ਹਿਰ ਦੀ ਹੱਦ ‘ਚ ਸ਼ਾਮਲ ਕੀਤੇ ਗਏ ਪਿੰਡਾਂ ‘ਚ ਵਿਕਾਸ ਕਾਰਜਾਂ ਨੂੰ ਤੇਜ਼ ਕੀਤਾ ਜਾ ਰਿਹਾ ਹੈ। ਇਸੇ ਤਹਿਤ ਵਾਰਡ ਨੰਬਰ-26 ਅਧੀਨ ਪੈਂਦੇ ਪਿੰਡ ਮੌਲੀ ਬੈਦਵਾਣ ਦੀਆਂ ਵੱਖ-ਵੱਖ ਗਲੀਆਂ ‘ਚ ਪੇਵਰ ਬਲਾਕ ਲਗਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ। ਨਗਰ ਨਿਗਮ ਦੇ ਮੇਅਰ ਸਰਬਜੀਤ ਸਿੰਘ ਸਮਾਣਾ ਨੇ ਨੀਂਹ ਪੱਥਰ ਰੱਖ ਕੇ ਇਸ ਵਿਕਾਸ ਕਾਰਜ ਦਾ ਆਗਾਜ਼ ਕੀਤਾ।
ਇਸ ਪ੍ਰਾਜੈਕਟ ’ਤੇ 55.01 ਲੱਖ ਰੁਪਏ ਦੀ ਲਾਗਤ ਆਵੇਗੀ ਅਤੇ ਇਸ ਦਾ ਕੰਮ ਗੋਪਾਲ ਕੋ-ਆਪਰੇਟਿਵ ਸੋਸਾਇਟੀ ਨੂੰ ਅਲਾਟ ਕੀਤਾ ਗਿਆ ਹੈ। ਇਸ ਕੰਮ ਦੇ ਮੁਕੰਮਲ ਹੋਣ ਨਾਲ ਪਿੰਡ ਦੀਆਂ ਗਲੀਆਂ ਦੀ ਹਾਲਤ ‘ਚ ਸੁਧਾਰ ਆਵੇਗਾ ਅਤੇ ਲੋਕਾਂ ਨੂੰ ਆਉਣ-ਜਾਣ ‘ਚ ਸਹੂਲਤ ਮਿਲੇਗੀ।
ਇਸ ਮੌਕੇ ਮੇਅਰ ਸਰਬਜੀਤ ਸਿੰਘ ਸਮਾਣਾ ਨੇ ਕਿਹਾ ਕਿ ਪਿੰਡ ਮੌਲੀ ਬੈਦਵਾਣ ਹਾਲ ਹੀ ‘ਚ ਨਗਰ ਨਿਗਮ ਦੀ ਹੱਦ ‘ਚ ਸ਼ਾਮਲ ਹੋਇਆ ਹੈ।
ਪਿੰਡ ਦੀਆਂ ਗਲੀਆਂ ਦੀ ਮੁਰੰਮਤ ਅਤੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਦੇ ਮਕਸਦ ਨਾਲ ਇਹ ਵਿਕਾਸ ਕਾਰਜ ਸ਼ੁਰੂ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੀ ਹੱਦ ‘ਚ ਸ਼ਾਮਲ ਇਲਾਕਿਆਂ ਦੇ ਲੋਕਾਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣਾ ਨਿਗਮ ਦੀ ਤਰਜੀਹ ਹੈ।
ਮੇਅਰ ਨੇ ਦੱਸਿਆ ਕਿ ਪਿੰਡ ‘ਚ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਦੂਰ ਕਰਨ ਲਈ ਨਵਾਂ ਟਿਊਬਵੈੱਲ ਲਗਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਪਿੰਡ ਨੂੰ ਜਲਦ ਹੀ ਨਹਿਰੀ ਪਾਣੀ ਨਾਲ ਵੀ ਜੋੜਿਆ ਜਾਵੇਗਾ। ਉਨ੍ਹਾਂ ਭਰੋਸਾ ਦਿੱਤਾ ਕਿ ਇਲਾਕੇ ‘ਚ ਵਿਕਾਸ ਕਾਰਜ ਮਿਆਰੀ ਢੰਗ ਨਾਲ ਕਰਵਾਏ ਜਾਣਗੇ ਅਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਲਈ ਲਗਾਤਾਰ ਉਪਰਾਲੇ ਕੀਤੇ ਜਾਣਗੇ।
ਇਸ ਮੌਕੇ ਵਾਰਡ ਨੰਬਰ 26 ਦੇ ਕੌਂਸਲਰ ਸਤਵਿੰਦਰ ਸਿੰਘ ਮਿੱਠੂ, ਬਲਾਕ ਸੰਮਤੀ ਮੈਂਬਰ ਅਵਤਾਰ ਸਿੰਘ ਅਤੇ ਸਾਬਕਾ ਸਰਪੰਚ ਗੁਰਸੇਵਕ ਸਿੰਘ ਪ੍ਰੇਮੀ ਨੇ ਵਿਕਾਸ ਕਾਰਜ ਸ਼ੁਰੂ ਕਰਵਾਉਣ ਲਈ ਮੇਅਰ ਦਾ ਧੰਨਵਾਦ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਪਿੰਡ ਦੇ RMC ਪੁਆਇੰਟ ’ਤੇ ਕੂੜੇ ਦੀ ਸਮੱਸਿਆ ਅਤੇ ਫਿਰਨੀ ’ਤੇ ਟੁੱਟੀ ਹੋਈ ਸੜਕ ਦਾ ਮਾਮਲਾ ਵੀ ਮੇਅਰ ਦੇ ਧਿਆਨ ‘ਚ ਲਿਆਂਦਾ।
ਮੇਅਰ ਸਰਬਜੀਤ ਸਿੰਘ ਸਮਾਣਾ ਨੇ ਦੋਵਾਂ ਸਮੱਸਿਆਵਾਂ ਦਾ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਆਰਪੀ ਸ਼ਰਮਾ,ਪੰਚ ਭੁਪਿੰਦਰ ਸਿੰਘ,ਪੰਚ ਭਾਗ ਸਿੰਘ, ਬੈਦਵਾਣ ਸਪੋਰਟਸ ਕਲੱਬ ਦੇ ਪ੍ਰਧਾਨ ਸੁਪਿੰਦਰ ਸਿੰਘ ਲਾਡੀ ਬੈਦਵਾਣ, ਹਰਜੋਤ ਸਿੰਘ ਗੱਬਰ, ਮਨਪ੍ਰੀਤ ਸਿੰਘ, ਇੰਜੀਨੀਅਰ ਨਰੇਸ਼ ਬੱਤਾ,ਨਿਗਰਾਨ ਇੰਜੀਨੀਅਰ ਕਮਲਦੀਪ ਸਿੰਘ ਸਮੇਤ ਹੋਰ ਅਧਿਕਾਰੀ ਅਤੇ ਪਿੰਡ ਵਾਸੀ ਮੌਜੂਦ ਸਨ।




