ਸ਼ਹੀਦੀਆਂ : ਵਾਹੀ ਆਉਂਦਾ ਵੱਖਰੀ ਲਕੀਰ ਪਾਤਸ਼ਾਹ (ਭਾਗ 4)

ਹਰਪ੍ਰੀਤ ਸਿੰਘ ਕਾਹਲੋਂ
Sr Executive Editor 

The Unmute

ਸ਼ਹੀਦੀਆਂ : ਵਾਹੀ ਆਉਂਦਾ ਵੱਖਰੀ ਲਕੀਰ ਪਾਤਸ਼ਾਹ !

ਵਾਹੀ ਆਉਂਦਾ ਵੱਖਰੀ ਲਕੀਰ ਪਾਤਸ਼ਾਹ !
ਕੰਢਿਆਂ ‘ਤੇ ਸੁੱਤਾ ਹੈ ਫ਼ਕੀਰ ਪਾਤਸ਼ਾਹ
~ ਦਵਿੰਦਰ ਸਿੰਘ ਰਾਉਂਕੇ
ਪਾਤਸ਼ਾਹ ਨੇ ਗੜ੍ਹੀ ਛੱਡੀ। ਕਿਉਂ ਕਿ ਖਾਲਸੇ ਦਾ ਗੁਰਮਤਾ ਸੀ। ਗੜ੍ਹੀ ਛੱਡਣ ਵੇਲੇ ਨਾਲ ਭਾਈ ਦਇਆ ਸਿੰਘ,ਧਰਮ ਸਿੰਘ ਤੇ ਮਾਨ ਸਿੰਘ ਸਨ। ਗੁਰੂ ਜੀ ਨੇ ਸਿੰਘਾਂ ਨੂੰ ਅੱਡ ਹੋਣ ਦਾ ਆਦੇਸ਼ ਦਿੱਤਾ ਅਤੇ ਬਚਨ ਕੀਤਾ ਮੈਂ ਇਸ ਤਾਰੇ ਦੀ ਸੇਧ ਉੱਤੇ ਜਾਵਾਂਗਾ। ਇਸ ਦੇ ਹਿਸਾਬ ਨਾਲ ਤੁਸੀਂ ਮੈਨੂੰ ਢੂੰਡ ਲੈਣਾ।
ਲੋਥਾਂ ਦੇ ਢੇਰ ਉੱਤੇ ਗੁਰੂ ਜੀ ਦੀ ਜੁੱਤੀ ਦਾ ਇਕ ਪੈਰ ਉਤਰ ਗਿਆ।ਉਹਨਾਂ ਨੇ ਦੂਜਾ ਵੀ ਉਤਾਰ ਦਿੱਤਾ। ਪਾਤਸ਼ਾਹ ਨੇ ਉੱਚੀ ਆਵਾਜ਼ ਵਿੱਚ ਕਿਹਾ ਕਿ ਖਾਲਸੇ ਦਾ ਗੁਰੂ ਜਾ ਰਿਹਾ ਏ। ਦੁਸ਼ਮਨ ਵਿੱਚ ਅਜੀਬ ਡਰਾਉਣਾ ਸ਼ੋਰ ਉੱਠਿਆ ਅਤੇ ਪਾਗਲਾਂ ਵਾਂਗ ਏਧਰ ਓਧਰ ਦੌੜ ਭੱਜ ਸ਼ੁਰੂ ਹੋਈ। ਗੜ੍ਹੀ ‘ਚ ਜੈਕਾਰਿਆ ਦੀ ਗੂੰਜ ਸੀ ਤੇ ਗੁਰੂ ਜੀ ਅਤੇ ਸਿੰਘ ਘੇਰੇ ‘ਚੋਂ ਬਾਹਰ ਆ ਗਏ ਸਨ…
ਮਾਛੀਵਾੜਾ
ਮਾਛੀਵਾੜਾ ਉਹਨਾਂ ਸਮਿਆਂ ‘ਚ ਮਛੇਰਿਆਂ ਦੀ ਬਸਤੀ ਸੀ। ਨਗਰ ਸਤਿਲੁਜ ਦੇ ਕੰਢੇ ‘ਤੇ ਸੀ।ਜ਼ਿਕਰ ਹੈ ਕਿ ਉਸ ਵੇਲੇ ਇਸ ਥਾਂ ਦਾ ਨਾਮ ਮਾਛੀਪੁਰ,ਮਾਰੀਵਾਰਾ,ਮੀਨਪੁਰ ਜਾਂ ਮੀਨਵਾਰਾ ਵੀ ਮਸ਼ਹੂਰ ਸੀ।
ਹਰਿੰਦਰ ਸਿੰਘ ਮਹਿਬੂਬ ਜ਼ਿਕਰ ਕਰਦੇ ਨੇ ਕਿ ਸਿਆਲ ਦੀ ਠਰੀ ਰਾਤ ਵਿਚ ਹਜ਼ੂਰ ਕੰਡਿਆਲੇ ਜੰਗਲਾਂ ਵਿਚ ਪੈਦਲ ਚੱਲ ਰਹੇ ਸਨ।ਕੰਡਿਆਂ ਨਾਲ ਪੈਰ ਛਿੱਲੇ ਗਏ ਸਨ ਅਤੇ ਜਾਮਾ ਝਰੀਟਿਆ ਗਿਆ ਸੀ। ਟਿੱਬਿਆਂ ਦੀ ਰੇਤ ਲਹੂ ਨੂੰ ਸੁੰਨ ਕਰ ਦੇਣ ਵਾਲੀ ਸੀ। ਨੇਰਾ ਸੰਘਣਾ ਪਰ ਛੁਰੀ ਵਰਗਾ ਤਿੱਖਾ ਸੀ।
ਫਜ਼ਰ ਵੇਲੇ ਹਜ਼ੂਰ ਮਾਛੀਵਾੜੇ ਦੀ ਜੂਹ ਵਿੱਚ ਦਾਖਲ ਹੋਏ।ਚਮਕੌਰ ਤੋਂ 5 ਕਿਲੋਮੀਟਰ ਦੇ ਫਾਸਲੇ ‘ਤੇ ਜ਼ਿਕਰ ਹੈ ਕਿ ਹਜ਼ੂਰ ਨੂੰ ਫਜ਼ਰ ਤੋਂ ਪਹਿਲਾਂ ਬੀਆਬਾਨ ‘ਚ ਦੋ ਗੁੱਜਰ ਮਿਲੇ।ਜੋ ਕਿ ਉਹਨਾਂ ਨੂੰ ਵੇਖਕੇ ਸ਼ੱਕ ਵਿਚ ਰੌਲਾ ਪਾਉਣ ਲੱਗੇ। ਹਜ਼ੂਰ ਨੇ ਬੜੀ ਫੁਰਤੀ ਨਾਲ ਵਾਰੋ ਵਾਰੀ ਇਸ ਅੰਦਾਜ਼ ਨਾਲ ਤੀਰ ਚਲਾਏ ਕਿ ਉਹਨਾਂ ਨੂੰ ਬੇਹੋਸ਼ ਕਰ ਦਿੱਤਾ।ਇੱਥੇ ਗੁਰੂ ਜੀ ਨੇ ਜੰਡ ਹੇਠਾਂ ਅਰਾਮ ਕੀਤਾ ਫਿਰ ਪਿੰਡ ਚੂਹੜਵਾਲ,ਬਹਿਲੋਲਪੁਰ ਤੋਂ ਹੁੰਦਿਆਂ ਸੰਘਣੇ ਝਾੜਾਂ ਵਿਚ ਅਰਾਮ ਫੁਰਮਾਇਆ। ਮਲ੍ਹਿਆਂ ਨਾਲੋਂ ਤੋੜ ਬੇਰ ਛਕੇ। ਝਾੜ ਸਾਹਬ ਤੋਂ ਪਵਾਤ ਵਿਚੋਂ ਸਿਹਜੋ ਮਾਜਰੇ ਪਹੁੰਚੇ।
ਅਖੀਰ ਫਜ਼ਰ ਵੇਲੇ ਹਜ਼ੂਰ ਮਾਛੀਵਾੜੇ ਦੀ ਜੂਹ ਵਿੱਚ ਦਾਖਲ ਹੋਏ। ਨੇੜੇ ਇਕ ਖੂਹ ਸੀ ਜਿਸ ਨੂੰ ਗੇੜਕੇ ਪਾਣੀ ਪੀਤਾ।ਉੱਥੇ ਹੀ ਸੁੱਕੇ ਘਾਹ ਦੇ ਸੱਥਰ ‘ਤੇ ਇਕ ਜੰਡ ਕੋਲ ਟਿੰਡਾ ਦਾ ਸਿਰਹਾਣਾ ਲਾਕੇ ਪਤਾਸ਼ਾਹ ਗੂੜ੍ਹੀ ਨੀਂਦ ਸੌਂ ਗਏ।
ਧੁਪਾਂ ਚੜ੍ਹੀਆਂ ਤੱਕ ਗੁਰੁ ਜੀ ਡੂੰਗੀ ਨੀੰਦ ਸੁੱਤੇ ਰਹੇ।ਉਸ ਵੇਲੇ ਵਿਚੋਂ ਉਹਨਾਂ ਦੀ ਰੂਹ ਵਿਚੋਂ ਜੰਗਲਾਂ ਦੀ ਫਿਜ਼ਾਂ ਵਿਚ ਇਕ ਮਿੱਠਾ ਸ਼ਬਦ ਉਤਰ ਰਿਹਾ ਸੀ| ਮਿੱਤਰ ਪਿਆਰੇ ਨੂੰ….
ਭਾਈ ਸੁਰਿੰਦਰ ਸਿੰਘ ਖਾਲਸਾ ਖਜੂਰਲਾ ਨੇ ਇਸ ਬਾਰੇ ਵੱਡੀਆਂ ਖੋਜਾਂ ਕੀਤੀਆਂ ਨੇ।ਉਹਨਾਂ ਇਸ ਬਾਰੇ ਪੋਹ ਦੀਆਂ ਰਾਤਾਂ ਕਿਤਾਬ ਵੀ ਲਿਖੀ ਹੈ।ਉਹਨਾਂ ਮੁਤਾਬਕ ਸਰਸਾ ਨਦੀ ਸਤਿਲੁਜ ਦਰਿਆ ਵਿੱਚ ਪੈ ਜਾਂਦੀ ਹੈ।ਇਹਨੂੰ ਸਤਲੁਜ ਤੇ ਸਰਸਾ ਦਾ ਕਿਨਾਰਾ ਕਹਿੰਦੇ ਹਨ।ਇਹ ਪਿੰਡ ਚੱਕ ਢੇਰਾ ਦਾ ਸਤਲੁਜ ਦਾ ਪੱਤਣ ਕਾਗਜ਼ਾਂ ਵਿਚ ਪੁਰਾ ਬੋਲਦਾ ਹੈ। ਪਰਿਵਾਰ ਵਿਛੋੜੇ ਤੋਂ ਅੱਗੇ ਦੋ ਹੀ ਪੱਤਣ ਬੋਲਦੇ ਹਨ ਜੋ ਸਰਸਾ ਨਦੀ ਦੇ ਨੇੜੇ ਹਨ।ਪਹਿਲਾਂ ਪਿੰਡ ਅਵਾਨਕੋਟ ਦਾ ਪੱਤਣ ਹੈ ਅਤੇ ਦੂਜਾ ਪਿੰਡ ਚੱਕ ਢੇਰਾ ਦਾ ਪੱਤਣ ਹੈ।ਅਵਾਨਕੋਟ ਦਾ ਪੱਤਣ ਨੂਰਪੁਰ ਬੇਦੀ ਤੇ ਆਨੰਦਪੁਰ ਸਾਹਿਬ ਵੱਲ ਜਾਂਦਾ ਹੈ।ਇੱਥੇ ਫੌਜਾਂ ਦੀ ਕਿਲੇਬੰਦੀ ਸੀ।ਪਹਾੜਾਂ ਵਾਲੇ ਪਾਸੇ ਪਹਾੜੀ ਹਿੰਦੂ ਰਾਜਿਆਂ ਦਾ ਰਾਜ ਸੀ ਜੋ ਉਸ ਸਮੇਂ ਮੁਗਲ ਫੌਜ ਨਾਲ ਖੜ੍ਹ ਗੁਰੂ ਦੇ ਦੁਸ਼ਮਨ ਬਣੇ ਸਨ।
ਸਰਸਾ ਨਦੀ ‘ਤੇ ਪਰਿਵਾਰ ਤੋਂ ਵਿਛੜਕੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੇ ਪਹਿਲੀ ਰਾਤ ਕੁੰਮੇ ਮਾਸ਼ਕੀ ਦੀ ਝੁੱਗੀ ਵਿਚ ਪਿੰਡ ਚੱਕ ਢੇਰਾ ਵਾਲੇ ਪੱਤਣ ‘ਤੇ ਹੀ ਕੱਟੀ ਜੋ ਸਤਿਲੁਜ ਦਾ ਕੰਢਾ ਹੈ। 1790 ‘ਚ ਲਿਖੀਆਂ ਗੁਰੂ ਕੀਆਂ ਸਾਖੀਆਂ ਮੁਤਾਬਕ ਗੁਰੂ ਜੀ 9,10,11 ਪੋਹ ਤਿੰਨ ਦਿਨ ਮਾਛੀਵਾੜੇ ਰਹੇ।ਇਹ ਤਿੰਨ ਦਿਨ ਸਿੱਖ ਇਤਿਹਾਸ ਦੇ ਖਾਸ ਦਿਨ ਹਨ। ਪਾਤਸ਼ਾਹ ਨੇ ਬਾਦਸ਼ਾਹ ਨੂੰ ਫਾਰਸੀ ਵਿਚ ਦੋ ਚਿੱਠੀਆਂ ਲਿਖੀਆਂ।ਇੱਕ ਦੀਨਾਕਾਂਗੜ ਲਿਖਿਆ ਜ਼ਫ਼ਰਨਾਮਾ ਅਤੇ ਦੂਜਾ ਇਸ ਤੋਂ ਪਹਿਲਾਂ ਮਾਛੀਵਾੜੇ ਤੋਂ ਲਿਖਿਆ ਫਤਹਿਨਾਮਾ ਸੀ।ਇਸ ਵਿੱਚ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਜ਼ਿਕਰ ਹੈ।ਨਿੱਕੇ ਸਾਹਿਬਜ਼ਾਦਿਆਂ ਤੇ ਮਾਤਾ ਜੀ ਬਾਰੇ ਗੁਰੂ ਗੋਬਿੰਦ ਸਿੰਘ ਜੀ ਨੂੰ ਅੱਗੇ ਰਾਏਕੋਟ ਨੇੜੇ ਲੰਮੇ ਜੱਟਪੁਰੇ ਜਾਕੇ ਨੂਰਾਂ ਮਾਹੀ ਦੇ ਰਾਹੀਂ ਸਾਰਾ ਹਾਲ ਪਤਾ ਲੱਗਾ ਸੀ।
ਫਤਿਹਨਾਮਾ ਵਿਚ 100 ਸ਼ੇਅਰ ਹਨ।ਜੋ ਬਾਬੂ ਜਗਨਨਾਥ ਦਾਸ ਨੂੰ 1890 ਈ ਨੂੰ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਤੋਂ ਮਹੰਤ ਬਾਬਾ ਸੁਮੇਰ ਸਿੰਘ ਕੋਲੋਂ ਮਿਲੇ ਸਨ।ਭਾਈ ਵੀਰ ਸਿੰਘ ਹੁਣਾਂ 16 ਜੁਲਾਈ 1942 ਨੂੰ ਪਹਿਲੀ ਵਾਰ ਖਾਲਸਾ ਸਮਾਚਾਰ ਵਿਚ ਫਤਹਿਨਾਮਾ ਨੂੰ ਛਾਪਿਆ ਸੀ। ਸਰਕਾਰੀ ਗਜ਼ਟੀਅਰ ਮੁਤਾਬਕ ਮਾਛੀਵਾੜਾ ਖੱਦਰ ਲਈ ਵੀ ਮਸ਼ਹੂਰ ਸੀ।ਗੁਰੂ ਕੀਆਂ ਸਾਖੀਆਂ ਵਿਚ ਮਾਈ ਸੋਮਾਂ ਬਾਹਮਣੀ ਤੇ ਬੀਬੀ ਦੇਸਾਂ ਖਤਰਾਣੀ ਦਾ ਜ਼ਿਕਰ ਹੈ।ਜੋ ਪਾਤਸ਼ਾਹ ਨੂੰ ਹੱਥੀ ਖੱਦਰ ਤਿਆਰ ਕਰਕੇ ਆਨੰਦਪੁਰ ਸਾਹਿਬ ਭੇਟਾਂ ਕਰਦੀਆਂ ਸਨ।ਇਹ ਮਾਤਾਵਾਂ ਵੀ ਇੱਥੇ ਗੁਰੂ ਜੀ ਨੂੰ ਮਿਲੀਆਂ।
ਹੁਣ ਮਾਛੀਵਾੜੇ ਤੋਂ ਸੁਰੱਖਿਅਤ ਅੱਗੇ ਜਾਣ ਬਾਰੇ ਸੋਚਿਆ ਜਾ ਰਿਹਾ ਸੀ।ਭਾਈ ਗੁਲਾਬਾ,ਪੰਜਾਬਾ,ਨਾਲ ਗੁਰੂ ਜੀ ਦੇ ਤਿੰਨ ਸਿੰਘ ,ਗਨੀ ਖਾਂ,ਨਬੀ ਖਾਂ ਮੌਜੂਦ ਸਨ।
ਨਿਰੰਜਨ ਸਿੰਘ ਸਾਥੀ ਗਿਆਨ ਸਿੰਘ ਦੇ ਤਵਾਰੀਖ ਗੁਰੂ ਖਾਲਸਾ ਦੇ ਹਵਾਲੇ ਨਾਲ ਸੱਯਦ ਅਨਾਇਤ ਅਲ਼ੀ ਨੂਰਪੂਰੀਆ,ਸੱਯਦ ਹਸਨ ਅਲੀ ਮੋਠੂ ਮਾਜਰੇ ਅਤੇ ਗੁਰੂ ਕੀਆਂ ਸਾਖੀਆਂ ਦੇ ਹਵਾਲੇ ਨਾਲ ਕਾਜ਼ੀ ਚਰਾਗ ਸ਼ਾਹ ਅਜਨੇਰੀਆ,ਕਾਜ਼ੀ ਪੀਰ ਮੁਹੰਮਦ ਸਲੋਹ ਵਾਲਾ,ਸੁਬੇਗ ਸ਼ਾਹ ਹਲਵਾਰੀਆ ਵਲੋਂ ਕੀਤੀ ਸਹਾਇਤਾ ਦਾ ਵੀ ਜ਼ਿਕਰ ਕਰਦੇ ਹਨ। ਉੱਚ ਦਾ ਪੀਰ…
ਬਹਾਵਲਪੁਰ ਰਿਆਸਤ ਦਾ ਨਗਰ ਜੋ ਮੁਸਲਮਾਨਾਂ ਵਿੱਚ ਉੱਚ ਸ਼ਰੀਫ ਵਜੋਂ ਮਸ਼ਹੂਰ ਸੀ। ਉੱਚ ਨਗਰ ਦੇ ਪੀਰਾਂ ਦਾ ਮੁਸਲਮਾਨ ਜਗਤ ਵਿੱਚ ਬਹੁਤ ਆਦਰ ਸਤਕਾਰ ਸੀ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਗਨੀ ਖਾਂ ਨਬੀ ਖਾਂ ਸਿੰਘਾਂ ਨਾਲ ਉੱਚ ਦਾ ਪੀਰ ਬਣਾਕੇ ਮਾਛੀਵਾੜੇ ਤੋਂ ਆਲਮਗੀਰ ਲੈਕੇ ਗਏ ਸੀ।
ਹਵਾਲਾ :- ਪੰਜਾਬੀ ਲੋਕ ਧਾਰਾ, ਸੋਹਿੰਦਰ ਸਿੰਘ ਵਣਜਾਰਾ ਬੇਦੀ
ਹਰਿੰਦਰ ਸਿੰਘ ਮਹਿਬੂਬ ਉਸ ਸਮੇਂ ਦਾ ਜ਼ਿਕਰ ਬਹੁਤ ਕਮਾਲ ਕਰਦੇ ਨੇ ।ਸਿਆਲ ਦੀ ਲੰਮੀ ਰਾਤ ਬੀਤੀ।ਮਾਛੀਵਾੜੇ ਉੱਤੇ ਮੁੜ ਸਵੇਰ ਹੋਈ।ਹਜ਼ੂਰ ਦੇ ਇਥੋਂ ਤੁਰਨ ਦਾ ਵਕਤ ਆ ਗਿਆ ਸੀ। ਸਦਾ ਹੀ ਇਸ ਸਵੇਦ ਦੇ ਅਰਥ ਕਾਲ ਦੀਆਂ ਅਨੇਕਾ ਸਵੇਰਾਂ ਨਾਲੋਂ ਵਿਸ਼ੇਸ਼ ਰਹਿਣਗੇ।ਕਿਉਂ ਕਿ ਇਸ ਸਵੇਰ ਨੂੰ ਇਨਸਾਨ ਦੇ ਦਿਲਾਂ ਦੀਆਂ ਖੂਬੀਆਂ ਨੇ ਇਤਿਹਾਸ ਨੂੰ ਇਕ ਬੇਮਿਸਾਲ ਨੁਹਾਰ ਬਖਸ਼ੀ ਸੀ।ਇਸ ਸਵੇਰ ਨੂੰ ਹਜ਼ੂਰ ਨੇ ਨੀਲਾ ਜਾਮਾ ਪਹਿਨਿਆ।ਜਿਸਨੂੰ ਉਹਨਾਂ ਦਾ ਹੁਕਮ ਮਿਲਣ ਉੱਤੇ ਕੱਲ੍ਹ ਮਾਤਾ ਗੁਰਦੇਈ ਨੇ ਉਸ ਖੱਦਰ ਤੋਂ ਤਿਆਰ ਕਰਵਾਇਆ ਸੀ ਜੋਕਿ ਹਜ਼ੂਰ ਦੀ ਅਮਾਨਤ ਦੇ ਤੌਰ ਉੱਤੇ ਕੁਝ ਸਮੇਂ ਤੋਂ ਉਸ ਕੋਲ ਪਿਆ ਸੀ।
ਇਹ ਸਵੇਰ ਗਨੀ ਖਾਂ ਅਤੇ ਨਬੀ ਖਾਂ ਦੇ ਸਿਦਕ ਨਾਲ ਰੌਸ਼ਨ ਸੀ।ਅੱਜ ਆਪ ਨੂੰ ਉਹਨਾਂ ਦੋ ਪਿਆਰੇ ਮੀਜ਼ਬਾਨਾਂ ਨੇ ਉੱਚ ਦੇ ਪੀਰ ਮੰਨਿਆ।ਇਕੱ ਖੂਬਸੂਰਤ ਨਵਾਰੀ ਚਾਰ ਪਾਈ ਉੱਤੇ ਨਵਾਬੀ ਗਲੀਚਾ ਵਿਛਾਕੇ ਗੁਰੂ ਜੀ ਦਾ ਆਸਣ ਲਗਾਇਆ ਗਿਆ।ਉਹਨਾਂ ਨੇ ਆਪਣੇ ਲੰਮੇ ਕੇਸ ਪਿੱਛੇ ਵੱਲ ਨੂੰ ਖੁਲ੍ਹੇ ਛੱਡੇ ਹੋਏ ਸਨ।ਸਿੰਘਾਂ ਦਾ ਵੇਸ ਵੀ ਇਹੋ ਸੀ।ਗਨੀ ਖਾਂ ਅਤੇ ਨਬੀ ਖਾਂ ਨੇ ਚਾਰਪਾਈ ਦਾ ਅਗਲਾ ਹਿੱਸਾ ਅਤੇ ਧਰਮ ਸਿੰਘ ਅਤੇ ਮਾਨ ਸਿੰਘ ਨੇ ਪਿਛਲਾ ਹਿੱਸਾ ਉਠਾ ਲਿਆ।ਭਾਈ ਦਇਆ ਸਿੰਘ ਪਿੱਛੇ ਪਿੱਛੇ ਚੋਰ ਲੈਕੇ ਤੁਰਨ ਲੱਗੇ।
ਮਹਿਬੂਬ ਸਾਹਬ ਕਹਿੰਦੇ ਕਿ ਅਸੀਂ ਸ਼ੱਕ ਪੈਣ ਦੀ ਕਹਾਣੀ ਨੂੰ ਗਲਤ ਸਮਝਦੇ ਹਾਂ ਪਰ ਉਹ ਸੱਚ ਹੀ ਸੀ ਸ਼ੱਕ ਨਹੀਂ।ਫੌਜਦਾਰ ਦਲੇਰ ਖਾਂ ਨੇ ਤੱਕਿਆ ਤਾਂ ਉਸਦੀ ਰੂਹ ਵਿਚ ਹਜ਼ੂਰ ਦੀ ਪੈਗੰਬਰੀ ਬਜ਼ੁਰਗੀ ਦਾ ਪਰਛਾਂਵੇ ਮਾਤਰ ਕਮਾਲ ਉੱਤਰ ਗਿਆ।ਉਹਨੂੰ ਸੁਪਨੇ ਜਹੇ ਵਿੱਚ ਲੱਗਿਆ ਜਿਵੇਂ ਤੌਹੀਦ ਦੀ ਰੌਸ਼ਨੀ ਜਾ ਰਹੀ ਹੋਵੇ।ਉਸ ਸਮੇਂ ਗੁਰੂ ਦੇ ਮਦਦਗਾਰ ਪੀਰਾਂ ਤੇ ਜਾਣ ਪਛਾਣ ਵਾਲਿਆਂ ਉੱਚ ਦਾ ਪੀਰ ਕਹਿ ਸਿਜਦਾ ਕੀਤਾ।
ਹਵਾਲੇ :-
ਚਰਣੁ ਚਲਹੁ ਮਾਰਗਿ ਗੋਬਿੰਦ – ਨਿਰੰਜਨ ਸਿੰਘ ਸਾਥੀ
ਪੋਹ ਦੀਆਂ ਰਾਤਾਂ – ਭਾਈ ਸੁਰਿੰਦਰ ਸਿੰਘ ਖਾਲਸਾ ਖਜੂਰਲਾ
ਇਲਾਹੀ ਨਦਰਿ ਦੇ ਪੈਂਡੇ – ਹਰਿੰਦਰ ਸਿੰਘ ਮਹਿਬੂਬ
ਸਹਿਜੇ ਰਚਿਓ ਖਾਲਸਾ – ਹਰਿੰਦਰ ਸਿੰਘ ਮਹਿਬੂਬ
ਸਾਹਿਬਜ਼ਾਦਿਆਂ ਦੇ ਸ਼ਹੀਦੀ ਪ੍ਰਸੰਗ – ਚੇਤਨ ਸਿੰਘ
ਮਹਾਨ ਕੋਸ਼ – ਭਾਈ ਕਾਨ੍ਹ ਸਿੰਘ ਨਾਭਾ
ਸਿੱਖ ਪੰਥ ਦਾ ਸੂਰਮਾ ਹਲਵਾਈ – ਭੱਕਰ ਸਿੰਘ
ਕਲਗੀਧਰ ਚਮਤਕਾਰ – ਭਾਈ ਵੀਰ ਸਿੰਘ

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।