ਪਟਿਆਲਾ, 25 ਅਗਸਤ 2026: ਜਾਪਾਨ ਇੰਟਰਨੈਸ਼ਨਲ ਕੋਆਪਰੇਸ਼ਨ ਏਜੰਸੀ (ਜੇਆਈਸੀਏ), ਜਾਪਾਨ ਦੀ ਨਿੱਪੋਨ ਸਪੋਰਟ ਸਾਇੰਸ ਯੂਨੀਵਰਸਿਟੀ (ਐਨਐਸਐਸਯੂ) ਅਤੇ ਨੇਤਾਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ (ਐਨਐਸਐਨਆਈਐਸ), ਪਟਿਆਲਾ ਵੱਲੋਂ ਭਾਰਤ ਦੀ ਕੋਚ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਫੈਕਲਟੀ ਅਤੇ ਕੋਚ ਵਿਕਾਸ ਵਰਕਸ਼ਾਪ ਕਰਵਾਈ। ਇਸ ਵਰਕਸ਼ਾਪ ਦਾ ਵਿਸ਼ਾ “ਲਰਨਰ-ਸੈਂਟਰਡ ਕੋਚ ਡਿਵੈਲਪਮੈਂਟ ਦਾ ਤਜਰਬਾ ਅਤੇ ਡਿਜ਼ਾਈਨ” ਸੀ।
ਵਰਕਸ਼ਾਪ ਦੀ ਅਗਵਾਈ ਐਨਐਸਐਸਯੂ ਦੇ ਪ੍ਰੋਫੈਸਰ ਅਤੇ ਐਨਐਸਐਸਯੂ ਕੋਚ ਡਿਵੈਲਪਰ ਅਕੈਡਮੀ ਦੇ ਡਾਇਰੈਕਟਰ ਡਾ. ਮਾਸਾਮਿਤਸੁ ਇਤੋ ਨੇ ਕੀਤੀ। ਇਸ ਵਿੱਚ ਸੰਸਥਾ ਦੇ ਫੈਕਲਟੀ ਮੈਂਬਰਾਂ ਅਤੇ ਕੋਚ ਅਧਿਆਪਕਾਂ ਨੇ ਭਾਗ ਲਿਆ। ਵਰਕਸ਼ਾਪ ਦੌਰਾਨ ਰਵਾਇਤੀ ਲੈਕਚਰ ਆਧਾਰਿਤ ਸਿੱਖਿਆ ਦੀ ਬਜਾਏ ਸੰਵਾਦ, ਤਜਰਬੇ, ਸਹਿਯੋਗ ਅਤੇ ਆਤਮ-ਚਿੰਤਨ ਆਧਾਰਿਤ ਸਿੱਖਣ ਦੀ ਪ੍ਰਕਿਰਿਆ ’ਤੇ ਜ਼ੋਰ ਦਿੱਤਾ ਗਿਆ।
ਇਸ ਪ੍ਰੋਗਰਾਮ ਦਾ ਉਦੇਸ਼ ਕੋਚ ਅਧਿਆਪਕਾਂ ਦੀ ਸਿਖਲਾਈ ਸਮਰੱਥਾ ਵਧਾਉਣਾ, ਕੋਚਿੰਗ ਸਿੱਖਿਆ ਦੀ ਗੁਣਵੱਤਾ ‘ਚ ਸੁਧਾਰ ਕਰਨਾ ਅਤੇ ਮਜ਼ਬੂਤ ਤੇ ਟਿਕਾਊ ਮਨੁੱਖੀ ਸਰੋਤ ਵਿਕਾਸ ਪ੍ਰਣਾਲੀ ਤਿਆਰ ਕਰਨਾ ਸੀ। ਪ੍ਰੋਗਰਾਮ ‘ਚ ਪ੍ਰਭਾਵਸ਼ਾਲੀ ਸੰਚਾਰ, ਸਿੱਖਣ ਦੀ ਯੋਜਨਾ, ਟ੍ਰੇਨਿੰਗ ਸੰਚਾਲਨ, ਸਹਿਕਰਮੀ ਸਿੱਖਿਆ ਅਤੇ ਫੀਡਬੈਕ ਵਰਗੇ ਵਿਸ਼ਿਆਂ ’ਤੇ ਸਿਖਲਾਈ ਦਿੱਤੀ। ਭਾਗੀਦਾਰਾਂ ਨੇ ਆਪਣੀ ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ਲਈ ਕਾਰਜ ਯੋਜਨਾਵਾਂ ਵੀ ਤਿਆਰ ਕੀਤੀਆਂ।
ਐਨਐਸਐਨਆਈਐਸ ਪਟਿਆਲਾ ਦੇ ਡਿਪਟੀ ਡਾਇਰੈਕਟਰ ਜਨਰਲ ਵਿਨੀਤ ਕੁਮਾਰ ਨੇ ਕਿਹਾ, “ਇਹ ਵਰਕਸ਼ਾਪ ਸਾਡੇ ਕੋਚਾਂ ਲਈ ਬਹੁਤ ਲਾਭਦਾਇਕ ਰਹੀ। ਇਸ ‘ਚ 29 ਤੋਂ ਵੱਧ ਕੋਚਾਂ ਨੇ ਭਾਗ ਲਿਆ ਅਤੇ ਉਨ੍ਹਾਂ ਨੂੰ ਲਰਨਰ-ਸੈਂਟਰਡ ਕੋਚਿੰਗ, ਐਕਟਿਵ ਲਰਨਿੰਗ, ਪ੍ਰਭਾਵਸ਼ਾਲੀ ਸੰਚਾਰ, ਲਰਨਿੰਗ ਪਲਾਨ, ਟ੍ਰੇਨਿੰਗ ਸੰਚਾਲਨ, ਸਹਿਕਰਮੀ ਸਿੱਖਿਆ ਅਤੇ ਫੀਡਬੈਕ ਦਾ ਵਿਹਾਰਕ ਤਜਰਬਾ ਮਿਲਿਆ।” ਡਾ. ਮਾਸਾਮਿਤਸੁ ਇਤੋ ਨੇ ਕਿਹਾ, “ਜਦੋਂ ਕੋਚ ਅਧਿਆਪਕ ਖੁਦ ਸਿੱਖਣ ਦੀ ਪ੍ਰਕਿਰਿਆ ਦਾ ਤਜਰਬਾ ਕਰਦੇ ਹਨ ਤਾਂ ਉਹ ਦੂਜਿਆਂ ਨੂੰ ਬਿਹਤਰ ਢੰਗ ਨਾਲ ਸਿੱਖਣ ‘ਚ ਮੱਦਦ ਕਰ ਸਕਦੇ ਹਨ।
ਜੇਆਈਸੀਏ ਇੰਡੀਆ ਆਫਿਸ ਦੇ ਮੁੱਖ ਪ੍ਰਤੀਨਿਧੀ ਤਾਕੁਰੋ ਟਾਕੇਉਚੀ ਨੇ ਕਿਹਾ, “ਖੇਡ ਸਮਾਜਿਕ ਅਤੇ ਖੇਡ ਪ੍ਰਦਰਸ਼ਨ ਦੋਵਾਂ ਖੇਤਰਾਂ ਵਿੱਚ ਬਦਲਾਅ ਲਿਆਉਣ ਦਾ ਇੱਕ ਸ਼ਕਤੀਸ਼ਾਲੀ ਮਾਧਿਅਮ ਹੈ। ਜੇਆਈਸੀਏ ਨੂੰ ਭਾਰਤ ਦੀ ਕੋਚ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਅਤੇ ਜੀਵਨ ਭਰ ਸਿੱਖਣ ਦੀ ਸੰਸਕ੍ਰਿਤੀ ਨੂੰ ਉਤਸ਼ਾਹਿਤ ਕਰਨ ਲਈ ਐਨਐਸਐਨਆਈਐਸ ਪਟਿਆਲਾ ਅਤੇ ਐਨਐਸਐਸਯੂ ਨਾਲ ਕੰਮ ਕਰਕੇ ਖੁਸ਼ੀ ਹੈ।”
Read More: ਪੰਜਾਬੀ ਯੂਨੀਵਰਸਿਟੀ ‘ਚ ਫੀਸ ਵਾਧੇ ਦੇ ਵਿਰੋਧ ‘ਚ ਵਿਦਿਆਰਥੀਆਂ ਨੇ ਲਾਇਆ ਧਰਨਾ




