ਸਪੋਰਟਸ, 23 ਸਤੰਬਰ 2026: IND ਬਨਾਮ NZ: ਨਿਊਜ਼ੀਲੈਂਡ ਨੇ ਭਾਰਤ ਖਿਲਾਫ਼ ਪੰਜ ਮੈਚਾਂ ਦੀ ਟੀ-20 ਸੀਰੀਜ਼ ਲਈ 16 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ। ਮਿਸ਼ੇਲ ਸੈਂਟਨਰ ਟੀਮ ਦੀ ਕਪਤਾਨੀ ਕਰਨਗੇ। ਤੇਜ਼ ਗੇਂਦਬਾਜ਼ ਐਡਮ ਮਿਲਨੇ ਇੱਕ ਸਾਲ ਤੋਂ ਵੱਧ ਸਮੇਂ ਬਾਅਦ ਰਾਸ਼ਟਰੀ ਟੀਮ ‘ਚ ਵਾਪਸੀ ਕੀਤੀ ਹੈ। ਇਸ ਦੌਰਾਨ, ਰਚਿਨ ਰਵਿੰਦਰ ਮੋਢੇ ਦੀ ਸੱਟ ਕਾਰਨ ਟੀ-20 ਸੀਰੀਜ਼ ‘ਚ ਨਹੀਂ ਖੇਡਣਗੇ। ਨਿਊਜ਼ੀਲੈਂਡ ਨੇ ਟੀਮ ‘ਚ ਸੱਤ ਤੇਜ਼ ਗੇਂਦਬਾਜ਼ਾਂ ਨੂੰ ਸ਼ਾਮਲ ਕੀਤਾ ਹੈ।
ਇਹ ਸੀਰੀਜ਼ ਭਾਰਤ ਦੇ ਨਿਊਜ਼ੀਲੈਂਡ ਦੌਰੇ ਦਾ ਹਿੱਸਾ ਹੈ। ਦੋਵਾਂ ਟੀਮਾਂ ਵਿਚਕਾਰ ਪਹਿਲਾ ਟੀ-20 ਮੈਚ 22 ਅਕਤੂਬਰ ਨੂੰ ਕ੍ਰਾਈਸਟਚਰਚ ਦੇ ਹੇਗਲੀ ਓਵਲ ਵਿਖੇ ਖੇਡਿਆ ਜਾਵੇਗਾ। ਪੰਜ ਮੈਚਾਂ ਦੀ ਸੀਰੀਜ਼ 11 ਦਿਨਾਂ ‘ਚ ਚਾਰ ਸ਼ਹਿਰਾਂ ਵਿੱਚ ਖੇਡੀ ਜਾਵੇਗੀ। ਦੋਵਾਂ ਟੀਮਾਂ ਵਿਚਕਾਰ ਪੰਜ ਵਨਡੇ ਅਤੇ ਦੋ ਟੈਸਟ ਵੀ ਖੇਡੇ ਜਾਣਗੇ।
ਨਿਊਜ਼ੀਲੈਂਡ ਦੀ ਟੀਮ ‘ਚ ਟੀ-20 ਵਿਸ਼ਵ ਕੱਪ ਦੀ ਉਪ ਜੇਤੂ ਟੀਮ ਦੇ 13 ਖਿਡਾਰੀ
ਨਿਊਜ਼ੀਲੈਂਡ ਕ੍ਰਿਕਟ ਦੇ ਅਨੁਸਾਰ, ਇਸ ਸਾਲ ਦੇ ਸ਼ੁਰੂ ਵਿੱਚ ਭਾਰਤ ਤੋਂ ਟੀ-20 ਵਿਸ਼ਵ ਕੱਪ ਫਾਈਨਲ ਹਾਰਨ ਵਾਲੀ ਟੀਮ ਦੇ 13 ਖਿਡਾਰੀਆਂ ਨੂੰ ਬਰਕਰਾਰ ਰੱਖਿਆ ਗਿਆ ਹੈ। ਸੱਟ ਕਾਰਨ ਵਿਸ਼ਵ ਕੱਪ ਤੋਂ ਬਾਹਰ ਰਹਿਣ ਵਾਲੇ ਮਾਈਕਲ ਬ੍ਰੇਸਵੈੱਲ ਅਤੇ ਐਡਮ ਮਿਲਨੇ ਵਾਪਸ ਆ ਗਏ ਹਨ।
ਮਿਲਨੇ ਦੀ ਇੱਕ ਸਾਲ ਬਾਅਦ ਵਾਪਸੀ
34 ਸਾਲਾ ਮਿਲਨੇ ਨੇ ਆਖਰੀ ਵਾਰ ਜ਼ਿੰਬਾਬਵੇ ਵਿਰੁੱਧ ਅੰਤਰਰਾਸ਼ਟਰੀ ਮੈਚ ਖੇਡਿਆ ਸੀ। ਉਸਨੂੰ 56 ਅੰਤਰਰਾਸ਼ਟਰੀ ਮੈਚਾਂ ਸਮੇਤ 243 ਟੀ-20 ਮੈਚਾਂ ਦਾ ਤਜਰਬਾ ਹੈ। ਤਜਰਬੇਕਾਰ ਤੇਜ਼ ਗੇਂਦਬਾਜ਼ ਲੌਕੀ ਫਰਗੂਸਨ, ਮੈਟ ਹੈਨਰੀ, ਕਾਇਲ ਜੈਮੀਸਨ ਅਤੇ ਜੈਕਬ ਡਫੀ ਮਿਲਨੇ ਦੇ ਨਾਲ ਟੀਮ ‘ਚ ਹਨ। ਜੈਕ ਫਾਲਕਸ ਅਤੇ ਨਾਥਨ ਸਮਿਥ ਨੂੰ ਵੀ ਟੀਮ ‘ਚ ਸ਼ਾਮਲ ਕੀਤਾ ਗਿਆ ਹੈ।
ਰਚਿਨ ਰਵਿੰਦਰ ਸੱਜੇ ਮੋਢੇ ਦੀ ਸੱਟ ਕਾਰਨ ਟੀ-20 ਸੀਰੀਜ਼ ‘ਚ ਨਹੀਂ ਖੇਡਣਗੇ। ਪਿਛਲੇ ਹਫ਼ਤੇ ਇੱਕ ਪ੍ਰਮੋਸ਼ਨਲ ਸ਼ੂਟ ਦੌਰਾਨ ਉਨ੍ਹਾਂ ਦੇ ਮੋਢੇ ‘ਤੇ ਸੱਟ ਲੱਗੀ ਸੀ। ਉਨ੍ਹਾਂ ਦੇ ਮੁੜ ਵਸੇਬੇ ‘ਚ ਲਗਭਗ ਛੇ ਹਫ਼ਤੇ ਲੱਗਣ ਦੀ ਉਮੀਦ ਹੈ।
ਸੀਰੀਜ਼ ਲਈ 76,000 ਤੋਂ ਵੱਧ ਟਿਕਟਾਂ ਵਿਕੀਆਂ
ਨਿਊਜ਼ੀਲੈਂਡ ਕ੍ਰਿਕਟ ਦੇ ਅਨੁਸਾਰ, ਭਾਰਤ ਦੇ 12 ਮੈਚਾਂ ਦੇ ਦੌਰੇ ‘ਚ ਪ੍ਰਸ਼ੰਸਕਾਂ ਦੀ ਕਾਫ਼ੀ ਦਿਲਚਸਪੀ ਹੈ। ਸੀਰੀਜ਼ ਲਈ ਪਹਿਲੇ ਟੀ-20 ਤੋਂ ਲਗਭਗ ਇੱਕ ਮਹੀਨਾ ਪਹਿਲਾਂ 76,000 ਤੋਂ ਵੱਧ ਟਿਕਟਾਂ ਪਹਿਲਾਂ ਹੀ ਵਿਕ ਚੁੱਕੀਆਂ ਹਨ।
ਨਿਊਜ਼ੀਲੈਂਡ ਟੀ-20 ਟੀਮ (New Zealand squad Against India)
ਮਿਸ਼ੇਲ ਸੈਂਟਨਰ (ਕਪਤਾਨ), ਫਿਨ ਐਲਨ, ਮਾਈਕਲ ਬ੍ਰੇਸਵੈੱਲ, ਮਾਰਕ ਚੈਪਮੈਨ, ਡੇਵੋਨ ਕੌਨਵੇ, ਜੈਕਬ ਡਫੀ, ਲੌਕੀ ਫਰਗੂਸਨ, ਜੈਕ ਫਾਲਕਸ, ਮੈਟ ਹੈਨਰੀ, ਬੇਵੋਨ ਜੈਕਬਸ, ਕਾਇਲ ਜੈਮੀਸਨ, ਐਡਮ ਮਿਲਨੇ, ਡੈਰਿਲ ਮਿਸ਼ੇਲ, ਗਲੇਨ ਫਿਲਿਪਸ, ਟਿਮ ਸੀਫਰਟ, ਨਾਥਨ ਸਮਿਥ।
Read More: ਇੰਗਲੈਂਡ ਦੇ ਤੇਜ਼ ਗੇਂਦਬਾਜ਼ ਮਾਰਕ ਵੁੱਡ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ




