ਦਿੱਲੀ, 27 ਅਪ੍ਰੈਲ 2026: ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਇੱਕ ਵੀਡੀਓ ਜਾਰੀ ਕਰਕੇ ਕਿਹਾ, “ਮੈਂ ਸ਼ਰਾਬ ਨੀਤੀ ਘਪਲੇ ਦੇ ਮਾਮਲੇ ‘ਚ ਨਾ ਤਾਂ ਹਾਈ ਕੋਰਟ ‘ਚ ਨਿੱਜੀ ਤੌਰ ‘ਤੇ ਪੇਸ਼ ਹੋਵਾਂਗਾ ਅਤੇ ਨਾ ਹੀ ਕੋਈ ਮੇਰੇ ਵੱਲੋਂ ਕੋਈ ਦਲੀਲ ਰੱਖੀ ਜਾਵੇਗੀ।” ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਹਾਈ ਕੋਰਟ ਦੀ ਜਸਟਿਸ ਸਵਰਨ ਕਾਂਤਾ ਸ਼ਰਮਾ ਤੋਂ ਇਨਸਾਫ਼ ਦੀ ਉਮੀਦ ਨਹੀਂ ਹੈ।
ਸਾਬਕਾ ਮੁੱਖ ਮੰਤਰੀ ਨੇ ਜਸਟਿਸ ਸਵਰਨ ਕਾਂਤਾ ਨੂੰ ਇੱਕ ਪੱਤਰ ਵੀ ਲਿਖਿਆ, ਜਿਸ ‘ਚ ਕਿਹਾ ਗਿਆ ਹੈ, “ਮੈਂ ਆਪਣੀ ਜ਼ਮੀਰ ਦੀ ਆਵਾਜ਼ ‘ਤੇ ਚੱਲਦੇ ਹੋਏ ਮਹਾਤਮਾ ਗਾਂਧੀ ਦੇ ਸੱਤਿਆਗ੍ਰਹਿ ਦੇ ਮਾਰਗ ‘ਤੇ ਚੱਲਣ ਦਾ ਫੈਸਲਾ ਕੀਤਾ ਹੈ। ਇਹ ਇਸ ਲਈ ਹੈ ਕਿਉਂਕਿ ਜਸਟਿਸ ਸਵਰਨ ਕਾਂਤਾ ਦੇ ਦੋਵੇਂ ਬੱਚੇ ਕੇਂਦਰ ਸਰਕਾਰ ਦੇ ਵਕੀਲਾਂ ਦੇ ਪੈਨਲ ਦਾ ਹਿੱਸਾ ਹਨ। ਇਹ ਸਪੱਸ਼ਟ ਤੌਰ ‘ਤੇ ਹਿੱਤਾਂ ਦੇ ਟਕਰਾਅ ਨੂੰ ਦਰਸਾਉਂਦਾ ਹੈ।”
ਉਨ੍ਹਾਂ ਨੇ ਕਿਹਾ, “ਸਾਲੀਸਿਟਰ ਜਨਰਲ ਤੁਸ਼ਾਰ ਮਹਿਤਾ ਦੋਵਾਂ ਬੱਚਿਆਂ ਨੂੰ ਕੇਸ ਸੌਂਪਦੇ ਹਨ। ਉਨ੍ਹਾਂ ਦੇ ਪੁੱਤਰ ਨੂੰ 2023 ਅਤੇ 2025 ਦੇ ਵਿਚਕਾਰ ਲਗਭਗ 5,904 ਕੇਸ ਮਿਲੇ। ਜੇਕਰ ਸਾਲੀਸਿਟਰ ਜਨਰਲ ਕਿਸੇ ਜੱਜ ਦੇ ਬੱਚਿਆਂ ਦੇ ਭਵਿੱਖ ਦਾ ਫੈਸਲਾ ਕਰ ਰਿਹਾ ਹੈ, ਤਾਂ ਕੀ ਜੱਜ ਉਸ ਦੇ ਖਿਲਾਫ ਫੈਸਲਾ ਸੁਣਾ ਸਕੇਗਾ?”
ਹੇਠਲੀ ਅਦਾਲਤ ਨੇ ਦਿੱਲੀ ਸ਼ਰਾਬ ਨੀਤੀ ਕਥਿਤ ਘਪਲੇ ਦੇ ਮਾਮਲੇ ‘ਚ ਕੇਜਰੀਵਾਲ ਸਮੇਤ 24 ਜਣਿਆਂ ਨੂੰ ਬਰੀ ਕਰ ਦਿੱਤਾ। ਸੀਬੀਆਈ ਨੇ ਇਸ ਫੈਸਲੇ ਵਿਰੁੱਧ ਹਾਈ ਕੋਰਟ ‘ਚ ਅਪੀਲ ਕੀਤੀ ਹੈ। ਜਸਟਿਸ ਸਵਰਨ ਕਾਂਤਾ ਸ਼ਰਮਾ ਇਸ ਮਾਮਲੇ ਦੀ ਸੁਣਵਾਈ ਕਰ ਰਹੇ ਹਨ। ਕੇਜਰੀਵਾਲ ਉਨ੍ਹਾਂ ‘ਤੇ ਹਿੱਤਾਂ ਦੇ ਟਕਰਾਅ ਦਾ ਦੋਸ਼ ਲਗਾ ਰਹੇ ਹਨ।
ਉਨ੍ਹਾਂ ਨੇ ਜਸਟਿਸ ਸਵਰਨ ਕਾਂਤਾ ਦੀ ਅਦਾਲਤ ‘ਚ ਉਨ੍ਹਾਂ ਨੂੰ ਹਟਾਉਣ ਲਈ ਪਟੀਸ਼ਨ ਦਾਇਰ ਕੀਤੀ। ਕੇਜਰੀਵਾਲ ਨੇ ਨਿੱਜੀ ਤੌਰ ‘ਤੇ ਇਸ ਮਾਮਲੇ ਦੀ ਦਲੀਲ ਦਿੱਤੀ। 20 ਅਪ੍ਰੈਲ ਨੂੰ ਜਸਟਿਸ ਸਵਰਨ ਕਾਂਤਾ ਨੇ ਪਟੀਸ਼ਨ ਖਾਰਜ ਕਰ ਦਿੱਤੀ।
ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਮੈਨੂੰ ਇੱਕ ਝੂਠੇ ਮਾਮਲੇ ‘ਚ ਫਸਾਇਆ ਗਿਆ ਅਤੇ ਜੇਲ੍ਹ ਭੇਜ ਦਿੱਤਾ ਗਿਆ। ਇੱਕ ਚੁਣੀ ਹੋਈ ਸਰਕਾਰ ਨੂੰ ਗਲਤ ਢੰਗ ਨਾਲ ਡੇਗ ਦਿੱਤਾ ਗਿਆ। ਸਾਨੂੰ ਕਈ ਮਹੀਨਿਆਂ ਤੱਕ ਜੇਲ੍ਹ ‘ਚ ਰੱਖਿਆ ਗਿਆ, ਪਰ ਅੰਤ ‘ਚ ਸੱਚਾਈ ਦੀ ਜਿੱਤ ਹੋਈ। ਹੇਠਲੀ ਅਦਾਲਤ ਨੇ ਮੈਨੂੰ ਪੂਰੀ ਤਰ੍ਹਾਂ ਬੇਕਸੂਰ ਐਲਾਨ ਦਿੱਤਾ।
Read More: ਭਾਜਪਾ ‘ਚ ਸ਼ਾਮਲ ਹੋਏ 7 ‘ਆਪ’ ਸੰਸਦ ਮੈਂਬਰ, ਕੇਜਰੀਵਾਲ ਨੇ ਕਿਹਾ-“ਭਾਜਪਾ ਵੱਲੋਂ ਪੰਜਾਬੀਆਂ ਨਾਲ ਧੱਕਾ”




