ਚੰਡੀਗੜ੍ਹ, 13 ਨਵੰਬਰ 2024: ਹਰਿਆਣਾ ਵਿਧਾਨ ਸਭਾ (Haryana Vidhan Sabha) ਦੇ ਸੈਸ਼ਨ ਦੇ ਪਹਿਲੇ ਦਿਨ ਸਦਨ ‘ਚ ਪਿਛਲੇ ਸੈਸ਼ਨ ਅਤੇ ਇਸ ਸੈਸ਼ਨ ਦੌਰਾਨ ਵਿਛੜੀਆਂ ਰੂਹਾਂ, ਮਹਾਨ ਸ਼ਖ਼ਸੀਅਤਾਂ, ਆਜ਼ਾਦੀ ਘੁਲਾਟੀਆਂ ਅਤੇ ਸ਼ਹੀਦ ਸੈਨਿਕਾਂ ਦੇ ਸਨਮਾਨ ‘ਚ ਸਦਨ ਵਿਚ ਸ਼ੋਕ ਮਤੇ ਪੜ੍ਹੇ ਗਏ। ਦੁਖੀ ਪਰਿਵਾਰਾਂ ਦੇ ਮੈਂਬਰਾਂ ਨਾਲ ਦਿਲੀ ਹਮਦਰਦੀ ਪ੍ਰਗਟ ਕੀਤੀ ਗਈ।
ਸਭ ਤੋਂ ਪਹਿਲਾਂ ਸਦਨ ਦੇ ਆਗੂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸ਼ੋਕ ਮਤਾ ਪੜ੍ਹਿਆ। ਇਨ੍ਹਾਂ ਤੋਂ ਇਲਾਵਾ ਵਿਧਾਨ ਸਭਾ ਦੇ ਸਪੀਕਰ ਹਰਵਿੰਦਰ ਕਲਿਆਣ ਅਤੇ ਭੂਪੇਂਦਰ ਸਿੰਘ ਹੁੱਡਾ ਨੇ ਵੀ ਆਪਣੀ ਪਾਰਟੀ ਦੀ ਤਰਫੋਂ ਸ਼ੋਕ ਮਤਾ ਪੜ੍ਹ ਕੇ ਸ਼ਰਧਾਂਜਲੀ ਭੇਂਟ ਕੀਤੀ। ਸਦਨ ਦੇ ਸਾਰੇ ਮੈਂਬਰਾਂ ਨੇ ਖੜ੍ਹੇ ਹੋ ਕੇ ਦੋ ਮਿੰਟ ਦਾ ਮੌਨ ਧਾਰਨ ਕੀਤਾ ਅਤੇ ਵਿਛੜੀਆਂ ਰੂਹਾਂ ਦੀ ਸ਼ਾਂਤੀ ਲਈ ਅਰਦਾਸ ਵੀ ਕੀਤੀ।
ਸਦਨ (Haryana Vidhan Sabha) ‘ਚ ਜਿਨ੍ਹਾਂ ਸ਼ੋਕ ਪ੍ਰਸਤਾਵ ‘ਚ ਹਰਿਆਣਾ ਦੇ ਸਾਬਕਾ ਮੰਤਰੀ ਜਸਵੰਤ ਸਿੰਘ, ਸਾਬਕਾ ਰਾਜ ਮੰਤਰੀ ਭਾਗੀ ਰਾਮ, ਹਰੀ ਸਿੰਘ ਸੈਣੀ, ਹਰਿਆਣਾ ਵਿਧਾਨ ਸਭਾ ਦੇ ਸਾਬਕਾ ਮੈਂਬਰ ਰਣਧੀਰ ਸਿੰਘ, ਨਰੇਸ਼ ਯਾਦਵ, ਸੁਭਾਸ਼ ਚੌਧਰੀ ਅਤ ਰਾਕੇਸ਼ ਦੌਲਤਾਬਾਦ ਨੂੰ ਸ਼ਰਧਾਂਜਲੀ ਭੇਂਟ ਕੀਤੀ |
ਸਦਨ ਨੇ ਪਦਮ ਵਿਭੂਸ਼ਣ ਰਤਨ ਨਵਲ ਟਾਟਾ ਅਤੇ ਸੁਤੰਤਰਤਾ ਸੈਨਾਨੀ ਹਰੀ ਸਿੰਘ ਦੇ ਦਿਹਾਂਤ ‘ਤੇ ਵੀ ਦੁੱਖ ਪ੍ਰਗਟ ਕੀਤਾ। ਇਸ ਤੋਂ ਇਲਾਵਾ 11 ਅਪ੍ਰੈਲ 2024 ਨੂੰ ਮਹਿੰਦਰਗੜ੍ਹ ਜ਼ਿਲ੍ਹੇ ਦੇ ਪਿੰਡ ਕਨੀਨਾ ਨੇੜੇ ਉਨ੍ਹਾਂ ਦੀ ਸਕੂਲੀ ਬੱਸ ਪਲਟ ਜਾਣ ਕਾਰਨ 6 ਮਾਸੂਮ ਬੱਚਿਆਂ ਦੀ ਦੁਖਦਾਈ ਅਤੇ ਬੇਵਕਤੀ ਮੌਤ ‘ਤੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਦੁਖੀ ਪਰਿਵਾਰਾਂ ਨਾਲ ਦਿਲੀ ਹਮਦਰਦੀ ਪ੍ਰਗਟ ਕੀਤੀ ਗਈ।
ਸਦਨ ‘ਚ ਹਰਿਆਣਾ ਦੇ 46 ਬਹਾਦਰ ਸੈਨਿਕਾਂ ਦੀ ਮੌਤ ‘ਤੇ ਵੀ ਸੋਗ ਪ੍ਰਗਟ ਕੀਤਾ ਗਿਆ, ਜਿਨ੍ਹਾਂ ਨੇ ਅਦੁੱਤੀ ਦਲੇਰੀ ਅਤੇ ਬਹਾਦਰੀ ਦਿਖਾਉਂਦੇ ਹੋਏ ਮਾਤ ਭੂਮੀ ਦੀ ਏਕਤਾ ਅਤੇ ਅਖੰਡਤਾ ਦੀ ਰੱਖਿਆ ਲਈ ਸਰਵਉੱਚ ਕੁਰਬਾਨੀ ਦਿੱਤੀ।