ਹਰਿਆਣਾ, 15 ਅਕਤੂਬਰ 2026: ਹਰਿਆਣਾ ਸਰਕਾਰ ਬਾਲ ਸੁਰੱਖਿਆ ਅਤੇ ਭਲਾਈ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹੈ। ਇਸੇ ਦਿਸ਼ਾ ‘ਚ ਮਹਿਲਾ ਅਤੇ ਬਾਲ ਵਿਕਾਸ ਵਿਭਾਗ, ਹਰਿਆਣਾ ਦੁਆਰਾ “ਸਸ਼ਕਤ ਮਹਿਲਾ – ਸੁਰੱਖਿਅਤ ਬਚਪਨ – ਸਮ੍ਰਿੱਧ ਹਰਿਆਣਾ” ਦੇ ਸੰਕਲਪ ਨੂੰ ਸਾਕਾਰ ਕਰਨ ਹਿੱਤ ਪ੍ਰਦੇਸ਼ ਭਰ ‘ਚ 141 ਥਾਵਾਂ ‘ਤੇ ‘ਸੁਰੱਖਿਅਤ ਪਾਲਣਾ ਕੇਂਦਰ’ ਸਥਾਪਿਤ ਕੀਤੇ ਗਏ ਹਨ।
ਇੱਕ ਸਰਕਾਰੀ ਬੁਲਾਰੇ ਨੇ ਉਕਤ ਜਾਣਕਾਰੀ ਦਿੰਦੇ ਹੋਏ ਲੋਕਾਂ ਤੋਂ ਵੀ ਅਪੀਲ ਕੀਤੀ ਹੈ ਕਿ ਕਿਸੇ ਵੀ ਲਾਚਾਰ ਜਾਂ ਅਸਮਰੱਥ ਪਰਿਸਥਿਤੀ ‘ਚ ਨਵਜੰਮੇ ਸ਼ਿਸ਼ੂ ਜਾਂ ਬੱਚੇ ਨੂੰ ਸੜਕ, ਸੁੰਨਸਾਨ ਥਾਂ, ਰੁੱਖ ਦੇ ਹੇਠਾਂ, ਕੂੜੇਦਾਨ, ਹਸਪਤਾਲ ਦੇ ਬਾਹਰ ਜਾਂ ਕਿਸੇ ਹੋਰ ਅਸੁਰੱਖਿਅਤ ਥਾਂ ‘ਤੇ ਨਾ ਛੱਡੋ। ਤੁਹਾਡਾ ਇੱਕ ਗਲਤ ਕਦਮ ਮਾਸੂਮ ਦੀ ਜ਼ਿੰਦਗੀ ਨੂੰ ਖਤਰੇ ‘ਚ ਪਾ ਸਕਦਾ ਹੈ। ਜੇਕਰ ਕੋਈ ਮਾਪੇ ਜਾਂ ਵਿਅਕਤੀ ਕਿਸੇ ਕਾਰਨ ਬੱਚੇ ਦੀ ਦੇਖਭਾਲ ਕਰਨ ‘ਚ ਅਸਮਰੱਥ ਹੈ, ਤਾਂ ਬੱਚੇ ਨੂੰ ਝਾੜੀਆਂ ਜਾਂ ਅਸੁਰੱਖਿਅਤ ਥਾਵਾਂ ‘ਤੇ ਸੁੱਟਣ ਦੀ ਬਜਾਏ ਸਰਕਾਰ ਦੁਆਰਾ ਬਣਾਏ ਗਏ ਇਨ੍ਹਾਂ ਸੁਰੱਖਿਅਤ ਪਾਲਣਾ ਕੇਂਦਰਾਂ ਵਿੱਚ ਸੌਂਪੋ।
ਉਨ੍ਹਾਂ ਦੱਸਿਆ ਕਿ ਸਰਕਾਰ ਦੁਆਰਾ ਇਹ ‘ਸੁਰੱਖਿਅਤ ਪਾਲਣਾ ਕੇਂਦਰ’ ਪ੍ਰਦੇਸ਼ ਦੇ ਵੱਖ-ਵੱਖ ਸਥਾਨਾਂ ਜਿਵੇਂ ਬਾਲ ਦੇਖਭਾਲ ਸੰਸਥਾਵਾਂ, ਪ੍ਰਾਇਮਰੀ ਹੈਲਥ ਸੈਂਟਰਾਂ (PHCs), ਸਿਵਲ ਹਸਪਤਾਲਾਂ ਅਤੇ ਹੋਰ ਨਿਰਧਾਰਿਤ ਸੰਸਥਾਵਾਂ ‘ਚ ਬਣਾਏ ਗਏ ਹਨ। ਬੁਲਾਰੇ ਨੇ ਸਪੱਸ਼ਟ ਕੀਤਾ ਕਿ ਜੇਕਰ ਕਿਸੇ ਖੇਤਰ ‘ਚ ਸੁਰੱਖਿਅਤ ਪਾਲਣਾ ਕੇਂਦਰ ਉਪਲਬਧ ਨਾ ਹੋਵੇ, ਤਾਂ ਬੱਚੇ ਨੂੰ ਹਰੇਕ ਜ਼ਿਲ੍ਹੇ ‘ਚ ਗਠਿਤ ਬਾਲ ਕਲਿਆਣ ਕਮੇਟੀ ਦੇ ਸਾਹਮਣੇ ਵੀ ਸੁਰੱਖਿਅਤ ਰੂਪ ‘ਚ ਸੌਂਪਿਆ ਜਾ ਸਕਦਾ ਹੈ।
ਬੁਲਾਰੇ ਨੇ ਨਾਗਰਿਕਾਂ ਨੂੰ ਭਰੋਸਾ ਦਿਵਾਉਂਦੇ ਹੋਏ ਕਿਹਾ ਕਿ ਬੱਚੇ ਨੂੰ ਸੁਰੱਖਿਅਤ ਰੂਪ ‘ਚ ਸੌਂਪਣ ਲਈ ਅੱਗੇ ਆਉਣ ਵਾਲੇ ਵਿਅਕਤੀ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ, ਤਾਂ ਜੋ ਕੋਈ ਵੀ ਬਿਨਾਂ ਕਿਸੇ ਡਰ ਜਾਂ ਝਿਜਕ ਦੇ ਮਾਸੂਮ ਦੀ ਸੁਰੱਖਿਆ ਯਕੀਨੀ ਬਣਾ ਸਕੇ। ਉਨ੍ਹਾਂ ਆਮ ਜਨਤਾ ਤੋਂ ਅਪੀਲ ਕੀਤੀ ਕਿ ਆਓ, ਮਿਲ ਕੇ ਇਹ ਸੰਕਲਪ ਲਈਏ ਕਿ ਕੋਈ ਵੀ ਨਵਜੰਮਿਆ ਜਾਂ ਬੱਚਾ ਲਾਵਾਰਿਸ ਅਤੇ ਅਸੁਰੱਖਿਅਤ ਸਥਿਤੀ ‘ਚ ਨਾ ਮਿਲੇ ਅਤੇ ਹਰ ਬੱਚੇ ਨੂੰ ਇੱਕ ਸੁਰੱਖਿਅਤ ਭਵਿੱਖ ਮਿਲ ਸਕੇ।
Read More: ਖੇਤੀਬਾੜੀ ਮੰਤਰੀ ਸ਼ਿਆਮ ਸਿੰਘ ਰਾਣਾ ਸੂਬੇ ਦੀ ਵੱਖ-ਵੱਖ ਅਨਾਜ ਮੰਡੀਆਂ ਦਾ ਦੌਰਾ




