ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਗੱਤਕਾ ਕੋਚ ਨੇ ਇੰਟਰਨੈਸ਼ਨਲ ਕਲਚਰ ਫੈਸਟੀਵਲ ‘ਚ ਭਾਰਤ ਦੀ ਨੁਮਾਇੰਦਗੀ ਕੀਤੀ

ਫਤਿਹਗੜ੍ਹ ਸਾਹਿਬ 12 ਅਗਸਤ 2026: ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ ਦੇ ਗੱਤਕਾ ਕੋਚ ਤਲਵਿੰਦਰ ਸਿੰਘ ਨੇ ਯੂਰਪ ਦੇ ਦੇਸ਼ ਲਾਤਵੀਆ ਵਿਖੇ 28 ਜੁਲਾਈ ਤੋਂ 4 ਅਗਸਤ 2026 ਤੱਕ ਕਰਵਾਏ ਗਏ Lipa Kust International Culture Festival ਵਿੱਚ ਭਾਗ ਲੈ ਕੇ ਸਿੱਖ ਮਾਰਸ਼ਲ ਆਰਟ ਗੱਤਕਾ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ। ਇਸ ਮੌਕੇ ਦੀਆਂ ਕੁਝ ਯਾਦਗਾਰੀ ਤਸਵੀਰਾਂ ਵੀ ਸਾਹਮਣੇ ਆਈਆਂ ਹਨ।

ਇਸ ਅੰਤਰਰਾਸ਼ਟਰੀ ਸੱਭਿਆਚਾਰਕ ਮੇਲੇ ਵਿੱਚ ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ ਦੀਆਂ ਟੀਮਾਂ ਨੇ ਭਾਗ ਲਿਆ ਅਤੇ ਆਪੋ-ਆਪਣੇ ਦੇਸ਼ਾਂ ਦੀ ਕਲਾ, ਸੱਭਿਆਚਾਰ ਅਤੇ ਵਿਰਾਸਤ ਦੀ ਪੇਸ਼ਕਾਰੀ ਕੀਤੀ। ਭਾਰਤ ਦੀ ਨੁਮਾਇੰਦਗੀ ਕਰ ਰਹੀ ਟੀਮ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਗੱਤਕਾ ਕੋਚ ਤਲਵਿੰਦਰ ਸਿੰਘ ਅਤੇ ਗੱਤਕਾ ਖਿਡਾਰੀ ਲਵਵੀਰ ਸਿੰਘ ਨੇ ਸਿੱਖ ਮਾਰਸ਼ਲ ਆਰਟ ਗੱਤਕਾ ਦੇ ਜੌਹਰ ਦਿਖਾਏ।

ਇਸ ਮੌਕੇ ਤਲਵਿੰਦਰ ਸਿੰਘ ਨੇ ਦੱਸਿਆ ਕਿ ਭਾਰਤ ਵੱਲੋਂ ਗੱਤਕੇ ਦੀ ਪੇਸ਼ਕਾਰੀ ਦੇ ਨਾਲ-ਨਾਲ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਵੀ ਵਿਦੇਸ਼ੀ ਧਰਤੀ ’ਤੇ ਪੇਸ਼ ਕੀਤਾ ਗਿਆ। ਲੋਕ ਨਾਚ ਸੋਸਾਇਟੀ, ਪਟਿਆਲਾ ਦੇ ਡਾਇਰੈਕਟਰ ਰਵੀ ਕੂਨਰ ਅਤੇ ਢੋਲ ਉਸਤਾਦ ਰਾਜ ਕੁਮਾਰ ਦੀ ਅਗਵਾਈ ਹੇਠ ਪੰਜਾਬ ਦੇ ਲੋਕ ਨਾਚ ਭੰਗੜੇ ਅਤੇ ਪੰਜਾਬ ਦੇ ਲੋਕ ਸਾਜ਼ਾਂ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ।

ਫੈਸਟੀਵਲ ਵਿੱਚ ਭਾਰਤ ਦੀ ਟੀਮ ਵੱਲੋਂ ਕੁੱਲ 12 ਮੈਂਬਰਾਂ ਨੇ ਭਾਗ ਲਿਆ। ਫੈਸਟੀਵਲ ਦੇ ਪ੍ਰਬੰਧਕਾਂ ਵੱਲੋਂ ਗੱਤਕਾ ਕੋਚ ਤਲਵਿੰਦਰ ਸਿੰਘ, ਡਾਇਰੈਕਟਰ ਰਵੀ ਕੂਨਰ, ਢੋਲ ਉਸਤਾਦ ਰਾਜ ਕੁਮਾਰ ਅਤੇ ਸਮੁੱਚੀ ਭਾਰਤੀ ਟੀਮ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।

ਇਸ ਅੰਤਰਰਾਸ਼ਟਰੀ ਉਪਲਬਧੀ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਡਾ. ਪ੍ਰਿਤਪਾਲ ਸਿੰਘ ਨੇ ਗੱਤਕਾ ਕੋਚ ਤਲਵਿੰਦਰ ਸਿੰਘ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਰਾਹੀਂ ਸਿੱਖ ਮਾਰਸ਼ਲ ਆਰਟ ਗੱਤਕਾ ਅਤੇ ਪੰਜਾਬੀ ਸੱਭਿਆਚਾਰ ਨੂੰ ਵਿਸ਼ਵ ਪੱਧਰ ’ਤੇ ਪ੍ਰਚਾਰ ਮਿਲਦਾ ਹੈ।

ਇਸ ਤੋਂ ਇਲਾਵਾ ਸਰੀਰਕ ਸਿੱਖਿਆ ਅਤੇ ਖੇਡ ਟੈਕਨੋਲੋਜੀ ਵਿਭਾਗ ਦੇ ਮੁਖੀ ਪ੍ਰੋ. ਡਾ. ਵਰਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਸਰੀਰਕ ਸਿੱਖਿਆ ਵਿਭਾਗ ਵਿੱਚ ਸਾਲ 2019 ਤੋਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ. ਸੁਰਿੰਦਰ ਪਾਲ ਸਿੰਘ ਓਬਰਾਏ ਦੇ ਪੂਰਨ ਸਹਿਯੋਗ ਨਾਲ ਇੱਕ ਸਾਲਾ ਡਿਪਲੋਮਾ ਇਨ ਗੱਤਕਾ ਕੋਚਿੰਗ ਕੋਰਸ ਚਲਾਇਆ ਜਾ ਰਿਹਾ ਹੈ। ਇਸ ਕੋਰਸ ਵਿੱਚ 30 ਸੀਟਾਂ ਹਨ।

ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਸਿੱਖ ਮਾਰਸ਼ਲ ਆਰਟ ਗੱਤਕਾ ਵਿੱਚ ਇੱਕ ਸਾਲਾ ਡਿਪਲੋਮਾ ਕੋਰਸ ਕਰਵਾਇਆ ਜਾਂਦਾ ਹੈ, ਜਿਸ ਰਾਹੀਂ ਚਾਹਵਾਨ ਵਿਦਿਆਰਥੀ ਗੱਤਕੇ ਦੀ ਕਲਾ, ਕੋਚਿੰਗ ਅਤੇ ਇਸ ਨਾਲ ਸਬੰਧਤ ਹੁਨਰ ਸਿੱਖ ਸਕਦੇ ਹਨ।

ਜ਼ਿਕਰਯੋਗ ਹੈ ਕਿ ਗੱਤਕਾ ਕੋਚ ਤਲਵਿੰਦਰ ਸਿੰਘ ਇਸ ਤੋਂ ਪਹਿਲਾਂ ਵੀ ਦੁਨੀਆ ਦੇ ਵੱਖ-ਵੱਖ 12 ਦੇਸ਼ਾਂ ਵਿੱਚ ਸਿੱਖ ਮਾਰਸ਼ਲ ਆਰਟ ਗੱਤਕਾ ਦੀ ਪੇਸ਼ਕਾਰੀ ਕਰ ਚੁੱਕੇ ਹਨ। ਉਨ੍ਹਾਂ ਵੱਲੋਂ ਵਿਦੇਸ਼ਾਂ ਵਿੱਚ ਗੱਤਕੇ ਦੀ ਪੇਸ਼ਕਾਰੀ ਰਾਹੀਂ ਸਿੱਖ ਵਿਰਾਸਤ, ਪੰਜਾਬੀ ਸੱਭਿਆਚਾਰ ਅਤੇ ਭਾਰਤੀ ਸੱਭਿਆਚਾਰ ਨੂੰ ਵਿਸ਼ਵ ਪੱਧਰ ’ਤੇ ਪਹੁੰਚਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।

Read More: 12ਵੀਂ ਯੂਕੇ ਗੱਤਕਾ ਚੈਂਪੀਅਨਸ਼ਿਪ ‘ਚੋਂ ਬਾਬਾ ਫਤਹਿ ਸਿੰਘ ਅਖਾੜਾ ਵੂਲਿਚ ਦਾ ਜੋਰਾ ਸਿੰਘ ਰਿਹਾ ਜੇਤੂ

ਵਿਦੇਸ਼

Scroll to Top