ਪੰਜਾਬ, 01 ਮਈ 2026: ਪੰਜਾਬ ‘ਚ ਲਾਗੂ ਕੀਤੇ ਗਏ ਨਵੇਂ ਬੇਅਦਬੀ ਕਾਨੂੰਨ ਤਹਿਤ ਪਹਿਲਾ ਮਾਮਲਾ ਦਰਜ ਕੀਤਾ ਹੈ। ਇਹ ਕਾਰਵਾਈ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਮਲੋਟ ਦੇ ਵਾਰਡ ਨੰਬਰ 10 ‘ਚ ਸ੍ਰੀ ਗੁਟਕਾ ਸਾਹਿਬ ਦੇ ਫਟੇ ਹੋਏ ਅੰਗ ਮਿਲਣ ਤੋਂ ਬਾਅਦ ਕੀਤੀ ਗਈ। ਇਹ ਘਟਨਾ ਪੰਜਾਬ ਸਰਕਾਰ ਵੱਲੋਂ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ, 2026 ਲਾਗੂ ਕਰਨ ਤੋਂ ਬਾਅਦ ਵਾਪਰੀ।
ਡੀਐਸਪੀ ਹਰਜੀਤ ਸਿੰਘ ਨੇ ਦੱਸਿਆ ਕਿ ਫਟੇ ਅੰਗ ਵਾਰਡ ਨੰਬਰ 10 ਦੀ ਇੱਕ ਗਲੀ ‘ਚੋਂ ਮਿਲੇ ਸਨ। ਸਿੱਖ ਭਾਈਚਾਰਾ ਇਨ੍ਹਾਂ ਅੰਗਾਂ ਨੂੰ ਨੇੜਲੇ ਗੁਰਦੁਆਰਾ ਸਾਹਿਬ ਲਿਆਂਦਾ ਗਿਆ ਅਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ।
ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਨੇ ਗੁਰਦੁਆਰਾ ਸਾਹਿਬ ਵਿਖੇ ਇਕੱਠੇ ਹੋਏ ਭਾਈਚਾਰੇ ਨੂੰ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ ਹੈ।
ਸਿੱਖ ਭਾਈਚਾਰੇ ਦੇ ਆਗੂ ਸੁਖਦੇਵ ਸਿੰਘ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਭਾਈਚਾਰਾ 10 ਦਿਨਾਂ ਤੱਕ ਪੁਲਿਸ ਕਾਰਵਾਈ ਦੀ ਉਡੀਕ ਕਰੇਗਾ। ਸੁਖਦੇਵ ਸਿੰਘ ਨੇ ਚੇਤਾਵਨੀ ਦਿੱਤੀ ਕਿ ਜੇਕਰ ਇਸ ਸਮੇਂ ਦੇ ਅੰਦਰ ਕੋਈ ਨਤੀਜਾ ਨਹੀਂ ਨਿਕਲਿਆ ਤਾਂ ਸਿੱਖ ਭਾਈਚਾਰਾ ਮੁੜ ਸੰਗਠਿਤ ਹੋਵੇਗਾ ਅਤੇ ਆਪਣੀ ਭਵਿੱਖੀ ਕਾਰਵਾਈ ਦਾ ਫੈਸਲਾ ਕਰੇਗਾ।
Read More: ਮਾਣਹਾਨੀ ਮਾਮਲੇ ‘ਚ ਮਾਨਸਾ ਅਦਾਲਤ ਵੱਲੋਂ CM ਭਗਵੰਤ ਮਾਨ ਨੂੰ ਵੱਡੀ ਰਾਹਤ




