ਚੰਡੀਗੜ੍ਹ, 02 ਫਰਵਰੀ 2026: ਪੰਜਾਬ ਦੇ ਮਾਲ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਅੱਜ ਪੰਜਾਬ ਭਵਨ ਵਿਖੇ ਰੈਵੇਨਿਊ ਪਟਵਾਰ ਯੂਨੀਅਨ, ਕਾਨੂੰਨਗੋ ਯੂਨੀਅਨ, ਸਾਂਝਾ ਮੁਲਾਜ਼ਮ ਮੰਚ ਪੁੱਡਾ ਅਤੇ ਆਲ ਇੰਡੀਆ ਅਤਿਵਾਦ ਪੀੜਤ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਵੱਖੋ-ਵੱਖ ਬੈਠਕਾਂ ਦੌਰਾਨ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਹਰ ਜਾਇਜ਼ ਮੰਗ ਨੂੰ ਪਹਿਲ ਆਧਾਰ ‘ਤੇ ਪੂਰਾ ਕੀਤਾ ਜਾਵੇਗਾ।
ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਵੱਖ-ਵੱਖ ਐਸੋਸੀਏਸ਼ਨਾਂ ਤੇ ਯੂਨੀਅਨਾਂ ਵੱਲੋਂ ਰੱਖੀਆਂ ਮੰਗਾਂ ਸੁਣੀਆਂ। ਉਨ੍ਹਾਂ ਦੱਸਿਆ ਕਿ ਜਿਹੜੀਆਂ ਮੰਗਾਂ ਵਿਭਾਗੀ ਪੱਧਰ ‘ਤੇ ਹੱਲ ਹੋ ਸਕਦੀਆਂ ਹਨ, ਉਨ੍ਹਾਂ ਨੂੰ ਛੇਤੀ ਨਿਪਟਾਇਆ ਜਾਵੇਗਾ, ਜਦਕਿ ਜਿਹੜੀਆਂ ਮੰਗਾਂ ਮੁੱਖ ਮੰਤਰੀ ਜਾਂ ਵਿੱਤ ਵਿਭਾਗ ਦੇ ਪੱਧਰ ‘ਤੇ ਹੱਲ ਹੋਣਗੀਆਂ, ਉਨ੍ਹਾਂ ਨੂੰ ਪੂਰਾ ਕਰਨ ਲਈ ਛੇਤੀ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਬੈਠਕ ਕੀਤੀ ਜਾਵੇਗੀ।
ਬੈਠਕ ਮੌਕੇ ਮਾਲ ਮੰਤਰੀ ਨੇ ਪਟਵਾਰੀ ਅਤੇ ਕਾਨੂੰਨਗੋ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਆਪਣੀ ਡਿਊਟੀ ਨਿਭਾਉਂਦਿਆਂ ਵਧੀਆ ਕਾਰਗੁਜ਼ਾਰੀ ਦਿਖਾਉਣ ਪਟਵਾਰੀਆਂ ਅਤੇ ਕਾਨੂੰਨਗੋਆਂ ਨੂੰ ਪੰਜਾਬ ਸਰਕਾਰ ਵੱਲੋਂ ਸਨਮਾਨਿਤ ਅਤੇ ਪ੍ਰੋਤਸਾਹਿਤ ਕੀਤਾ ਜਾਵੇਗਾ।
ਇਸਦੇ ਨਾਲ ਹੀ ਸਾਂਝਾ ਮੁਲਾਜ਼ਮ ਮੰਚ, ਪੁੱਡਾ ਮੋਹਾਲੀ ਦੇ ਸੇਵਾ-ਮੁਕਤ ਮੁਲਾਜ਼ਮਾਂ ਦੀਆਂ ਮੰਗਾਂ ‘ਤੇ ਵਿਚਾਰ ਕਰਦੇ ਹੋਏ ਕੈਬਨਿਟ ਮੰਤਰੀ ਨੇ ਕਿਹਾ ਕਿ ਇਨ੍ਹਾਂ ਮੁਲਾਜ਼ਮਾਂ ਨੂੰ ਪੈਨਸ਼ਨ ਸਕੀਮ ਦਾ ਲਾਭ ਦੇਣ ਸਬੰਧੀ ਮਾਮਲਾ ਛੇਤੀ ਹੀ ਮੁੱਖ ਮੰਤਰੀ ਕੋਲ ਪ੍ਰਭਾਵਸ਼ਾਲੀ ਢੰਗ ਨਾਲ ਉਠਾਇਆ ਜਾਵੇਗਾ।
ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਆਲ ਇੰਡੀਆ ਅਤਿਵਾਦ ਪੀੜਤ ਐਸੋਸੀਏਸ਼ਨ ਦੇ ਨੁਮਾਇੰਦਿਆਂ ਵੱਲੋਂ ਰੱਖੀਆਂ ਮੰਗਾਂ ਬਾਰੇ ਕਿਹਾ ਕਿ ਅਤਿਵਾਦ ਪ੍ਰਭਾਵਿਤ ਪਰਿਵਾਰਾਂ ਦੀ ਸਹਾਇਤਾ, ਸੁਰੱਖਿਆ ਅਤੇ ਪੁਨਰਵਾਸ ਪੰਜਾਬ ਸਰਕਾਰ ਦੀ ਤਰਜੀਹ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਐਸੋਸੀਏਸ਼ਨ ਵੱਲੋਂ ਰੱਖੀਆਂ ਜਾਇਜ਼ ਮੰਗਾਂ ‘ਤੇ ਸਬੰਧਤ ਵਿਭਾਗਾਂ ਨਾਲ ਤਾਲਮੇਲ ਕਰਦਿਆਂ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇਗਾ ਅਤੇ ਉਨ੍ਹਾਂ ਦੇ ਹੱਲ ਲਈ ਹਰ ਸੰਭਵ ਅਤੇ ਢੁੱਕਵੇਂ ਕਦਮ ਚੁੱਕੇ ਜਾਣਗੇ।
Read More: ਬਿਕਰਮ ਮਜੀਠੀਆ ਦੀ ਜ਼ਮਾਨਤ ‘ਤੇ ਹਰਪਾਲ ਚੀਮਾ ਦਾ ਬਿਆਨ, ਕਿਹਾ- “ਜ਼ਮਾਨਤ ਦੇਣ ਦਾ ਮਤਲਬ ਬਰੀ ਹੋਣਾ ਨਹੀਂ”




