Site icon TheUnmute.com

ED ਦਾ ਦਾਅਵਾ, ਲਾਲੂ ਪ੍ਰਸ਼ਾਦ ਯਾਦਵ ਪਰਿਵਾਰ ਦੇ ਟਿਕਾਣਿਆਂ ਤੋਂ ਮਿਲੇ 600 ਕਰੋੜ ਰੁਪਏ ਦੇ ਲੈਣ ਦੇਣ ਦੇ ਸਬੂਤ

ED

ਚੰਡੀਗੜ੍ਹ, 11 ਮਾਰਚ 2023: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਦਾਅਵਾ ਕੀਤਾ ਹੈ ਕਿ ਲਾਲੂ ਪ੍ਰਸਾਦ ਯਾਦਵ (Lalu Prasad Yadav) ਅਤੇ ਉਨ੍ਹਾਂ ਦੇ ਪਰਿਵਾਰ ਦੇ ਵੱਖ-ਵੱਖ ਟਿਕਾਣਿਆਂ ‘ਤੇ ਛਾਪੇਮਾਰੀ ਦੌਰਾਨ ਇਕ ਕਰੋੜ ਰੁਪਏ ਦੀ ਬੇਹਿਸਾਬੀ ਨਕਦੀ ਜ਼ਬਤ ਕੀਤੀ ਗਈ ਹੈ। ਈਡੀ ਨੇ ਇਹ ਵੀ ਦੱਸਿਆ ਕਿ ਛਾਪੇਮਾਰੀ ਦੌਰਾਨ 600 ਕਰੋੜ ਰੁਪਏ ਦੇ ਲੈਣ ਦੇਣ ਦੇ ਸਬੂਤ ਮਿਲੇ ਹਨ।

ਦੱਸ ਦੇਈਏ ਕਿ ਈਡੀ ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ ਦੇ ਪਰਿਵਾਰ ਅਤੇ ਉਨ੍ਹਾਂ ਦੇ ਸਹਿਯੋਗੀਆਂ ਖਿਲਾਫ ਜ਼ਮੀਨ-ਜਾਇਦਾਦ ਮਾਮਲੇ ਨਾਲ ਜੁੜੇ ਮਨੀ ਲਾਂਡਰਿੰਗ ਦੇ ਦੋਸ਼ਾਂ ਦੀ ਜਾਂਚ ਕਰ ਰਹੀ ਹੈ। ਈਡੀ ਨੇ ਸ਼ੁੱਕਰਵਾਰ ਨੂੰ ਲਾਲੂ ਪ੍ਰਸਾਦ ਦੇ ਪੁੱਤਰ ਅਤੇ ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਜੁੜੇ ਦਿੱਲੀ ਵਿੱਚ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ।

ਈਡੀ ਨੇ ਨੌਕਰੀ ਬਦਲੇ ਜ਼ਮੀਨ ਘੁਟਾਲੇ ਦੇ ਮਾਮਲੇ ਵਿੱਚ ਮਨੀ ਲਾਂਡਰਿੰਗ ਦੀ ਜਾਂਚ ਦੇ ਸਬੰਧ ਵਿੱਚ ਲਾਲੂ ਪ੍ਰਸਾਦ ਯਾਦਵ ਦੀਆਂ ਤਿੰਨ ਬੇਟੀਆਂ ਅਤੇ ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਨੇਤਾਵਾਂ ਦੇ ਘਰ ਸਮੇਤ 20 ਤੋਂ ਵੱਧ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਹੈ। ਈਡੀ ਨੇ ਗਾਜ਼ੀਆਬਾਦ ਵਿੱਚ ਲਾਲੂ ਦੀ ਸਮਾਧੀ ਸਪਾ ਨੇਤਾ ਜਤਿੰਦਰ ਯਾਦਵ ਦੇ ਘਰ ਛਾਪਾ ਮਾਰਿਆ ਹੈ।

ਸੂਤਰਾਂ ਮੁਤਾਬਕ ਛਾਪੇਮਾਰੀ ਦੌਰਾਨ 53 ਲੱਖ ਰੁਪਏ ਨਕਦ, 1900 ਅਮਰੀਕੀ ਡਾਲਰ, 540 ਗ੍ਰਾਮ ਸੋਨਾ ਅਤੇ 1.5 ਕਿਲੋ ਸੋਨੇ ਦੇ ਗਹਿਣੇ ਜ਼ਬਤ ਕੀਤੇ ਗਏ ਹਨ। ਰਾਸ਼ਟਰੀ ਜਨਤਾ ਦਲ ਦੇ ਨੇਤਾ ਮਨੋਜ ਝਾਅ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੀ ਪਾਰਟੀ ਦੇ ਨੇਤਾਵਾਂ ਖਿਲਾਫ ਛਾਪੇਮਾਰੀ ਪਿਛਲੇ ਸਾਲ ਅਗਸਤ ‘ਚ ਬਿਹਾਰ ‘ਚ ਸਰਕਾਰ ਬਦਲਣ ਦੀ ਪ੍ਰਤੀਕਿਰਿਆ ਹੈ |

Exit mobile version