Site icon TheUnmute.com

Tibet Earthquake: ਤਿੱਬਤ ‘ਚ ਭੂਚਾਲ ਨੇ ਲਈ 126 ਜਣਿਆਂ ਦੀ ਜਾਨ, ਹਜ਼ਾਰਾਂ ਘਰ ਨੁਕਸਾਨੇ

Tibet Earthquake

ਚੰਡੀਗੜ੍ਹ, 08 ਜਨਵਰੀ 2025: Tibet Earthquake News: ਤਿੱਬਤ ‘ਚ ਮੰਗਲਵਾਰ ਨੂੰ ਆਏ ਜ਼ਬਰਦਸਤ ਭੂਚਾਲ ਨੇ ਇਕੋ ਸਮੇਂ 126 ਜਣਿਆਂ ਦੀ ਜਾਨ ਲੈ ਲਈ। ਦੱਸਿਆ ਜਾ ਰਿਹਾ ਹੈ ਕਿ ਭੂਚਾਲ ਆਉਣ ਦੇ ਕਾਫ਼ੀ ਦੇਰ ਬਾਅਦ ਵੀ ਇਸ ਦੇ ਝਟਕੇ ਮਹਿਸੂਸ ਕੀਤੇ ਜਾਂਦੇ ਰਹੇ। ਜਿਕਰਯੋਗ ਹੈ ਕਿ ਤਿੱਬਤ ਖੇਤਰ ‘ਚ ਅਜਿਹਾ ਕੋਈ ਪਹਿਲਾ ਭੂਚਾਲ ਨਹੀਂ ਸੀ। ਜੇਕਰ 2024 ‘ਚ ਇਸ ਖੇਤਰ ‘ਚ ਆਏ ਕੁੱਲ ਭੁਚਾਲਾਂ ਦੀ ਗੱਲ ਕਰੀਏ ਤਾਂ ਪਿਛਲੇ ਇੱਕ ਸਾਲ ‘ਚ ਇੱਥੇ 100 ਦੇ ਕਰੀਬ ਛੋਟੇ-ਵੱਡੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਹਨ।

ਮਿਲੀ ਜਾਣਕਾਰੀ ਮੁਤਾਬਕ ਤਿੱਬਤ (Tibet) ‘ਚ ਮੰਗਲਵਾਰ ਨੂੰ ਆਏ ਭੂਚਾਲ ਨੇ ਬ੍ਰਹਮਪੁੱਤਰ ਨਦੀ ‘ਤੇ ਬਣੇ ਚੀਨ ਦੇ ਸਭ ਤੋਂ ਵੱਡੇ ਡੈਮ ਨੂੰ ਲੈ ਕੇ ਵੀ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ। ਚੀਨ ਜਿੱਥੇ ਇਸ ਡੈਮ ਨੂੰ ਬਣਾਉਣ ਦੀ ਤਿਆਰੀ ਕਰ ਰਿਹਾ ਹੈ, ਉਹ ਖੇਤਰ ਭੂਚਾਲ ਦੇ ਨਜ਼ਰੀਏ ਤੋਂ ਬਹੁਤ ਸੰਵੇਦਨਸ਼ੀਲ ਦੱਸਿਆ ਜਾਂਦਾ ਹੈ। ਹਿਮਾਲਿਆ ਦੇ ਇਸ ਪਹਾੜੀ ਖੇਤਰ ‘ਚ ਲਗਾਤਾਰ ਭੂਚਾਲ ਆਉਂਦੇ ਰਹੇ ਹਨ।

ਜਿਕਰਯੋਗ ਹੈ ਕਿ ਅਮਰੀਕੀ ਭੂ-ਵਿਗਿਆਨਕ ਸਰਵੇਖਣ ਦੇ ਅੰਕੜਿਆਂ ਮੁਤਾਬਕ ਇਸ ਭੂਚਾਲ ਦੀ ਤੀਬਰਤਾ 7.1 ਸੀ। ਇਸ ਦਾ ਕੇਂਦਰ ਤਿੱਬਤ ਦੇ ਡਿਂਗਰੀ ‘ਚ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਸੀ। ਇਹ ਭੂਚਾਲ ਭਾਰਤੀ ਸਮੇਂ ਮੁਤਾਬਕ ਸਵੇਰੇ 6.30 ਵਜੇ ਆਇਆ। ਹਾਦਸੇ ਦੇ 15 ਘੰਟੇ ਬਾਅਦ ਵੀ ਬਚਾਅ ਕਾਰਜ ਜਾਰੀ ਹੈ। ਚੀਨੀ ਰਾਸ਼ਟਰਪਤੀ ਨੇ ਭੂਚਾਲ ਪੀੜਤਾਂ ਦੀ ਮੱਦਦ ਲਈ ਹਰ ਸੰਭਵ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਹਨ।

ਚੀਨ ਦੀ ਸਰਕਾਰੀ ਨਿਊਜ਼ ਏਜੰਸੀ ਸਿਨਹੂਆ ਮੁਤਾਬਕ ਭੂਚਾਲ ‘ਚ ਕਰੀਬ 1,000 ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਪਹਿਲੇ ਭੂਚਾਲ ਤੋਂ ਬਾਅਦ 3 ਘੰਟਿਆਂ ਦੇ ਅੰਦਰ 4.4 ਤੀਬਰਤਾ ਦੇ ਕਰੀਬ 50 ਭੂਚਾਲ ਆਏ। ਚਾਈਨਾ ਭੂਚਾਲ ਨੈੱਟਵਰਕ ਕੇਂਦਰ ਨੇ ਕਿਹਾ ਕਿ ਮੰਗਲਵਾਰ ਦਾ ਭੂਚਾਲ ਪਿਛਲੇ ਪੰਜ ਸਾਲਾਂ ‘ਚ 200 ਕਿਲੋਮੀਟਰ (124 ਮੀਲ) ਦੇ ਘੇਰੇ ‘ਚ ਦਰਜ ਕੀਤਾ ਗਿਆ ਸਭ ਤੋਂ ਸ਼ਕਤੀਸ਼ਾਲੀ ਭੂਚਾਲ ਸੀ। ਇਸ ਦੇ ਨਾਲ ਹੀ ਟੈਂਟ, ਕੋਟ, ਰਜਾਈਆਂ, ਫੋਲਡਿੰਗ ਬੈੱਡ ਸਮੇਤ 22,000 ਤੋਂ ਵੱਧ ਵਸਤੂਆਂ ਵੀ ਪ੍ਰਭਾਵਿਤ ਇਲਾਕਿਆਂ ‘ਚ ਭੇਜੀਆਂ ਗਈਆਂ ਹਨ।

ਇਸਦੇ ਨਾਲ ਹੀ ਨੇਪਾਲ ਤੋਂ ਲੈ ਕੇ ਭਾਰਤ ਅਤੇ ਬੰਗਲਾਦੇਸ਼ ਤੱਕ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਤੋਂ ਪਹਿਲਾਂ ਦਸੰਬਰ 2023 ‘ਚ ਚੀਨ ਦੇ ਗਾਂਸੂ ਸੂਬੇ ਵਿਚ 6.2 ਤੀਬਰਤਾ ਦਾ ਭੂਚਾਲ ਆਇਆ ਸੀ, ਜਿਸ ‘ਚ 151 ਜਣਿਆਂ ਦੀ ਜਾਨ ਚਲੀ ਗਈ ਸੀ।

Read More: America: ਏਂਜਲਸ ਦੇ ਜੰਗਲ ‘ਚ ਲੱਗੀ ਅੱ.ਗ, 30,000 ਲੋਕਾਂ ਨੂੰ ਘਰੋਂ ਕੱਢਿਆ ਗਿਆ ਬਾਹਰ

Exit mobile version