Satnam Singh Sandhu

ਡੇਰਾਬੱਸੀ ਤੇ ਲਾਲੜੂ ਨੂੰ ਸੈਲਫ਼ ਹੈਲਪ ਗਰੁੱਪਾਂ ਦੇ ਕੇਂਦਰ ਵਜੋਂ ਕੀਤਾ ਜਾਵੇਗਾ ਵਿਕਸਿਤ: MP ਸਤਨਾਮ ਸਿੰਘ ਸੰਧੂ

ਚੰਡੀਗੜ੍ਹ, 26 ਅਪ੍ਰੈਲ 2026: ਮੈਂਬਰ ਪਾਰਲੀਮੈਂਟ (ਰਾਜ ਸਭਾ) ਸਤਨਾਮ ਸਿੰਘ ਸੰਧੂ ਨੇ ਪੰਜਾਬ ਦੇ ਲਗਭਗ 60 ਮਹਿਲਾ ਸੈਲਫ਼ ਹੈਲਪ ਗਰੁੱਪਾਂ ਦੀਆਂ ਕਰੀਬ 500 ਮਹਿਲਾਵਾਂ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਨੇ ‘ਦੀਨਦਿਆਲ ਅੰਤੋਦਿਆ ਯੋਜਨਾ-ਰਾਸ਼ਟਰੀ ਗ੍ਰਾਮੀਣ ਆਜੀਵੀਕਾ ਮਿਸ਼ਨ’ ਅਧੀਨ ਚਲਾਈਆਂ ਗਈਆਂ ‘ਲਖਪਤੀ ਦੀਦੀ’ ਅਤੇ ‘ਡ੍ਰੋਨ ਦੀਦੀ’ ਵਰਗੀਆਂ ਵੱਖ-ਵੱਖ ਸਕੀਮਾਂ ਰਾਹੀਂ ਸ਼ਾਨਦਾਰ ਸਫ਼ਲਤਾ ਹਾਸਲ ਕੀਤੀ ਹੈ। ਜ਼ਿਕਰਯੋਗ ਹੈ ਕਿ ਇਹ ਮਿਸ਼ਨ ਦੇਸ਼ ਦੇ ਗ਼ਰੀਬ ਪੇਂਡੂ ਪਰਿਵਾਰਾਂ ਦੇ ਜੀਵਨ ਪੱਧਰ ਅਤੇ ਰੋਜ਼ੀ ਰੋਟੀ ਦੇ ਸਾਧਨਾਂ ਵਿੱਚ ਸੁਧਾਰ ਲਿਆਉਣ ਲਈ ਕੇਂਦਰ ਸਰਕਾਰ ਦੁਆਰਾ ਸਪੌਂਸਰ ਕੀਤੀ ਗਈ ਇੱਕ ਅਹਿਮ ਯੋਜਨਾ ਹੈ।

ਮੈਂਬਰ ਪਾਰਲੀਮੈਂਟ ਸਤਨਾਮ ਸਿੰਘ ਸੰਧੂ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਬੁਲਾਰੇ ਅਤੇ ਪੰਜਾਬ ਐਗਰੋ ਇੰਡਸਟਰੀਜ਼ ਦੇ ਸਾਬਕਾ ਵਾਈਸ-ਚੇਅਰਮੈਨ ਮਨਪ੍ਰੀਤ ਸਿੰਘ ਬੰਨੀ ਸੰਧੂ ਅਤੇ ਭਾਜਪਾ ਦੇ ਡੇਰਾਬੱਸੀ ਮੰਡਲ ਇੰਚਾਰਜ ਜਗਦੀਪ ਸਿੰਘ ਔਜਲਾ ਦੇ ਨਾਲ ਡੇਰਾਬੱਸੀ ਅਤੇ ਲਾਲੜੂ ਵਿਖੇ ਸੈਲਫ਼ ਹੈਲਪ ਗਰੁੱਪਾਂ ਦੀਆਂ ਮਹਿਲਾਵਾਂ ਵੱਲੋਂ ਲਗਾਈਆਂ ਗਈਆਂ ਸਟਾਲਾਂ ਦਾ ਦੌਰਾ ਕੀਤਾ ਅਤੇ ਉਨ੍ਹਾਂ ਦੀ ਮਿਹਨਤ ਤੇ ਲਗਨ ਦੀ ਭਰਪੂਰ ਸ਼ਲਾਘਾ ਕੀਤੀ।

ਇਨ੍ਹਾਂ ਸਟਾਲਾਂ ਉੱਪਰ ਪੁਰਾਣੇ ਪੰਜਾਬ ਅਤੇ ਰਵਾਇਤਾਂ ਦੀ ਝਲਕ ਸਾਫ਼ ਦੇਖਣ ਨੂੰ ਮਿਲੀ, ਜਿਨ੍ਹਾਂ ਵਿੱਚ ਫੁਲਕਾਰੀ ਸੂਟ, ਪੰਜਾਬੀ ਜੁੱਤੀਆਂ, ਸ਼ਹਿਦ, ਅਚਾਰ, ਸਕੁਐਸ਼, ਸਿਰਕਾ, ਤੇਲ, ਮਸਾਲੇ, ਪਾਪੜ, ਸਾਬਣ ਅਤੇ ਮੋਮਬੱਤੀਆਂ ਸ਼ਾਮਲ ਸਨ।

ਇਸ ਮੌਕੇ ‘ਲਖਪਤੀ ਦੀਦੀ’ ਅਤੇ ‘ਡ੍ਰੋਨ ਦੀਦੀ’ ਵਰਗੀਆਂ ਸਕੀਮਾਂ ਦੀਆਂ ਸੈਲਫ਼ ਹੈਲਪ ਗਰੁੱਪਾਂ ਦੀਆਂ ਮਹਿਲਾ ਲਾਭਪਾਤਰੀਆਂ ਨੇ ਆਪਣੇ ਤਜਰਬੇ ਅਤੇ ਸਫ਼ਲਤਾ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ। ਮਹਿਲਾਵਾਂ ਨੇ ਭਾਵੁਕ ਹੋ ਕੇ ਦੱਸਿਆ ਕਿ ਕਿਵੇਂ ਇੱਕ ਸਮੇਂ ਉਨ੍ਹਾਂ ਕੋਲ ਆਮਦਨ ਦਾ ਕੋਈ ਵੀ ਸਾਧਨ ਨਹੀਂ ਹੁੰਦਾ ਸੀ, ਪਰ ਸੈਲਫ਼ ਹੈਲਪ ਗਰੁੱਪਾਂ ਨਾਲ ਜੁੜਨ ਅਤੇ ‘ਲਖਪਤੀ ਦੀਦੀ’ ਵਰਗੀਆਂ ਸਰਕਾਰੀ ਸਕੀਮਾਂ ਦਾ ਫ਼ਾਇਦਾ ਲੈਣ ਤੋਂ ਬਾਅਦ ਅੱਜ ਉਹ ਇੰਨੀਆਂ ਸਸ਼ਕਤ ਹੋ ਚੁੱਕੀਆਂ ਹਨ ਕਿ ਨਾ ਸਿਰਫ਼ ਆਪਣੇ ਪਰਿਵਾਰਾਂ ਦਾ ਸਹਾਰਾ ਬਣ ਰਹੀਆਂ ਹਨ, ਬਲਕਿ ਦੂਜੀਆਂ ਮਹਿਲਾਵਾਂ ਨੂੰ ਵੀ ਰੋਜ਼ਗਾਰ ਦੇ ਰਹੀਆਂ ਹਨ।

ਆਪਣੇ ਤਜਰਬੇ ਸਾਂਝੇ ਕਰਦਿਆਂ ਮਹਿਲਾਵਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਦੀਆਂ ‘ਲਖਪਤੀ ਦੀਦੀ’ ਅਤੇ ‘ਡ੍ਰੋਨ ਦੀਦੀ’ ਵਰਗੀਆਂ ਪਹਿਲਕਦਮੀਆਂ ਨੇ ਉਨ੍ਹਾਂ ਦੇ ਜੀਵਨ ਵਿੱਚ ਇੱਕ ਸਕਾਰਾਤਮਕ ਤਬਦੀਲੀ ਲਿਆਂਦੀ ਹੈ, ਜਿਸ ਨੇ ਨਾ ਸਿਰਫ਼ ਉਨ੍ਹਾਂ ਨੂੰ ਆਰਥਿਕ ਸਥਿਰਤਾ ਪ੍ਰਦਾਨ ਕੀਤੀ ਹੈ, ਸਗੋਂ ਸਮਾਜ ਵਿੱਚ ਉਨ੍ਹਾਂ ਦਾ ਮਾਣ ਸਨਮਾਨ ਵੀ ਵਧਾਇਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਚੁੱਕੇ ਗਏ ਇਨ੍ਹਾਂ ਕਦਮਾਂ ਨੇ ਸੈਲਫ਼ ਗਰੁੱਪਾਂ ਦੇ ਉਤਪਾਦਾਂ ਲਈ ਬਾਜ਼ਾਰ ਤੱਕ ਸਿੱਧੀ ਪਹੁੰਚ ਨੂੰ ਆਸਾਨ ਬਣਾਇਆ ਹੈ। ਇਸ ਦੇ ਨਾਲ ਹੀ ਪੇਂਡੂ ਲੋਕਾਂ ਵਿੱਚ ਆਤਮ ਨਿਰਭਰਤਾ, ਆਰਥਿਕ ਖ਼ੁਸ਼ਹਾਲੀ ਅਤੇ ਮਹਿਲਾ ਸਸ਼ਕਤੀਕਰਨ ਦੀ ਇੱਕ ਵੱਡੀ ਲਹਿਰ ਪੈਦਾ ਹੋਈ ਹੈ।

ਦਸ਼ਮੇਸ਼ ਆਜੀਵਿਕਾ ਗਰੁੱਪ ਦੀ ਮੈਂਬਰ ਤੇ ਡੇਰਾ ਬੱਸੀ ਵਾਸੀ ਡਿੰਪਲ ਨੇ ਦਸਿਆ ਕਿ ਸਾਜੋ ਸਮਾਨ ਅਤੇ ਕੱਪੜੇ ਸਿਲਾਈ ਕਰਨ ਦਾ ਕੰਮ ਕਰਦੇ ਹਨ। ਮੇਰੇ ਗਰੁੱਪ ਵੱਲੋਂ ਡਰੋਨ ਦੀਦੀ ਲਈ ਵੀ ਅਪਲਾਈ ਕਰ ਦਿੱਤਾ ਹੈ, ਜਿਸ ਵਿਚ ਉਹ ਸਿਖਲਾਈ ਲੈ ਰਹੇ ਹਨ।ਸਾਡੇ ਗਰੁੱਪ ਨੂੰ ਕੰਮ ਕਰਦਿਆਂ ਤਿੰਨ ਸਾਲ ਤੋਂ ਵੀ ਵੱਧ ਦਾ ਸਮਾਂ ਹੋ ਗਿਆ ਹੈ।ਸਾਡਾ ਜੋ ਕੰਮ ਪਿਛਲੇ ਦੋ ਸਾਲਾਂ ਵਿਚ ਦੁੱਗਣਾ ਹੋ ਗਿਆ ਹੈ।ਇਹ ਸਭ ਕੇੱਦਰ ਸਰਕਾਰ ਵੱਲੋਂ ਚਲਾਈ ਜਾ ਰਹੀ ਲੱਖਪਤੀ ਦੀਦੀ ਸਕੀਮ ਰਾਹੀਂ ਦੋ ਵਾਰ ਲੋਨ ਮਿਲਣ ਨਾਲ ਹੀ ਸੰਭਵ ਹੋ ਸਕਿਆ ਹੈ।

ਸੈਲਫ਼ ਹੈਲਪ ਗਰੁੱਪਾਂ ਦੀਆਂ ਮਹਿਲਾ ਮੈਂਬਰਾਂ ਨੇ ਦੱਸਿਆ ਕਿ ਪਹਿਲਾਂ ਵਿਚੋਲੇ ਉਨ੍ਹਾਂ ਦੀ ਅਨਪੜ੍ਹਤਾ ਜਾਂ ਮਜਬੂਰੀ ਦਾ ਫ਼ਾਇਦਾ ਉਠਾ ਕੇ ਉਨ੍ਹਾਂ ਦੀ ਮਿਹਨਤ ਦੀ ਕਮਾਈ ਹੜੱਪ ਲੈਂਦੇ ਸਨ ਅਤੇ ਉਨ੍ਹਾਂ ਨੂੰ ਧੋਖਾ ਦਿੰਦੇ ਸਨ। ਪਰ ਹੁਣ ਕੇਂਦਰ ਸਰਕਾਰ ਨੇ ਸੈਲਫ਼ ਹੈਲਪ ਗਰੁੱਪਾਂ ਨੂੰ ਬਿਨਾਂ ਕਿਸੇ ਗਾਰੰਟੀ ਦੇ ਕਰਜ਼ੇ ਦੀ ਸਹੂਲਤ ਮੁਹੱਈਆ ਕਰਵਾਈ ਹੈ, ਜਿਸ ਨੇ ਉਨ੍ਹਾਂ ਨੂੰ ਆਰਥਿਕ ਤੌਰ ‘ਤੇ ਆਜ਼ਾਦ ਹੋਣ ਅਤੇ ਸਥਾਈ ਰੋਜ਼ੀ ਰੋਟੀ ਦੇ ਸਾਧਨ ਜੁਟਾਉਣ ਵਿੱਚ ਵੱਡੀ ਮਦਦ ਕੀਤੀ ਹੈ।

ਮਹਿਲਾਵਾਂ ਨੇ ਅੱਗੇ ਦੱਸਿਆ ਕਿ ਕੇਂਦਰ ਸਰਕਾਰ ਦੀਆਂ ‘ਲਖਪਤੀ ਦੀਦੀ’ ਅਤੇ ‘ਡ੍ਰੋਨ ਦੀਦੀ’ ਵਰਗੀਆਂ ਪਹਿਲਕਦਮੀਆਂ ਖੇਤੀਬਾੜੀ, ਪਸ਼ੂ ਪਾਲਣ, ਡੇਅਰੀ, ਮੁਰਗੀ ਪਾਲਣ, ਖੁੰਬਾਂ ਦੀ ਕਾਸ਼ਤ, ਫ਼ੂਡ ਪ੍ਰੋਸੈਸਿੰਗ ਅਤੇ ਲਘੂ ਉਦਯੋਗਾਂ ਰਾਹੀਂ ਔਰਤਾਂ ਲਈ ਸਵੈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਹੀਆਂ ਹਨ।

ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਮੈਂਬਰ ਪਾਰਲੀਮੈਂਟ ਸਤਨਾਮ ਸਿੰਘ ਸੰਧੂ ਨੇ ਕਿਹਾ, ” ਭਾਰਤੀ ਮਹਿਲਾਵਾਂ ਨੇ ਆਜ਼ਾਦੀ ਦੇ ਸੰਘਰਸ਼ ਦੌਰਾਨ ਅਤੇ ਆਜ਼ਾਦੀ ਤੋਂ ਬਾਅਦ ਵੀ ਦੇਸ਼ ਦੀ ਆਰਥਿਕਤਾ ਨੂੰ ਵਿਕਸਤ ਕਰਨ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਮਾਨਤਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ 11 ਸਾਲਾਂ ਦੌਰਾਨ ਮਹਿਲਾਵਾਂ ਨੂੰ ਦੇਸ਼ ਦੇ ਨਿਰਮਾਣ ਵਿੱਚ ਬਣਦਾ ਸਨਮਾਨ ਅਤੇ ਸਾਂਝੇਦਾਰੀ ਦਿੱਤੀ ਹੈ।

‘ਲਖਪਤੀ ਦੀਦੀ’ ਅਤੇ ‘ਡਰੋਨ ਦੀਦੀ’ ਵਰਗੀਆਂ ਸਕੀਮਾਂ ਪੇਂਡੂ ਆਰਥਿਕਤਾ ਨੂੰ ਵਿਕਸਤ ਕਰਨ ਅਤੇ ਮਹਿਲਾ ਸਸ਼ਕਤੀਕਰਨ ਦੇ ਖੇਤਰ ਵਿੱਚ ਗੇਮ ਚੇਂਜਰ (ਵੱਡੀ ਤਬਦੀਲੀ ਲਿਆਉਣ ਵਾਲੀਆਂ) ਸਾਬਤ ਹੋਈਆਂ ਹਨ। ਇਸ ਬਦਲਾਅ ਦਾ ਸਭ ਤੋਂ ਵੱਡਾ ਸਬੂਤ ਇਸ ਤੱਥ ਤੋਂ ਮਿਲਦਾ ਹੈ ਕਿ ਅੱਜ ਭਾਰਤ ‘ਮਹਿਲਾ ਵਿਕਾਸ’ ਦੇ ਸੰਕਲਪ ਤੋਂ ਅੱਗੇ ਵਧ ਕੇ ਮਹਿਲਾਵਾਂ ਦੀ ਅਗਵਾਈ ਵਿੱਚ ਵਿਕਾਸ ਵੱਲ ਵਧ ਚੁੱਕਾ ਹੈ। ਅੱਜ ਦੇ ਨਵੇਂ ਭਾਰਤ ਵਿੱਚ ਪੰਚਾਇਤ ਭਵਨ ਤੋਂ ਲੈਕੇ ਰਾਸ਼ਟਰਪਤੀ ਭਵਨ ਤੱਕ ਮਹਿਲਾ ਸ਼ਕਤੀ ਦਾ ਪਰਚਮ ਲਹਿਰਾ ਰਿਹਾ ਹੈ।”

ਐਮਪੀ ਸੰਧੂ ਨੇ ਮਹਿਲਾ ਸਸ਼ਕਤੀਕਰਨ ਦੇ ਖੇਤਰ ਵਿੱਚ ਕੇਂਦਰ ਸਰਕਾਰ ਦੀਆਂ ਲਖਪਤੀ ਦੀਦੀ ਅਤੇ ਡਰੋਨ ਦੀਦੀ ਵਰਗੀਆਂ ਪਹਿਲਕਦਮੀਆਂ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ, “ਪ੍ਰਧਾਨ ਮੰਤਰੀ ਨੇ 3 ਕਰੋੜ ‘ਲਖਪਤੀ ਦੀਦੀਆਂ’ (ਜੋ ਸਾਲਾਨਾ 1 ਲੱਖ ਰੁਪਏ ਤੋਂ ਵੱਧ ਕਮਾਉਂਦੀਆਂ ਹੋਣ) ਬਣਾਉਣ ਦਾ ਟੀਚਾ ਮਿਥਿਆ ਸੀ, ਜਿਸ ਵਿੱਚੋਂ 2.9 ਕਰੋੜ ਮਹਿਲਾਵਾਂ ਪਹਿਲਾਂ ਹੀ ‘ਲਖਪਤੀ ਦੀਦੀ’ ਬਣ ਚੁੱਕੀਆਂ ਹਨ। ਇਨ੍ਹਾਂ ਵਿੱਚ ਪੰਜਾਬ ਦੀਆਂ 3,24,811 ਮਹਿਲਾਵਾਂ ਵੀ ਸ਼ਾਮਲ ਹਨ।

ਇਸੇ ਤਰ੍ਹਾਂ ‘ਨਮੋ ਡ੍ਰੋਨ ਦੀਦੀ’ ਸਕੀਮ ਪੇਂਡੂ ਮਹਿਲਾਵਾਂ ਨੂੰ ਸਸ਼ਕਤ ਬਣਾ ਰਹੀ ਹੈ। ਇਸ ਦੇ ਤਹਿਤ ਚੁਣੇ ਗਏ ਮਹਿਲਾ ਸੈਲਫ਼ ਹੈਲਪ ਗਰੁੱਪਾਂ ਨੂੰ ਡ੍ਰੋਨ ਮੁਹੱਈਆ ਕਰਵਾਏ ਜਾ ਰਹੇ ਹਨ, ਤਾਂ ਜੋ ਉਹ ਖੇਤੀਬਾੜੀ ਖੇਤਰ ਵਿੱਚ ਕਿਰਾਏ ‘ਤੇ ਸੇਵਾਵਾਂ ਦੇਕੇ ਸਥਾਈ ਆਮਦਨ ਦੇ ਸਾਧਨ ਪੈਦਾ ਕਰ ਸਕਣ। ਰਾਸ਼ਟਰੀ ਪੱਧਰ ‘ਤੇ 1094 ਸੈਲਫ਼ ਹੈਲਪ ਗਰੁੱਪਾਂ ਨੂੰ ਐਲਐਫ਼ਸੀ ਰਾਹੀਂ ਡ੍ਰੋਨ ਮੁਹੱਈਆ ਕਰਵਾਏ ਗਏ ਹਨ ਅਤੇ ਨਾਲ ਹੀ ਗਰੁੱਪ ਦੀਆਂ ਮਹਿਲਾ ਮੈਂਬਰਾਂ ਨੂੰ ਡ੍ਰੋਨ ਪਾਇਲਟ ਵਜੋਂ ਸਿਖਲਾਈ ਦਿੱਤੀ ਗਈ ਹੈ। ਪੰਜਾਬ ਦੇ 57 ਸੈਲਫ਼ ਹੈਲਪ ਗਰੁੱਪ ਇਸ ਸਕੀਮ ਦਾ ਹਿੱਸਾ ਹਨ ਅਤੇ ਇੰਨੀ ਹੀ ਗਿਣਤੀ ਵਿੱਚ ਮਹਿਲਾ ਮੈਂਬਰਾਂ ਨੂੰ ਡ੍ਰੋਨ ਪਾਇਲਟ ਵਜੋਂ ਸਿਖਲਾਈ ਦਿੱਤੀ ਗਈ ਹੈ, ਜੋ ਕਿ ਤਕਨਾਲੋਜੀ ਆਧਾਰਤ ਰੋਜ਼ੀ ਰੋਟੀ ਦੀਆਂ ਸਕੀਮਾਂ ਵਿੱਚ ਸੂਬੇ ਦੇ ਯੋਗਦਾਨ ਨੂੰ ਦਰਸਾਉਂਦਾ ਹੈ।”

ਉਨ੍ਹਾਂ ਅੱਗੇ ਕਿਹਾ, “ਸੈਲਫ਼ ਹੈਲਪ ਗਰੁੱਪ ਸਮਾਜਕ ਅਤੇ ਆਰਥਕ ਸਸ਼ਕਤੀਕਰਨ ਦਾ ਇੱਕ ਸ਼ਕਤੀਸ਼ਾਲੀ ਸਾਧਨ ਹਨ, ਜਿਨ੍ਹਾਂ ਨੇ ਦੇਸ਼ ਭਰ ਵਿੱਚ 91.75 ਲੱਖ ਗਰੁੱਪਾਂ ਰਾਹੀਂ 10 ਕਰੋੜ ਤੋਂ ਵੱਧ ਔਰਤਾਂ ਨੂੰ ਆਤਮ ਵਿਸ਼ਵਾਸ ਨਾਲ ਭਰਪੂਰ ਲੀਡਰ ਬਣਨ ਅਤੇ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾਉਣ ਦੇ ਯੋਗ ਬਣਾਇਆ ਹੈ। ਪੰਜਾਬ ਵਿੱਚ ਮੌਜੂਦ 51,560 ਤੋਂ ਵੱਧ ਸੈਲਫ਼ ਹੈਲਪ ਗਰੁੱਪ, ਜਿਨ੍ਹਾਂ ਵਿੱਚ 5.24 ਲੱਖ ਤੋਂ ਵੱਧ ਮੈਂਬਰ ਹਨ, ਵੀ ਪੇਂਡੂ ਖੇਤਰਾਂ ਵਿੱਚ ਮਹਿਲਾਵਾਂ ਦੀ ਅਗਵਾਈ ਹੇਠ ਹੋ ਰਹੀ ਤਬਦੀਲੀ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ। ਇਹ ਯੋਗਦਾਨ ‘ਵਿਕਸਿਤ ਭਾਰਤ’ ਦੇ ਸੰਕਲਪ ਨੂੰ ਸਾਕਾਰ ਕਰਨ ਵਿੱਚ ਮਹੱਤਵਪੂਰਨ ਸਿੱਧ ਹੋ ਰਿਹਾ ਹੈ।”

ਮੈਂਬਰ ਪਾਰਲੀਮੈਂਟ ਸਤਨਾਮ ਸਿੰਘ ਸੰਧੂ ਨੇ ਸੈਲਫ਼ ਹੈਲਪ ਗਰੁੱਪ ਦੀਆਂ ਮਹਿਲਾਵਾਂ ਵੱਲੋਂ ਉਠਾਏ ਗਏ ਮਸਲਿਆਂ ਨੂੰ ਬੜੀ ਸੰਜੀਦਗੀ ਨਾਲ ਸੁਣਿਆ ਅਤੇ ਉਨ੍ਹਾਂ ਦੇ ਹੱਲ ਲਈ ਠੋਸ ਕਾਰਵਾਈ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਡੇਰਾਬੱਸੀ ਵਿਖੇ ਬੇਕਰੀ ਉਤਪਾਦਾਂ ਲਈ ਇੱਕ ਅਧੁਨਿਕ ਟ੍ਰੇਨਿੰਗ ਸੈਂਟਰ ਸਥਾਪਤ ਕਰਨ ਲਈ ਵਿੱਤੀ ਸਹਾਇਤਾ ਦੇਣ, ਡੇਰਾਬੱਸੀ ਤੋਂ ਚੰਡੀਗੜ੍ਹ ਅਤੇ ਮੋਹਾਲੀ ਦੇ ਸਿਖਲਾਈ ਕੇਂਦਰਾਂ ਤੱਕ ਸਰਕਾਰੀ ਬੱਸ ਸੇਵਾ ਸ਼ੁਰੂ ਕਰਵਾਉਣ ਅਤੇ ਚੰਡੀਗੜ੍ਹ ਦੇ ਪ੍ਰਮੁੱਖ ਸੈਰ-ਸਪਾਟੇ ਵਾਲੀਆਂ ਥਾਵਾਂ ‘ਤੇ ਇਨ੍ਹਾਂ ਮਹਿਲਾਵਾਂ ਦੁਆਰਾ ਤਿਆਰ ਕੀਤੇ ਗਏ ਉਤਪਾਦਾਂ ਦੀ ਵਿਕਰੀ ਲਈ ਸਟਾਲਾਂ ਲਗਾੳੇੁਣ ਲਈ ਵਿਸ਼ੇਸ਼ ਥਾਂ ਦਿਵਾਉਣ ਦਾ ਵਿਸ਼ਵਾਸ ਦਿਵਾਇਆ। ਇਸ ਤੋਂ ਇਲਾਵਾ, ਉਨ੍ਹਾਂ ਨੇ ਸਮੂਹਾਂ ਦੇ ਉਤਪਾਦਾਂ ਦੀ ‘ਜੀਓ-ਟੈਗਿੰਗ’ ਕਰਵਾਉਣ ਅਤੇ ਡੇਰਾਬੱਸੀ ਵਿੱਚ ਰੇਸ਼ਮ ਦੇ ਕੀੜੇ ਪਾਲਣ ਲਈ ਸ਼ਹਿਤੂਤ ਵਰਗੇ ਰੁੱਖਾਂ ਦੀ ਖੇਤੀ ਵਾਸਤੇ ਫਾਰਮ ਸਥਾਪਤ ਕਰਨ ਵਿੱਚ ਮਦਦ ਦੇਣ ਦਾ ਵੀ ਐਲਾਨ ਕੀਤਾ।

ਮਹਿਲਾਵਾਂ ਵੱਲੋਂ ਊਜਾਗਰ ਕੀਤੇ ਗਏ ਮਸਲਿਆਂ ਦਾ ਨੋਟਿਸ ਲੈਂਦਿਆਂ, ਐਮਪੀ ਸਤਨਾਮ ਸਿੰਘ ਸੰਧੂ ਨੇ ਐਲਾਨ ਕੀਤਾ ਕਿ “ਡੇਰਾਬੱਸੀ ਅਤੇ ਲਾਲੜੂ ਨੂੰ ਸੈਲਫ਼ ਹੈਲਪ ਗਰੁੱਪਾਂ ਦੇ ਗੜ੍ਹ ਵਜੋਂ ਵਿਕਸਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਮਹਿਲਾ ਸਸ਼ਕਤੀਕਰਨ ਲਈ ਕੇਂਦਰ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਵਿੱਚ ਡੇਰਾਬੱਸੀ ਅਤੇ ਲਾਲੜੂ ਮੁੱਖ ਕੇਂਦਰ ਵਜੋਂ ਕੰਮ ਕਰਨਗੇ।”

ਇਸ ਮੌਕੇ ਐਮਪੀ ਸੰਧੂ ਨੇ ਮਨਪ੍ਰੀਤ ਸਿੰਘ ਬੰਨੀ ਸੰਧੂ ਨੂੰ ਹਦਾਇਤ ਕੀਤੀ ਕਿ “ਡੇਰਾਬੱਸੀ ਦੀਆਂ ਮਹਿਲਾਵਾਂ ਲਈ ਇੱਕ ਅਧੁਨਿਕ ਹੁਨਰ ਸਿਖਲਾਈ ਕੇਂਦਰ ਸਥਾਪਤ ਕਰਨ ਵਾਸਤੇ ਜਲਦ ਤੋਂ ਜਲਦ ਜ਼ਮੀਨ ਦੀ ਭਾਲ ਕੀਤੀ ਜਾਵੇ। ਉਨ੍ਹਾਂ ਭਰੋਸਾ ਦਿੱਤਾ ਕਿ ਇਸ ਟ੍ਰੇਨਿੰਗ ਸੈਂਟਰ ਲਈ ਉਹ ਆਪਣੇ ਐਮਪੀ-ਲੈਡ ਫੰਡ ਅਤੇ ਕੇਂਦਰ ਸਰਕਾਰ ਤੋਂ ਵਿਸ਼ੇਸ਼ ਗ੍ਰਾਂਟਾਂ ਮੁਹੱਈਆ ਕਰਵਾਉਣਗੇ।

ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਹੋਣ ਦੇ ਨਾਤੇ ਸਤਨਾਮ ਸਿੰਘ ਸੰਧੂ ਨੇ ”ਟ੍ਰੇਨਿੰਗ ਦ ਟ੍ਰੇਨਰਜ਼” ਪ੍ਰੋਗਰਾਮ ਦਾ ਵੀ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਇਨ੍ਹਾਂ ਟ੍ਰੇਨਰਾਂ ਨੂੰ ਹਰ ਤਰ੍ਹਾਂ ਦੀ ਸਿਖਲਾਈ ਅਤੇ ਸਹਿਯੋਗ ਦਿੱਤਾ ਜਾਵੇਗਾ, ਜੋ ਅੱਗੇ ਜਾ ਕੇ ਡੇਰਾਬੱਸੀ ਅਤੇ ਲਾਲੜੂ ਦੀਆਂ ਮਹਿਲਾਵਾਂ ਨੂੰ ਵੱਖ-ਵੱਖ ਹੁਨਰਾਂ ਵਿੱਚ ਮਾਹਰ ਬਣਾਉਣਗੇ।

ਐਮਪੀ ਸੰਧੂ ਨੇ ਅੱਗੇ ਕਿਹਾ ਕਿ ਸੈਲਫ਼ ਹੈਲਪ ਗਰੁੱਪਾਂ ਦੇ ਉਤਪਾਦਾਂ ਦੀ ਵਿਕਰੀ ਲਈ ਚੰਡੀਗੜ੍ਹ ਵਿੱਚ ‘ਸ਼ੀ ਮਾਰਟ’ (SHE Mart) ਨਾਮੀ ਕਮਿਊਨਿਟੀ-ਆਊਟਲੈੱਟ ਸਥਾਪਤ ਕਰਨ ਵਾਸਤੇ ਉਹ ਕੇਂਦਰ ਸਰਕਾਰ ਤੋਂ ਫੰਡ ਦਿਵਾਉਣਗੇ। ਇਸ ਸਬੰਧੀ ਉਹ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨਾਲ ਵੀ ਸਲਾਹ ਮਸ਼ਵਰਾ ਕਰਨਗੇ।

ਇਸ ਤੋਂ ਇਲਾਵਾ ਆਵਾਜਾਈ ਦੀ ਸਹੂਲਤ ਬਾਰੇ ਗੱਲ ਕਰਦਿਆਂ ਉਨ੍ਹਾਂ ਐਲਾਨ ਕੀਤਾ ਕਿ “ਮਹਿਲਾਵਾਂ ਅਤੇ ਲੜਕੀਆਂ ਦੀ ਚੰਡੀਗੜ੍ਹ ਦੀਆਂ ਮੰਡੀਆਂ ਤੱਕ ਪਹੁੰਚ ਆਸਾਨ ਬਣਾਉਣ ਲਈ ਉਹ ਪੀਆਰਟੀਸੀ ਅਤੇ ਸੀਟੀਯੂ ਨਾਲ ਗੱਲਬਾਤ ਕਰਨਗੇ ਤਾਂ ਜੋ ਡੇਰਾਬੱਸੀ ਅਤੇ ਲਾਲੜੂ ਵਿੱਚ ਬੱਸਾਂ ਦੇ ਵਿਸ਼ੇਸ਼ ਸਟੌਪੇਜ ਯਕੀਨੀ ਬਣਾਏ ਜਾ ਸਕਣ। ਇਸ ਤੋਂ ਇਲਾਵਾ, ਉਨ੍ਹਾਂ ਚੰਡੀਗੜ੍ਹ ਯੂਨੀਵਰਸਿਟੀ ਦੇ ਕੈਂਪਸ ਵਿੱਚ ‘ਸਾਰਸ ਮੇਲੇ’ ਦੀ ਤਰਜ਼ ‘ਤੇ ਇੱਕ ਵਿਸ਼ਾਲ ‘ਸੈਲਫ਼ ਹੈਲਪ ਗਰੁੱਪ ਕ੍ਰਾਫ਼ਟਸ ਮੇਲਾ’ ਲਗਾਉਣ ਦਾ ਵੀ ਐਲਾਨ ਕੀਤਾ, ਜਿੱਥੇ ਇਹ ਮਹਿਲਾਵਾਂ ਸਿੱਧੇ ਤੌਰ ‘ਤੇ ਆਪਣਾ ਸਾਮਾਨ ਵੇਚ ਸਕਣਗੀਆਂ।

ਸਵੈ-ਸਹਾਇਤਾ ਸਮੂਹਾਂ ਦੀਆਂ ਮਹਿਲਾਵਾਂ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਇਨ੍ਹਾਂ ਸਮੂਹਾਂ ਨੇ ਉਨ੍ਹਾਂ ਲਈ ਘਰ ਬੈਠੇ ਹੀ ਰੁਜ਼ਗਾਰ ਦੇ ਮੌਕੇ ਪੈਦਾ ਕਰ ਦਿੱਤੇ ਹਨ। ਇਸ ਸਬੰਧੀ ਮੋਹਾਲੀ ਦੀ ਰਹਿਣ ਵਾਲੀ ਲਖਪਤੀ ਦੀਦੀ ਚਰਨਜੀਤ ਕੌਰ ਨੇ ਆਪਣੇ ਤਜ਼ਰਬੇ ਸਾਂਝੇ ਕੀਤੇ।

ਚਰਨਜੀਤ ਕੌਰ ਨੇ ਦੱਸਿਆ, “ਮੇਰੇ ਸਮੂਹ ਦਾ ਨਾਂ ‘ਸ਼ੀਤਲਾ ਆਜੀਵਿਕਾ SHG’ ਹੈ ਅਤੇ ਸਾਡੇ ਗਰੁੱਪ ਦੀ ਸਾਲਾਨਾ ਆਮਦਨ ਲਗਭਗ 15 ਲੱਖ ਰੁਪਏ ਹੈ। ਮੈਂ ਕੇਂਦਰ ਸਰਕਾਰ ਦੀ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਸਾਨੂੰ ਸਵੈ-ਸਹਾਇਤਾ ਸਮੂਹਾਂ ਨਾਲ ਜੋੜਿਆ। ਮੈਂ ਪਿਛਲੇ 6-7 ਸਾਲਾਂ ਤੋਂ ਇਸ ਸਮੂਹ ਨਾਲ ਜੁੜੀ ਹੋਈ ਹਾਂ। ਸਰਕਾਰ ਵੱਲੋਂ ਪਿੰਡਾਂ ਵਿੱਚ ਸਥਾਪਤ ਕੀਤੇ ਗਏ ਇਨ੍ਹਾਂ ਗਰੁੱਪਾਂ ਸਦਕਾ ਪੇਂਡੂ ਖੇਤਰ ਦੀਆਂ ਮਹਿਲਾਵਾਂ ਨੂੰ ਰੁਜ਼ਗਾਰ ਦੇ ਵੱਡੇ ਮੌਕੇ ਮਿਲ ਰਹੇ ਹਨ।”

ਉਨ੍ਹਾਂ ਅੱਗੇ ਕਿਹਾ, “ਮੇਰੇ ਪਿੰਡ ਵਿੱਚ ਮਹਿਲਾਵਾਂ ਆਪਣੇ ਘਰਾਂ ਵਿੱਚ ਬੈਠ ਕੇ ਹੀ ਫੁਲਕਾਰੀ ਅਤੇ ਰਵਾਇਤੀ ਪੰਜਾਬੀ ਜੁੱਤੀਆਂ ਤਿਆਰ ਕਰ ਰਹੀਆਂ ਹਨ। ਮੈਂ ਹੁਣ ਤੱਕ ‘ਸਾਰਸ ਮੇਲਿਆਂ’ ਰਾਹੀਂ ਦੇਸ਼ ਦੇ ਕਰੀਬ 15 ਰਾਜਾਂ ਵਿੱਚ ਜਾ ਕੇ ਆਪਣੇ ਉਤਪਾਦ ਵੇਚ ਚੁੱਕੀ ਹਾਂ ਅਤੇ ਸਾਡਾ ਕੰਮ ਲਗਾਤਾਰ ਵਧ ਰਿਹਾ ਹੈ। ਇਸ ਕੰਮ ਤੋਂ ਹੋਈ ਕਮਾਈ ਸਦਕਾ ਹੀ ਮੈਂ ਆਪਣੇ ਬੇਟੇ ਨੂੰ ਉੱਚੇਰੀ ਸਿੱਖਿਆ ਲਈ ਕੈਨੇਡਾ ਭੇਜਣ ਵਿੱਚ ਸਫ਼ਲ ਹੋ ਸਕੀ ਹਾਂ।”

‘ਸਰਬਤ ਦਾ ਭਲਾ’ ਸੈਲਫ਼ ਹੈਲਪ ਗਰੁੱਪ ਦੀ ਮੈਂਬਰ ਮੋਨੀਆ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ, “ਮੈਂ ਡੇਰਾਬੱਸੀ ਤੋਂ ਹਾਂ ਅਤੇ ਸਾਡਾ ਗਰੁੱਪ ਸਿਹਤ ਸੰਭਾਲ (ਹੈਲਥ ਕੇਅਰ) ਅਤੇ ਮਹਿਲਾਵਾਂ ਦੀ ਸਵੱਛਤਾ ਨਾਲ ਸਬੰਧਤ ਉਤਪਾਦ ਤਿਆਰ ਕਰਦਾ ਹੈ। ਲਾਲੜੂ ਵਿੱਚ ਸਾਡੇ ਇਸ ਗਰੁੱਪ ਦੇ ਅੱਠ ਮੈਂਬਰ ਹਨ।” ਉਨ੍ਹਾਂ ਅੱਗੇ ਦੱਸਿਆ, “ਅਸੀਂ ਕਰੀਬ ਡੇਢ ਸਾਲ ਪਹਿਲਾਂ ਹੀ ਇਸ ਗਰੁੱਪ ਦੀ ਸ਼ੁਰੂਆਤ ਕੀਤੀ ਸੀ ਅਤੇ ਸਾਨੂੰ ਪਹਿਲੀ ਵਿੱਤੀ ਸਹਾਇਤਾ ‘ਲਖਪਤੀ ਦੀਦੀ’ ਸਕੀਮ ਰਾਹੀਂ ਪ੍ਰਾਪਤ ਹੋਈ ਹੈ। ਸਾਡੇ ਗਰੁੱਪ ਦੁਆਰਾ ਬਣਾਏ ਗਏ ਉਤਪਾਦਾਂ ਨਾਲ ਹਰ ਮੈਂਬਰ ਨੂੰ ਮਹੀਨੇ ਵਿੱਚ ਲਗਭਗ 10,000 ਰੁਪਏ ਦੀ ਆਮਦਨ ਹੋ ਰਹੀ ਹੈ। ਉਤਪਾਦ ਤਿਆਰ ਕਰਨ ਤੋਂ ਇਲਾਵਾ, ਅਸੀਂ ਸਕੂਲਾਂ ਅਤੇ ਕਾਲਜਾਂ ਵਿੱਚ ਜਾ ਕੇ ਮਾਹਵਾਰੀ ਦੌਰਾਨ ਸਿਹਤ ਸੰਭਾਲ ਬਾਰੇ ਜਾਗਰੂਕਤਾ ਵੀ ਫੈਲਾਉਂਦੇ ਹਾਂ। ਅਸੀਂ ਕੇਂਦਰ ਸਰਕਾਰ ਦੇ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ‘ਲਖਪਤੀ ਦੀਦੀ’ ਵਰਗੀ ਪਹਿਲਕਦਮੀ ਰਾਹੀਂ ਸਾਡੇ ਵਰਗੀਆਂ ਮਹਿਲਾਵਾਂ ਨੂੰ ਆਤਮ-ਨਿਰਭਰ ਬਣਾਇਆ ਹੈ।”

ਨਾਰੀ ਸ਼ਕਤੀ’ ਸੈਲਫ਼ ਹੈਲਪ ਗਰੁੱਪ ਦੀ ਮੈਂਬਰ ਸਰੋਜ ਰਾਣੀ ਨੇ ਕੇਂਦਰ ਸਰਕਾਰ ਦੀ ‘ਲਖਪਤੀ ਦੀਦੀ’ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਕਿਹਾ, “ਸਾਡੇ ਗਰੁੱਪ ਵਿੱਚ 20 ਮੈਂਬਰ ਹਨ ਅਤੇ ਅਸੀਂ ਪਿਛਲੇ ਛੇ ਸਾਲਾਂ ਤੋਂ ਪੰਜਾਬੀ ਜੁੱਤੀਆਂ ਬਣਾ ਕੇ ਵੇਚ ਰਹੇ ਹਾਂ। ਸਰਕਾਰ ਦੀ ਮਦਦ ਸਦਕਾ ਅਸੀਂ ਹੁਣ ਤੱਕ ਵੱਖ-ਵੱਖ ਰਾਜਾਂ ਵਿੱਚ ਲਗਭਗ 12 ‘ਸਾਰਸ ਮੇਲਿਆਂ’ ਵਿੱਚ ਆਪਣੇ ਉਤਪਾਦਾਂ ਦੀ ਪ੍ਰਦਰਸ਼ਨੀ ਲਗਾ ਚੁੱਕੇ ਹਾਂ। ਸਾਡੇ ਗਰੁੱਪ ਦੀਆਂ ਮੈਂਬਰ ਪਹਿਲਾਂ ਹੀ ‘ਲਖਪਤੀ ਦੀਦੀਆਂ’ ਬਣ ਚੁੱਕੀਆਂ ਹਨ। ਸਾਨੂੰ ਸਰਕਾਰ ਵੱਲੋਂ ਤਿੰਨ ਵਾਰ ਬਿਨਾਂ ਗਾਰੰਟੀ ਦੇ ਕਰਜ਼ਾ ਮਿਲਿਆ ਹੈ, ਜਿਸ ਨਾਲ ਸਾਨੂੰ ਆਪਣਾ ਕੰਮ ਵਧਾਉਣ ਵਿੱਚ ਬਹੁਤ ਮਦਦ ਮਿਲੀ। ਸਰਕਾਰ ਨੇ ਸਾਡੇ ਕੰਮ ਲਈ ਸਾਨੂੰ ਸਨਮਾਨਿਤ ਵੀ ਕੀਤਾ ਹੈ, ਜਿਸ ਨਾਲ ਸਾਡਾ ਹੌਸਲਾ ਹੋਰ ਵਧਿਆ ਹੈ।”

ਇਸੇ ਤਰ੍ਹਾਂ ਡੇਰਾਬੱਸੀ ਦੇ ‘ਦਸਮੇਸ਼ ਆਜੀਵਿਕਾ’ ਸਮੂਹ ਦੀ ਮੈਂਬਰ ਡਿੰਪਲ ਨੇ ਦੱਸਿਆ, “ਸਾਡਾ ਗਰੁੱਪ ਤਿੰਨ ਸਾਲ ਪਹਿਲਾਂ ਬਣਿਆ ਸੀ। ਅਸੀਂ ਸਜਾਵਟ ਦਾ ਸਮਾਨ ਅਤੇ ਸਿਲਾਈ ਕਢਾਈ ਦਾ ਕੰਮ ਕਰਦੇ ਹਾਂ। ਮੈਂ ‘ਡਰੋਨ ਦੀਦੀ’ ਸਕੀਮ ਤਹਿਤ ਟ੍ਰੇਨਿੰਗ ਲਈ ਅਪਲਾਈ ਕੀਤਾ ਹੈ ਅਤੇ ਹੁਣ ਮੈਂ ਡਰੋਨ ਚਲਾਉਣ ਦੀ ਸਿਖਲਾਈ ਲੈ ਰਹੀ ਹਾਂ। ਸਾਨੂੰ ‘ਲਖਪਤੀ ਦੀਦੀ’ ਸਕੀਮ ਅਧੀਨ ਦੋ ਵਾਰ ਸਰਕਾਰੀ ਕਰਜ਼ਾ ਮਿਲਿਆ ਹੈ, ਜਿਸ ਦੀ ਬਦੌਲਤ ਸਾਡਾ ਕਾਰੋਬਾਰ ਅਤੇ ਵਿਕਰੀ ਪਹਿਲਾਂ ਨਾਲੋਂ ਦੁੱਗਣੀ ਹੋ ਗਈ ਹੈ। ਕੇਂਦਰ ਸਰਕਾਰ ਦੇ ਸਹਿਯੋਗ ਤੋਂ ਬਿਨਾਂ ਇਹ ਸਭ ਸਾਡੇ ਲਈ ਮੁਮਕਿਨ ਨਹੀਂ ਸੀ।

Read More: ਸੰਸਦ ‘ਚ ਪੰਜਾਬ ਦੀ ਆਵਾਜ਼ ਬਣੇ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ

ਵਿਦੇਸ਼

Scroll to Top