Samrala news

ਛੋਟੇ ਭਰਾ ਦੀ ਅਰਥੀ ਦੇਖ ਨਾ ਸਕਿਆ ਵੱਡਾ ਭਰਾ, 5 ਘੰਟਿਆਂ ਬਾਅਦ ਖ਼ੁਦ ਵੀ ਹੋਇਆ ਖ਼ਾਮੋਸ਼

ਸਮਰਾਲਾ, 12 ਜੂਨ 2026: ਸਮਰਾਲਾ ਦੇ ਨੇੜਲੇ ਪਿੰਡ ਭੰਗਲਾਂ ‘ਚ ਦੋ ਸਕੇ ਭਰਾਵਾਂ ਦੀ ਕੁਝ ਹੀ ਘੰਟਿਆਂ ਦੇ ਵਕਫ਼ੇ ਦੌਰਾਨ ਹੋਈ ਮੌਤ ਨੇ ਪੂਰੇ ਇਲਾਕੇ ਨੂੰ ਡੂੰਘੇ ਸੋਕ ‘ਚ ਡੁਬੋ ਦਿੱਤਾ ਹੈ। ਜਿੱਥੇ ਅੱਜ ਦੇ ਦੌਰ ‘ਚ ਜ਼ਮੀਨ-ਜਾਇਦਾਦ ਅਤੇ ਪੈਸੇ ਨੂੰ ਲੈ ਕੇ ਭਰਾਵਾਂ ਵਿਚਾਲੇ ਝਗੜਿਆਂ ਦੀਆਂ ਖ਼ਬਰਾਂ ਆਮ ਹਨ, ਉੱਥੇ ਇਸ ਘਟਨਾ ਨੇ ਭਰਾਵਾਂ ਦੇ ਅਟੁੱਟ ਪਿਆਰ ਦੀ ਅਜਿਹੀ ਮਿਸਾਲ ਪੇਸ਼ ਕੀਤੀ ਹੈ, ਜਿਸ ਨੇ ਹਰ ਸੁਣਨ ਵਾਲੇ ਦੀ ਅੱਖ ਨਮ ਕਰ ਦਿੱਤੀ।

ਜਾਣਕਾਰੀ ਮੁਤਾਬਕ ਪਿੰਡ ਦੇ ਮਿਹਨਤੀ ਕਿਸਾਨ ਪਰਿਵਾਰ ਨਾਲ ਸਬੰਧਤ ਗੁਰਦੀਪ ਸਿੰਘ (45) ਪਿਛਲੇ ਕਾਫ਼ੀ ਸਮੇਂ ਤੋਂ ਗੰਭੀਰ ਬਿਮਾਰੀ ਨਾਲ ਜੂਝ ਰਿਹਾ ਸੀ। ਪਰਿਵਾਰ ਵੱਲੋਂ ਉਸ ਦਾ ਇਲਾਜ ਕਰਵਾਇਆ ਜਾ ਰਿਹਾ ਸੀ, ਪਰ ਬੀਤੇ ਦਿਨੀਂ ਉਸ ਦੀ ਸਿਹਤ ਅਚਾਨਕ ਜ਼ਿਆਦਾ ਵਿਗੜ ਗਈ ਅਤੇ ਸ਼ਾਮ ਕਰੀਬ 5 ਵਜੇ ਉਸ ਨੇ ਆਖਰੀ ਸਾਹ ਲਿਆ। ਗੁਰਦੀਪ ਦੀ ਮੌਤ ਦੀ ਖ਼ਬਰ ਨੇ ਉਸ ਦੇ ਵੱਡੇ ਭਰਾ ਗੁਰਜੀਤ ਸਿੰਘ (50) ਨੂੰ ਅੰਦਰੋਂ ਝੰਜੋੜ ਕੇ ਰੱਖ ਦਿੱਤਾ।

ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਮੁਤਾਬਕ ਦੋਵੇਂ ਭਰਾ ਬਚਪਨ ਤੋਂ ਹੀ ਇਕ-ਦੂਜੇ ਨਾਲ ਬੇਹੱਦ ਪਿਆਰ ਕਰਦੇ ਸਨ ਤੇ ਜ਼ਿਆਦਾਤਰ ਸਮਾਂ ਇਕੱਠੇ ਹੀ ਬਿਤਾਉਂਦੇ ਸਨ। ਛੋਟੇ ਭਰਾ ਦੀ ਮ੍ਰਿਤਕ ਦੇਹ ਕੋਲ ਬੈਠਾ ਗੁਰਜੀਤ ਸਿੰਘ ਲਗਾਤਾਰ ਰੋ ਰਿਹਾ ਸੀ। ਗੁਰਦੀਪ ਦੀ ਮੌਤ ਨੂੰ ਪੰਜ ਘੰਟੇ ਵੀ ਨਹੀਂ ਹੋਏ ਸਨ ਕਿ ਦੇਰ ਰਾਤ ਕਰੀਬ 12 ਤੋਂ 1 ਵਜੇ ਦੇ ਵਿਚਕਾਰ ਗੁਰਜੀਤ ਸਿੰਘ ਦੀ ਵੀ ਅਚਾਨਕ ਦਿਲ ਦੀ ਧੜਕਣ ਰੁਕ ਗਈ। ਪਰਿਵਾਰ ਦਾ ਮੰਨਣਾ ਹੈ ਕਿ ਉਹ ਛੋਟੇ ਭਰਾ ਦੇ ਵਿਛੋੜੇ ਦਾ ਸਦਮਾ ਬਰਦਾਸ਼ਤ ਨਹੀਂ ਕਰ ਸਕਿਆ।

ਪਿੰਡ ਵਾਸੀਆਂ ਨੇ ਦੱਸਿਆ ਕਿ ਦੋਵੇਂ ਭਰਾ ਪਰਛਾਵੇਂ ਵਾਂਗ ਇਕੱਠੇ ਰਹਿੰਦੇ ਸਨ। ਖੇਤਾਂ ਦੀ ਮੋਟਰ ‘ਤੇ ਕੰਮ ਕਰਨਾ ਹੋਵੇ, ਸ਼ਹਿਰ ਜਾਣਾ ਹੋਵੇ ਜਾਂ ਕਿਸੇ ਰਿਸ਼ਤੇਦਾਰੀ ‘ਚ ਜਾਣਾ ਹੋਵੇ, ਦੋਵੇਂ ਹਮੇਸ਼ਾ ਇਕੱਠੇ ਹੀ ਨਜ਼ਰ ਆਉਂਦੇ ਸਨ। ਜਦੋਂ ਗੁਰਦੀਪ ਸਿੰਘ ਬਿਮਾਰ ਸੀ ਤਾਂ ਗੁਰਜੀਤ ਸਿੰਘ ਅਕਸਰ ਕਹਿੰਦਾ ਸੀ ਕਿ ਉਹ ਆਪਣੇ ਭਰਾ ਤੋਂ ਬਿਨਾਂ ਜ਼ਿੰਦਾ ਨਹੀਂ ਰਹਿ ਸਕਦਾ।

ਦੋਵਾਂ ਭਰਾਵਾਂ ਦੀ ਮੌਤ ਤੋਂ ਬਾਅਦ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਬੱਚਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ, ਜਦਕਿ ਬਜ਼ੁਰਗ ਪਿਤਾ ਆਪਣੇ ਦੋ ਜਵਾਨ ਪੁੱਤਰਾਂ ਦੀਆਂ ਲਾਸ਼ਾਂ ਦੇਖ ਕੇ ਗਹਿਰੇ ਸਦਮੇ ‘ਚ ਹਨ। ਗੁਰਜੀਤ ਸਿੰਘ ਆਪਣੇ ਪਿੱਛੇ ਦੋ ਬੇਟੀਆਂ ਤੇ ਇੱਕ ਬੇਟਾ ਛੱਡ ਗਿਆ ਹੈ, ਜਦਕਿ ਗੁਰਦੀਪ ਸਿੰਘ ਦਾ ਇੱਕ ਬੇਟਾ ਹੈ।

ਵੀਰਵਾਰ ਨੂੰ ਪਿੰਡ ਦੇ ਸ਼ਮਸ਼ਾਨਘਾਟ ‘ਚ ਦੋਵਾਂ ਭਰਾਵਾਂ ਦਾ ਅੰਤਮ ਸਸਕਾਰ ਇਕੱਠਿਆਂ ਹੀ ਕੀਤਾ ਗਿਆ। ਇੱਕੋ ਘਰ ‘ਚੋਂ ਨਿਕਲੀਆਂ ਦੋ ਅਰਥੀਆਂ ਤੇ ਇੱਕੋ ਸਮੇਂ ਬਲਦੀਆਂ ਦੋ ਚਿਤਾਵਾਂ ਦਾ ਦ੍ਰਿਸ਼ ਦੇਖ ਕੇ ਹਰ ਅੱਖ ਨਮ ਹੋ ਗਈ। ਪੂਰਾ ਪਿੰਡ ਗ਼ਮ ‘ਚ ਡੁੱਬਿਆ ਨਜ਼ਰ ਆਇਆ। ਇਹ ਘਟਨਾ ਸਿਰਫ਼ ਇੱਕ ਪਰਿਵਾਰ ਦਾ ਦੁੱਖ ਨਹੀਂ, ਸਗੋਂ ਭਰਾਵਾਂ ਦੇ ਅਟੁੱਟ ਪਿਆਰ ਤੇ ਰਿਸ਼ਤਿਆਂ ਦੀ ਉਸ ਮਜ਼ਬੂਤੀ ਦੀ ਮਿਸਾਲ ਵੀ ਹੈ, ਜਿਸ ਨੂੰ ਪਿੰਡ ਵਾਸੀ ਸ਼ਾਇਦ ਕਦੇ ਭੁੱਲ ਨਹੀਂ ਸਕਣਗੇ।

ਕਿਸਾਨ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਬੱਗਾ ਨੇ ਦੱਸਿਆ ਕਿ ਦੋਵਾਂ ਭਰਾਵਾਂ ਨੇ ਕਿਸਾਨ ਅੰਦੋਲਨ ਦੌਰਾਨ ਟਿਕਰੀ ਬਾਰਡਰ ‘ਤੇ ਇੱਕ ਸਾਲ ਤੋਂ ਵੱਧ ਸਮੇਂ ਲਈ ਮੋਰਚਾ ਲਾਇਆ ਸੀ। ਉਨ੍ਹਾਂ ਦੱਸਿਆ ਕਿ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਉਣ ਤੱਕ ਇਹ ਦੋਵੇਂ ਭਰਾ ਸੰਘਰਸ਼ ‘ਚ ਲਗਾਤਾਰ ਡਟੇ ਰਹੇ ਸਨ।

Read More: ਅਕਾਲੀ ਦਲ ਆਗੂ ਬੰਟੀ ਰੋਮਾਣਾ ਨੂੰ ਕੈਨੇਡਾ ‘ਚ ਦਾਖਲ ਹੋਣ ਤੋਂ ਰੋਕਿਆ, ਭਾਰਤ ਵਾਪਸ ਭੇਜਿਆ

ਵਿਦੇਸ਼

Scroll to Top