ਗਊ ਤਸਕਰੀ

ਲੁਧਿਆਣਾ ‘ਚ ਗਊ ਤਸਕਰੀ ਗਿਰੋਹ ਦਾ ਪਰਦਾਫਾਸ਼, 17 ਕੁਇੰਟਲ ਬੀਫ ਸਮੇਤ 2 ਜਣੇ ਗ੍ਰਿਫਤਾਰ

ਲੁਧਿਆਣਾ, 16 ਮਈ 2026: ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ‘ਤੇ ਪੁਲਿਸ ਅਤੇ ਗਊ ਰੱਖਿਅਕਾਂ ਵੱਲੋਂ ਕੀਤੀ ਚੌਕਸੀ ਨਾਲ ਇੱਕ ਵੱਡੇ ਗਊ ਤਸਕਰੀ ਗਿਰੋਹ ਦਾ ਪਰਦਾਫਾਸ਼ ਹੋਇਆ ਹੈ। ਇੱਕ ਮਹਿੰਦਰਾ ਜੀਪ ‘ਚੋਂ ਲਗਭਗ 17 ਕੁਇੰਟਲ ਬੀਫ (ਗਊ ਦਾ ਮਾਸ) ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਖੇਪ ਅੰਮ੍ਰਿਤਸਰ, ਪੰਜਾਬ ਤੋਂ ਉੱਤਰ ਪ੍ਰਦੇਸ਼ (ਯੂਪੀ) ਲਿਜਾਈ ਜਾ ਰਹੀ ਸੀ। ਪੁਲਿਸ ਨੇ ਛੇ ਵਿਅਕਤੀਆਂ ਵਿਰੁੱਧ ਐਫਆਈਆਰ ਦਰਜ ਕੀਤੀ ਹੈ, ਜਿਨ੍ਹਾਂ ‘ਚੋਂ ਦੋ ਨੂੰ ਮੌਕੇ ‘ਤੇ ਹੀ ਗ੍ਰਿਫ਼ਤਾਰ ਕਰ ਲਿਆ ਹੈ।

ਪਟਿਆਲਾ ਦੀ ਨਿਊ ਪ੍ਰੋਫੈਸਰ ਕਲੋਨੀ ਦੇ ਵਸਨੀਕ ਸ਼ਿਕਾਇਤਕਰਤਾ ਗੁਰਪ੍ਰੀਤ ਸਿੰਘ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨ ‘ਚ ਕਿਹਾ ਕਿ ਉਸਨੂੰ ਖੁਫੀਆ ਜਾਣਕਾਰੀ ਮਿਲੀ ਸੀ ਕਿ ਇੱਕ ਮਹਿੰਦਰਾ ਜੀਪ ਵੱਡੀ ਮਾਤਰਾ ‘ਚ ਬੀਫ ਉੱਤਰ ਪ੍ਰਦੇਸ਼ ਲੈ ਜਾ ਰਹੀ ਹੈ। ਇਸ ਜਾਣਕਾਰੀ ਦੇ ਆਧਾਰ ‘ਤੇ, ਗੁਰਪ੍ਰੀਤ ਸਿੰਘ ਨੇ ਆਪਣੇ ਸਾਥੀ ਦਰਸ਼ਨ ਸਿੰਘ ਨਾਲ ਮਿਲ ਕੇ ਵੀਰਵਾਰ (14 ਮਈ) ਨੂੰ ਲਾਡੋਵਾਲ ਟੋਲ ਪਲਾਜ਼ਾ ‘ਤੇ ਨਾਕਾਬੰਦੀ ਕੀਤੀ।

ਜੀਪ (ਨੰਬਰ UP-11-CT-0682) ਆਉਂਦੇ ਹੀ ਰੋਕ ਲਈ ਗਈ। ਜੀਪ ਦੀ ਤਲਾਸ਼ੀ ਲੈਣ ‘ਤੇ 17 ਕੁਇੰਟਲ ਬੀਫ ਬਰਾਮਦ ਹੋਇਆ। ਦੋਵਾਂ ਤਸਕਰਾਂ ਨੂੰ ਤੁਰੰਤ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।

ਪੁੱਛਗਿੱਛ ਦੌਰਾਨ, ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ, ਵਿੱਕੀ ਕੁਮਾਰ ਅਤੇ ਹੁਸੈਨ ਨੇ ਤਸਕਰੀ ਦੇ ਰਸਤੇ ਦਾ ਖੁਲਾਸਾ ਕੀਤਾ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਦੇ ਰਹਿਣ ਵਾਲੇ ਸੁਹੇਲ ਅਤੇ ਸਮੀਰ ਨੇ ਗਊਆਂ ਨੂੰ ਵੱਢ ਕੇ ਜੀਪ ‘ਚ ਲੱਦਿਆ ਸੀ। ਇਹ ਖੇਪ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਦੇ ਰਹਿਣ ਵਾਲੇ ਮੁਹੰਮਦ ਤਸਿਮ ਅਤੇ ਕੇਸਰ ਨੂੰ ਪਹੁੰਚਾਈ ਜਾਣੀ ਸੀ।

ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ, ਲਾਡੋਵਾਲ ਪੁਲਿਸ ਸਟੇਸ਼ਨ ਨੇ ਤੁਰੰਤ ਕਾਰਵਾਈ ਕੀਤੀ ਹੈ। ਮਾਮਲੇ ‘ਚ ਕੁੱਲ ਛੇ ਵਿੱਕੀ ਕੁਮਾਰ (ਗ੍ਰਿਫ਼ਤਾਰ), ਹੁਸੈਨ (ਗ੍ਰਿਫ਼ਤਾਰ), ਮੁਹੰਮਦ ਤਸਿਮ, ਕੇਸਰ, ਸੁਹੇਲ ਅਤੇ ਸਮੀਰ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਹੈ |

ਪੁਲਿਸ ਇਸ ਸਮੇਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ ਤਾਂ ਜੋ ਅੰਮ੍ਰਿਤਸਰ ਵਿੱਚ ਗਊ ਹੱਤਿਆ ਦੇ ਮੁੱਖ ਮੁਲਜ਼ਮਾਂ ਅਤੇ ਉੱਤਰ ਪ੍ਰਦੇਸ਼ ‘ਚ ਸਥਿਤ ਇਸ ਨੈੱਟਵਰਕ ਦੇ ਮਾਸਟਰਮਾਈਂਡ ਨੂੰ ਛੇਤੀ ਫੜਿਆ ਜਾ ਸਕੇ।

Read More: ਨਗਰ ਨਿਗਮ ਚੋਣਾਂ ਲਈ ਹੁਣ ਤੱਕ 2,756 ਨਾਮਜ਼ਦਗੀ ਪੱਤਰ ਹੋਏ ਪ੍ਰਾਪਤ

ਵਿਦੇਸ਼

Scroll to Top