CM ਮਾਨ ਨੇ ਕੇਂਦਰੀ ਸੜਕ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨਾਲ ਕੀਤੀ ਮੁਲਾਕਾਤ 

ਨਵੀਂ ਦਿੱਲੀ14 ਮਈ 2026:  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (bhagwant singh maan) ਅਤੇ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਵਿਚਕਾਰ ਹੋਈ ਇੱਕ ਮਹੱਤਵਪੂਰਨ ਮੀਟਿੰਗ ਤੋਂ ਬਾਅਦ, ਕੇਂਦਰ ਨੇ ਪੰਜਾਬ ਵਿੱਚ ਲੰਬੇ ਸਮੇਂ ਤੋਂ ਲਟਕ ਰਹੇ ਹਾਈਵੇਅ ਅਤੇ ਫਲਾਈਓਵਰ ਪ੍ਰੋਜੈਕਟਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ ਹੈ, ਜਿਸ ਨਾਲ ਮੱਖੂ, ਆਦਮਪੁਰ ਅਤੇ ਭਵਾਨੀਗੜ੍ਹ ਵਿੱਚ ਰੁਕੇ ਹੋਏ ਬੁਨਿਆਦੀ ਢਾਂਚੇ ਦੇ ਕੰਮਾਂ ਵਿੱਚ ਤੇਜ਼ੀ ਆਵੇਗੀ, ਅਤੇ ਇਸ ਨਾਲ ਸੂਬੇ ਭਰ ਵਿੱਚ ਪ੍ਰਮੁੱਖ ਸੜਕੀ ਮਾਰਗਾਂ ਦਾ ਵੱਡੇ ਪੱਧਰ ‘ਤੇ ਵਿਸਥਾਰ ਅਤੇ ਚਾਰ-ਮਾਰਗੀ ਹੋਣ ਦੀ ਸੰਭਾਵਨਾ ਹੈ।

ਮੀਟਿੰਗ ਦੌਰਾਨ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਰਣਨੀਤਕ ਤੌਰ ‘ਤੇ ਮਹੱਤਵਪੂਰਨ ਸੜਕਾਂ, ਜਿਨ੍ਹਾਂ ਵਿੱਚ ਅੰਤਰਰਾਸ਼ਟਰੀ ਸਰਹੱਦ ਨੇੜੇ ਫਿਰੋਜ਼ਪੁਰ-ਫਾਜ਼ਿਲਕਾ ਕੋਰੀਡੋਰ ਵੀ ਸ਼ਾਮਲ ਹੈ, ਨੂੰ ਰਾਸ਼ਟਰੀ ਰਾਜਮਾਰਗ ਐਲਾਨਣ ਦੀ ਪੰਜਾਬ ਦੀ ਮੰਗ ਵੀ ਉਠਾਈ। ਉਨ੍ਹਾਂ ਨੇ ਦੇਰੀ ਅਤੇ ਰੁਕਾਵਟਾਂ ਕਾਰਨ ਸਾਲਾਂ ਤੋਂ ਰੁਕੇ ਹੋਏ ਪ੍ਰੋਜੈਕਟਾਂ ਨੂੰ ਲਾਗੂ ਕਰਨ ਵਿੱਚ ਤੇਜ਼ੀ ਲਿਆਉਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਨੇ ਸੁਨਾਮ, ਚੀਮਾ ਮੰਡੀ, ਭੀਖੀ, ਮਾਨਸਾ ਅਤੇ ਮੌੜ ਰਾਹੀਂ ਭਵਾਨੀਗੜ੍ਹ-ਕੋਟਸ਼ਮੀਰ ਸੜਕ ਨੂੰ ਚਾਰ-ਮਾਰਗੀ ਕਰਨ ਦਾ ਵੀ ਭਰੋਸਾ ਦਿੱਤਾ ਹੈ। ਇਸ ਤੋਂ ਇਲਾਵਾ, ਬਰਨਾਲਾ-ਬਾਜ਼ਾਖਾਨਾ ਅਤੇ ਮਲੇਰਕੋਟਲਾ-ਬਰਨਾਲਾ ਗਲਿਆਰਿਆਂ ਦਾ ਵਿਸਥਾਰ ਕੀਤਾ ਗਿਆ ਹੈ, ਜੋ ਕਿ ਪੰਜਾਬ ਦੀ ਸੜਕੀ ਸੰਪਰਕ, ਆਰਥਿਕ ਗਤੀਸ਼ੀਲਤਾ ਅਤੇ ਜਨਤਕ ਸੁਰੱਖਿਆ ਲਈ ਇੱਕ ਮਹੱਤਵਪੂਰਨ ਕਦਮ ਮੰਨਿਆ ਜਾਂਦਾ ਹੈ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ ਕਿ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਪੰਜਾਬ ਸਰਕਾਰ ਦੁਆਰਾ ਰਾਜ ਭਰ ਵਿੱਚ ਜਾਨਾਂ ਦੀ ਰੱਖਿਆ ਅਤੇ ਸੁਰੱਖਿਅਤ ਹਾਈਵੇਅ ਨੂੰ ਯਕੀਨੀ ਬਣਾਉਣ ਲਈ ਸਥਾਪਿਤ ‘ਰੋਡ ਸੇਫਟੀ ਫੋਰਸ’ ਦੇ ਕੰਮ ਦੀ ਬਹੁਤ ਸ਼ਲਾਘਾ ਕੀਤੀ।

ਮੁੱਖ ਮੰਤਰੀ ਨੇ ਅੱਜ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਜਨਤਕ ਹਿੱਤ ਵਿੱਚ ਅੰਮ੍ਰਿਤਸਰ ਵਿੱਚ ਵੱਲਾ ਫਲਾਈਓਵਰ ‘ਤੇ ਕੰਮ ਤੇਜ਼ ਕਰਨ ਦੀ ਬੇਨਤੀ ਕੀਤੀ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ NHAI ਦੁਆਰਾ ਦਿੱਤਾ ਗਿਆ ਸੀ ਅਤੇ 15 ਸਤੰਬਰ, 2023 ਤੱਕ ਪੂਰਾ ਹੋਣ ਦਾ ਸਮਾਂ ਨਿਰਧਾਰਤ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਮੁਕੰਮਲ ਹੋਣ ਦੀ ਸਮਾਂ ਸੀਮਾ ਨੂੰ ਵਾਰ-ਵਾਰ ਵਧਾਉਣ ਦੇ ਬਾਵਜੂਦ, ਕੰਮ ਅਧੂਰਾ ਹੈ। ਮੁਕੰਮਲ ਹੋਣ ਦੀ ਮਿਤੀ 30 ਅਪ੍ਰੈਲ, 2026 ਤੱਕ ਵਧਾ ਦਿੱਤੀ ਗਈ ਸੀ, ਪਰ ਹੁਣ ਤੱਕ ਸਿਰਫ 76 ਪ੍ਰਤੀਸ਼ਤ ਕੰਮ ਹੀ ਪੂਰਾ ਹੋਇਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਲਿੰਕ ਸੜਕ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਹ ਅੰਮ੍ਰਿਤਸਰ ਹਵਾਈ ਅੱਡੇ ਅਤੇ ਸ੍ਰੀ ਹਰਿਮੰਦਰ ਸਾਹਿਬ ਨੂੰ ਜੋੜਦੀ ਹੈ ਅਤੇ ਭਾਰੀ ਆਵਾਜਾਈ ਨੂੰ ਸੰਭਾਲਦੀ ਹੈ, ਜਿਸ ਵਿੱਚ ਵੀਆਈਪੀਜ਼ ਦੀ ਲਗਾਤਾਰ ਆਵਾਜਾਈ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਪ੍ਰੋਜੈਕਟ ਵਿੱਚ ਲਗਾਤਾਰ ਦੇਰੀ ਭੀੜ-ਭੜੱਕੇ ਨੂੰ ਵਧਾ ਰਹੀ ਹੈ ਅਤੇ ਜਨਤਾ ਲਈ ਸੁਰੱਖਿਆ ਚੁਣੌਤੀਆਂ ਪੈਦਾ ਕਰ ਰਹੀ ਹੈ।

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਸਮੇਂ ਦੀ ਲੋੜ ਹੈ ਕਿ ਐਨਐਚਏਆਈ ਵੱਲੋ ਵੱਲਾ ਫਲਾਈਓਵਰ ‘ਤੇ ਬਾਕੀ ਰਹਿੰਦੇ ਕੰਮ ਨੂੰ ਤੇਜ਼ ਕਰਨ ਲਈ ਤੁਰੰਤ ਕਦਮ ਚੁੱਕੇ ਜਾਣ ਤਾਂ ਜੋ ਪ੍ਰੋਜੈਕਟ ਨੂੰ ਨਿਰਧਾਰਤ ਸਮੇਂ ਵਿੱਚ ਪੂਰਾ ਕੀਤਾ ਜਾ ਸਕੇ।

ਐਨਐਚ-70 ਜਲੰਧਰ-ਹੁਸ਼ਿਆਰਪੁਰ-ਮਨਾਲੀ ਸੜਕ ਨੂੰ ਚਾਰ-ਮਾਰਗੀ ਕਰਨ ਦਾ ਇੱਕ ਹੋਰ ਮਹੱਤਵਪੂਰਨ ਮੁੱਦਾ ਉਠਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਜਲੰਧਰ-ਹੁਸ਼ਿਆਰਪੁਰ ਸੜਕ ਧਾਰਮਿਕ, ਸੈਰ-ਸਪਾਟਾ, ਆਰਥਿਕ ਅਤੇ ਰਣਨੀਤਕ ਦ੍ਰਿਸ਼ਟੀਕੋਣ ਤੋਂ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਇਹ ਸੜਕ ਹਿਮਾਚਲ ਪ੍ਰਦੇਸ਼ ਦੇ ਪ੍ਰਸਿੱਧ ਧਾਰਮਿਕ ਅਤੇ ਸੈਰ-ਸਪਾਟਾ ਸਥਾਨਾਂ, ਜਿਨ੍ਹਾਂ ਵਿੱਚ ਮਾਤਾ ਚਿੰਤਪੂਰਨੀ ਜੀ ਮੰਦਰ, ਮਾਤਾ ਜਵਾਲਾ ਜੀ ਮੰਦਰ, ਮਾਤਾ ਚਾਮੁੰਡਾ ਦੇਵੀ ਜੀ ਮੰਦਰ, ਧਰਮਸ਼ਾਲਾ, ਮਨਾਲੀ ਅਤੇ ਪਾਲਮਪੁਰ ਸ਼ਾਮਲ ਹਨ, ਨੂੰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਨਾਲ ਜੋੜਦੀ ਹੈ।

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਸੜਕ ਦੇ ਨਾਲ ਲੱਗਦੇ ਆਦਮਪੁਰ ਹਵਾਈ ਅੱਡਾ ਰਣਨੀਤਕ ਤੌਰ ‘ਤੇ ਮਹੱਤਵਪੂਰਨ ਹੈ, ਜੋ ਦੋਆਬਾ ਖੇਤਰ ਦੀ ਸੇਵਾ ਕਰਦਾ ਹੈ ਅਤੇ ਇਸ ਖੇਤਰ ਦੇ ਵੀ.ਵੀ.ਆਈ.ਪੀ. ਦੌਰਿਆਂ ਲਈ ਇੱਕ ਹੱਬ ਵਜੋਂ ਕੰਮ ਕਰਦਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਜਲੰਧਰ-ਹੁਸ਼ਿਆਰਪੁਰ ਸੜਕ ਲਈ ਚਾਰ-ਮਾਰਗੀ ਪ੍ਰੋਜੈਕਟ ਨੂੰ 2016 ਵਿੱਚ ਮਨਜ਼ੂਰੀ ਦਿੱਤੀ ਗਈ ਸੀ, ਜਿਸ ਤੋਂ ਬਾਅਦ ਠੇਕੇਦਾਰ ਨੇ ਇਸਨੂੰ ਰੱਦ ਕਰ ਦਿੱਤਾ। ਉਨ੍ਹਾਂ ਕੇਂਦਰੀ ਮੰਤਰੀ ਨੂੰ ਦੱਸਿਆ ਕਿ ਰਾਜ ਸਰਕਾਰ ਨੇ ਬਾਕੀ ਰਹਿੰਦੇ ਕੰਮ ਲਈ ਵਿਸਥਾਰਤ ਪ੍ਰੋਜੈਕਟ ਰਿਪੋਰਟ (ਡੀ.ਪੀ.ਆਰ.) ਮੰਤਰਾਲੇ ਨੂੰ ਸੌਂਪ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਪੰਜਾਬ ਲਈ ਬਹੁਤ ਮਹੱਤਵਪੂਰਨ ਹੈ। ਭਗਵੰਤ ਸਿੰਘ ਮਾਨ ਨੇ ਕੇਂਦਰੀ ਮੰਤਰੀ ਨੂੰ ਮੰਤਰਾਲੇ ਤੋਂ ਪ੍ਰਵਾਨਗੀ ਜਲਦੀ ਦੇਣ ਦੀ ਅਪੀਲ ਕੀਤੀ ਤਾਂ ਜੋ ਪ੍ਰੋਜੈਕਟ ‘ਤੇ ਕੰਮ ਸ਼ੁਰੂ ਹੋ ਸਕੇ।

ਚੰਡੀਗੜ੍ਹ-ਲਾਂਡਰਾਂ-ਚੁੰਨੀ-ਸਰਹਿੰਦ ਸੜਕ ਨੂੰ ਰਾਸ਼ਟਰੀ ਰਾਜਮਾਰਗ ਵਜੋਂ ਐਲਾਨਣ ਦੀ ਮੰਗ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਸੜਕ ਸੂਬੇ ਦੀ ਇੱਕ ਮਹੱਤਵਪੂਰਨ ਸੜਕ ਹੈ, ਜੋ ਐਸ.ਏ.ਐਸ. ਨਗਰ ਜ਼ਿਲ੍ਹੇ ਨੂੰ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਨਾਲ ਜੋੜਦੀ ਹੈ, ਅਤੇ ਇਸਦੀ ਬਹੁਤ ਇਤਿਹਾਸਕ ਮਹੱਤਤਾ ਹੈ। “ਇਹ ਸੜਕ ਸੋਹਾਣਾ ਦੇ ਗੁਰਦੁਆਰਾ ਸਿੰਘ ਸ਼ਹੀਦਾਂ ਸਾਹਿਬ ਦੇ ਨੇੜਿਓਂ ਸ਼ੁਰੂ ਹੁੰਦੀ ਹੈ ਅਤੇ ਲਖਨੌਰ, ਲਾਂਡਰਾਂ, ਝੰਜੇੜੀ ਅਤੇ ਚੁੰਨੀ ਵਿੱਚੋਂ ਲੰਘਦੀ ਹੈ, ਫਤਿਹਗੜ੍ਹ ਸਾਹਿਬ ਵਿਖੇ ਸਮਾਪਤ ਹੁੰਦੀ ਹੈ। ਵਰਤਮਾਨ ਵਿੱਚ, ਇਹ ਮੁੱਖ ਤੌਰ ‘ਤੇ 10-ਮੀਟਰ ਕੈਰੇਜਵੇਅ ਚੌੜਾਈ ਵਾਲੀ ਦੋ-ਮਾਰਗੀ ਸੜਕ ਹੈ, ਹਾਲਾਂਕਿ ਕੁਝ ਹਿੱਸਿਆਂ ਨੂੰ ਪਹਿਲਾਂ ਹੀ ਚਾਰ-ਮਾਰਗੀ ਸੜਕਾਂ ਵਿੱਚ ਬਦਲ ਦਿੱਤਾ ਗਿਆ ਹੈ।”

ਉਨ੍ਹਾਂ ਅੱਗੇ ਕਿਹਾ ਕਿ “ਭਾਰਤਮਾਲਾ ਪ੍ਰੋਜੈਕਟ ਅਧੀਨ ਅੰਬਾਲਾ-ਚੰਡੀਗੜ੍ਹ ਗ੍ਰੀਨਫੀਲਡ ਹਾਈਵੇ ਪ੍ਰੋਜੈਕਟ ਵੀ ਪਿੰਡ ਝੰਜੇੜੀ ਵਿਖੇ ਇਸ ਸੜਕ ਨੂੰ ਪਾਰ ਕਰਦਾ ਹੈ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਹਰ ਸਾਲ ਦਸੰਬਰ ਦੇ ਮਹੀਨੇ ਦੌਰਾਨ, ਲੱਖਾਂ ਸ਼ਰਧਾਲੂ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਨੂੰ ਸ਼ਰਧਾਂਜਲੀ ਦੇਣ ਲਈ ਸ਼ਹੀਦੀ ਦਿਵਸ ਦੌਰਾਨ ਫਤਿਹਗੜ੍ਹ ਸਾਹਿਬ ਆਉਂਦੇ ਹਨ। ਇਸ ਸਮੇਂ ਦੌਰਾਨ, 37.26 ਕਿਲੋਮੀਟਰ ਲੰਬੀ ਸੜਕ ‘ਤੇ ਭਾਰੀ ਆਵਾਜਾਈ ਹੁੰਦੀ ਹੈ। ਇਸ ਸੜਕ ਦੀ ਰਣਨੀਤਕ ਅਤੇ ਇਤਿਹਾਸਕ ਮਹੱਤਤਾ ਨੂੰ ਦੇਖਦੇ ਹੋਏ, ਇਹ ਜ਼ਰੂਰੀ ਹੈ ਕਿ ਇਸਨੂੰ ਰਾਸ਼ਟਰੀ ਰਾਜਮਾਰਗ ਘੋਸ਼ਿਤ ਕੀਤਾ ਜਾਵੇ।”

ਇੱਕ ਹੋਰ ਏਜੰਡੇ ਆਈਟਮ ਦਾ ਹਵਾਲਾ ਦਿੰਦੇ ਹੋਏ, ਮੁੱਖ ਮੰਤਰੀ ਨੇ ਨਿਤਿਨ ਗਡਕਰੀ ਨੂੰ ਧਰਮਕੋਟ-ਜ਼ੀਰਾ-ਫਿਰੋਜ਼ਪੁਰ-ਫਾਜ਼ਿਲਕਾ ਸੜਕ ਨੂੰ ਰਾਸ਼ਟਰੀ ਰਾਜਮਾਰਗ ਘੋਸ਼ਿਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਹ ਸੜਕ ਸੂਬੇ ਦੇ ਰਾਸ਼ਟਰੀ ਰਾਜਮਾਰਗਾਂ ਨਾਲ ਜੁੜਦੀ ਹੈ ਅਤੇ ਪਾਕਿਸਤਾਨ ਨਾਲ ਲੱਗਦੀ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਵੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਲਿੰਕ ਸੜਕ ਰੱਖਿਆ ਅਤੇ ਸੁਰੱਖਿਆ ਦੇ ਦ੍ਰਿਸ਼ਟੀਕੋਣ ਤੋਂ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਅੱਗੇ ਕਿਹਾ ਕਿ ਫਿਰੋਜ਼ਪੁਰ ਵਿੱਚ ਫੌਜ ਦੇ ਅਧਿਕਾਰੀ ਵੀ ਇਸ ਸੜਕ ਨੂੰ ਚੌੜਾ ਕਰਨ ਅਤੇ ਚਾਰ-ਮਾਰਗੀ ਸੜਕ ਬਣਾਉਣ ਲਈ ਲਗਾਤਾਰ ਜ਼ੋਰ ਦੇ ਰਹੇ ਹਨ।

Read More: ਐਨ.ਆਰ.ਆਈ ਭਾਈਚਾਰੇ ਦੇ ਅਧਿਕਾਰਾਂ ਦੀ ਸੁਰੱਖਿਆ ਤੇ ਸੁਰੱਖਿਆ ਨੂੰ ਸਖ਼ਤੀ ਨਾਲ ਯਕੀਨੀ ਬਣਾਇਆ ਜਾਵੇਗਾ: ਡਾ. ਰਵਜੋਤ ਸਿੰਘ

ਵਿਦੇਸ਼

Scroll to Top