ਪੰਜਾਬ ਦਾ ਕਰੋੜਪਤੀ

CM ਭਗਵੰਤ ਮਾਨ ਵੱਲੋਂ ‘ਪੰਜਾਬ ਦਾ ਕਰੋੜਪਤੀ’ ਪੋਰਟਲ ਲਾਂਚ, ₹1 ਕਰੋੜ ਰੁਪਏ ਜਿੱਤਣ ਦਾ ਮੌਕਾ

ਪੰਜਾਬ, 14 ਨਵੰਬਰ 2026: ਜਿਹੜੇ ਲੋਕ ਟੈਲੀਵਿਜ਼ਨ ‘ਤੇ ਅਮਿਤਾਭ ਬੱਚਨ ਦੇ ਸਾਹਮਣੇ ਹੌਟ ਸੀਟ ‘ਤੇ ਬੈਠ ਕੇ ਕਰੋੜਪਤੀ ਬਣਨ ਦਾ ਸੁਪਨਾ ਦੇਖਦੇ ਹਨ, ਉਨ੍ਹਾਂ ਕੋਲ ਹੁਣ ਪੰਜਾਬ ‘ਚ ਇੱਕ ਵਿਲੱਖਣ ਮੌਕਾ ਹੈ। ਫਰਕ ਸਿਰਫ਼ ਇਹ ਹੈ ਕਿ ਇੱਥੇ ਸਵਾਲਾਂ ਦੇ ਜਵਾਬ ਸਟੂਡੀਓ ‘ਚ ਨਹੀਂ, ਸਗੋਂ ਮੋਬਾਈਲ ਫੋਨ ਅਤੇ ਇੱਕ ਪੋਰਟਲ ਰਾਹੀਂ ਦਿੱਤੇ ਜਾਣਗੇ।

“ਕੌਣ ਬਨੇਗਾ ਕਰੋੜਪਤੀ” ਦੀ ਤਰਜ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨੀਵਾਰ ਨੂੰ ਇਸ ਮਹੱਤਵਾਕਾਂਖੀ ਮੁਕਾਬਲੇ ਲਈ ਪੋਰਟਲ ਲਾਂਚ ਕੀਤਾ। ਇਸ ‘ਚ 15 ਤੋਂ 30 ਸਾਲ ਦੀ ਉਮਰ ਦੇ ਨੌਜਵਾਨ ਮੁਕਾਬਲੇ ‘ਚ ਹਿੱਸਾ ਲੈ ਸਕਦੇ ਹਨ। ਖਾਸ ਗੱਲ ਇਹ ਹੈ ਕਿ ਇਹ ਨਾ ਸਿਰਫ਼ ਮਨੋਰੰਜਨ ਅਤੇ ਇਨਾਮ ਜਿੱਤਣ ਦਾ ਮੌਕਾ ਪ੍ਰਦਾਨ ਕਰੇਗਾ, ਸਗੋਂ ਉਨ੍ਹਾਂ ਨੂੰ ਸਰਕਾਰੀ ਨੌਕਰੀਆਂ ਲਈ ਆਪਣੀ ਪੜ੍ਹਾਈ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ‘ਚ ਵੀ ਮੱਦਦ ਕਰੇਗਾ। ਸਵਾਲਾਂ ਦੇ ਜਵਾਬ ਦੇ ਕੇ, ਨੌਜਵਾਨ ਆਪਣੇ ਗਿਆਨ ਦਾ ਵਿਸਤਾਰ ਕਰ ਸਕਣਗੇ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਸਕਣਗੇ।

“ਪੰਜਾਬ ਦਾ ਕਰੋੜਪਤੀ” ਮੁਕਾਬਲਾ 11 ਦੌਰਾਂ ‘ਚ ਕਰਵਾਇਆ ਜਾਵੇਗਾ। ਪਹਿਲੇ ਨੌਂ ਦੌਰ ਆਨਲਾਈਨ ਹੋਣਗੇ। ਭਾਗੀਦਾਰਾਂ ਨੂੰ ਪੋਰਟਲ ‘ਤੇ ਦਿੱਤੇ ਗਏ ਸਵਾਲਾਂ ਦੇ ਜਵਾਬ ਦੇਣੇ ਪੈਣਗੇ। ਸਵਾਲ ਚਾਰ ਵਿਕਲਪਾਂ ਨਾਲ ਪੁੱਛੇ ਜਾਣਗੇ, ਜਿਵੇਂ ਕਿ “ਕੌਣ ਬਨੇਗਾ ਕਰੋੜਪਤੀ” ‘ਚ ਹੁੰਦਾ ਹੈ। ਹਰੇਕ ਸਹੀ ਉੱਤਰ ਦੇ ਨਾਲ, ਭਾਗੀਦਾਰ ਅਗਲੇ ਪੜਾਅ ‘ਤੇ ਜਾਂਦੇ ਹਨ ਅਤੇ ਅਗਲੇ ਦੌਰਾਂ ‘ਚ ਸਵਾਲਾਂ ਦਾ ਪੱਧਰ ਬਦਲ ਜਾਵੇਗਾ।

ਦਸਵਾਂ ਅਤੇ ਗਿਆਰਵਾਂ ਦੌਰ ਆਫਲਾਈਨ ਹੋਵੇਗਾ, ਯਾਨੀ ਕਿ ਆਹਮੋ-ਸਾਹਮਣੇ। ਦਸਵੇਂ ਦੌਰ ‘ਚ ਜ਼ਿਲ੍ਹਾ ਪੱਧਰੀ ਮੁਕਾਬਲੇ ਹੋਣਗੇ। ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਦੇ ਭਾਗੀਦਾਰ ਮੁਕਾਬਲਾ ਕਰਨਗੇ। ਹਰੇਕ ਜ਼ਿਲ੍ਹੇ ਦੇ ਚੋਟੀ ਦੇ ਪ੍ਰਤੀਯੋਗੀ ਗ੍ਰੈਂਡ ਫਾਈਨਲ ‘ਚ ਜਾਣਗੇ, ਜਿੱਥੇ ₹1 ਕਰੋੜ ਦੇ ਇਨਾਮ ਦਾ ਜੇਤੂ ਨਿਰਧਾਰਤ ਕੀਤਾ ਜਾਵੇਗਾ।

ਮੁਕਾਬਲੇ ਦਾ ਸਭ ਤੋਂ ਵੱਡਾ ਆਕਰਸ਼ਣ ਇਸਦਾ ਇਨਾਮ ਢਾਂਚਾ ਹੈ। ਫਾਈਨਲਿਸਟ ਨੂੰ ₹1 ਕਰੋੜ ਦਾ ਇਨਾਮ ਮਿਲੇਗਾ, ਜਦੋਂ ਕਿ ਚਾਰ ਉਪ ਜੇਤੂਆਂ ਨੂੰ ₹10 ਲੱਖ ਪ੍ਰਾਪਤ ਹੋਣਗੇ। ਇਸ ਤੋਂ ਇਲਾਵਾ, ਮੁਕਾਬਲੇ ‘ਚ ਚੋਟੀ ਦੇ ਸਥਾਨ ਪ੍ਰਾਪਤ ਕਰਨ ਵਾਲੇ 10,000 ਭਾਗੀਦਾਰਾਂ ਨੂੰ ਇਨਾਮ ਦਿੱਤੇ ਜਾਣਗੇ। ਇਸਦਾ ਮਤਲਬ ਹੈ ਕਿ ਜਿਹੜੇ ਨੌਜਵਾਨ ਗ੍ਰੈਂਡ ਫਾਈਨਲ ‘ਚ ਨਹੀਂ ਪਹੁੰਚੇ, ਉਨ੍ਹਾਂ ਨੂੰ ਵੀ ਇਨਾਮ ਜਿੱਤਣ ਦਾ ਮੌਕਾ ਮਿਲੇਗਾ।

ਪੰਜਾਬ ਦਾ ਇਤਿਹਾਸ, ਵਿਰਾਸਤ ਅਤੇ ਭੂਗੋਲ ਬਾਰੇ ਪੁੱਛੇ ਜਾਣਗੇ ਸਵਾਲ

ਇਸ ਮੁਕਾਬਲੇ ‘ਚ ਸਵਾਲਾਂ ਦੀ ਸ਼੍ਰੇਣੀ ਕਾਫ਼ੀ ਵਿਸ਼ਾਲ ਰੱਖੀ ਗਈ ਹੈ। ਲਗਭਗ 50,000 ਪ੍ਰਸ਼ਨਾਂ ਦਾ ਇੱਕ ਪ੍ਰਸ਼ਨ ਬੈਂਕ ਤਿਆਰ ਕੀਤਾ ਗਿਆ ਹੈ। ਇਹ ਪ੍ਰਸ਼ਨ ਪੰਜਾਬ ਦੇ ਇਤਿਹਾਸ, ਸੱਭਿਆਚਾਰ, ਵਿਰਾਸਤ, ਗਣਿਤ, ਭੂਗੋਲਿਕ ਨਕਸ਼ੇ ਅਤੇ ਪੰਜਾਬ ਸਰਕਾਰ ਨਾਲ ਸਬੰਧਤ ਵਿਸ਼ਿਆਂ ਨੂੰ ਕਵਰ ਕਰਦੇ ਹਨ। ਪ੍ਰਸ਼ਨਾਂ ਦਾ ਪੱਧਰ ਰੈਂਕ ਦੇ ਆਧਾਰ ‘ਤੇ ਵੱਖ-ਵੱਖ ਹੋਵੇਗਾ। ਜਿਵੇਂ-ਜਿਵੇਂ ਭਾਗੀਦਾਰ ਅਗਲੇ ਦੌਰ ‘ਚ ਅੱਗੇ ਵਧਣਗੇ, ਪ੍ਰਸ਼ਨ ਬਦਲਣਗੇ ਅਤੇ ਹੋਰ ਵੀ ਮੁਸ਼ਕਿਲ ਹੋ ਜਾਣਗੇ।

ਵਿਦੇਸ਼

Scroll to Top