ਚੰਡੀਗੜ੍ਹ , 13 ਨਵੰਬਰ 2026: ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਬੀਤੇ ਦਿਨ ਪੀਸੀਐਸ ਮੇਨਜ਼ ਪ੍ਰੀਖਿਆ ਦੇ ਨਤੀਜੇ ਸਬੰਧੀ ਕੀਤੀਆਂ ਟਿੱਪਣੀਆਂ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਬਿਕਰਮ ਮਜੀਠੀਆ ਨੂੰ ਚੁਣੌਤੀ ਦਿੱਤੀ ਕਿ ਉਹ ਅਟਕਲਾਂ ਲਗਾਉਣ ਦੀ ਬਜਾਏ ਪਹਿਲਾਂ ਉਨ੍ਹਾਂ ਦੇ ਪੁੱਤਰ ਹਰਸ਼ਜੀਤ ਸਿੰਘ ਦੇ ਨਤੀਜੇ ਦੇ ਦੋਵਾਂ ਸੰਭਾਵਿਤ ਪਹਿਲੂਆਂ ‘ਤੇ ਆਪਣਾ ਸਟੈਂਡ ਸਪੱਸ਼ਟ ਕਰਨ।
ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਬਿਕਰਮ ਮਜੀਠੀਆ ਦੀ ਪੋਸਟ ਦਾ ਜਵਾਬ ਦਿੰਦਿਆਂ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਪੀਸੀਐਸ ਨਤੀਜੇ ਬਾਰੇ ਸਪੱਸ਼ਟੀਕਰਨ ਮੰਗਣ ਲਈ ਅਕਾਲੀ ਆਗੂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਵੱਲੋਂ ਯਕੀਨੀ ਤੌਰ ‘ਤੇ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਦਿੱਤਾ ਜਾਵੇਗਾ। ਹਾਲਾਂਕਿ, ਉਨ੍ਹਾਂ ਬਿਕਰਮ ਸਿੰਘ ਮਜੀਠੀਆ ਨੂੰ ਕਿਹਾ ਕਿ ਉਹ ਪਹਿਲਾਂ ਇਹ ਦੱਸਣ ਕਿ ਜੇਕਰ ਹਰਸ਼ਜੀਤ ਸਿੰਘ ਨੇ ਪੀਸੀਐਸ ਮੇਨਜ਼ ਪ੍ਰੀਖਿਆ ਪਾਸ ਕਰ ਲਈ ਹੈ ਤਾਂ ਉਨ੍ਹਾਂ ਦੀ ਕੀ ਪ੍ਰਤੀਕਿਰਿਆ ਹੋਵੇਗੀ ਅਤੇ ਇਸ ਦੇ ਉਲਟ, ਜੇਕਰ ਸਫਲ ਉਮੀਦਵਾਰਾਂ ਦੀ ਸੂਚੀ ‘ਚ ਉਨ੍ਹਾਂ ਦਾ ਨਾਮ ਨਹੀਂ ਆਉਂਦਾ ਤਾਂ ਉਹ ਕੀ ਕਹਿਣਗੇ।
ਉਨ੍ਹਾਂ ਆਪਣੀ ਪੋਸਟ ‘ਚ ਕਿਹਾ, “ਮੈਂ ਇਸ ਮਾਮਲੇ ਬਾਰੇ ਯਕੀਨੀ ਤੌਰ ‘ਤੇ ਸਪੱਸ਼ਟ ਕਰਾਂਗਾ। ਪਰ ਪਹਿਲਾਂ ਕਿਰਪਾ ਕਰਕੇ ਇਹ ਸਪੱਸ਼ਟ ਕਰੋ ਕਿ ਜੇਕਰ ਮੇਰੇ ਪੁੱਤਰ ਹਰਸ਼ਜੀਤ ਸਿੰਘ ਨੇ ਪੀਸੀਐਸ ਮੇਨਜ਼ ਪ੍ਰੀਖਿਆ ਪਾਸ ਕਰ ਲਈ ਹੈ ਤਾਂ ਤੁਹਾਡਾ ਕੀ ਸਟੈਂਡ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਪੀਸੀਐਸ ਮੇਨਜ਼ ਦੀ ਸੂਚੀ ‘ਚ ਉਸ ਦਾ ਨਾਮ ਨਹੀਂ ਆਉਂਦਾ, ਤਾਂ ਉਦੋਂ ਤੁਹਾਡੇ ਕੋਲ ਕਹਿਣ ਲਈ ਕੀ ਹੋਵੇਗਾ? ਮੈਨੂੰ ਤੁਹਾਡੇ ਜਵਾਬ ਦੀ ਉਡੀਕ ਰਹੇਗੀ।”
ਕੈਬਨਿਟ ਮੰਤਰੀ ਦਾ ਇਹ ਜਵਾਬ ਉਦੋਂ ਆਇਆ ਜਦੋਂ ਬਿਕਰਮ ਸਿੰਘ ਮਜੀਠੀਆ ਨੇ ਪੀਸੀਐਸ ਭਰਤੀ ਪ੍ਰਕਿਰਿਆ ‘ਤੇ ਸਵਾਲ ਉਠਾਉਂਦਿਆਂ ਇਸ ਗੱਲ ਦਾ ਸਪੱਸ਼ਟੀਕਰਨ ਮੰਗਿਆ ਸੀ ਕਿ ਕੀ ਉਨ੍ਹਾਂ ਦਾ ਪੁੱਤਰ ਮੇਨਜ਼ ਪ੍ਰੀਖਿਆ ਲਈ ਯੋਗ ਹੋਏ ਉਮੀਦਵਾਰਾਂ ‘ਚ ਸ਼ਾਮਲ ਹੈ।
ਮੰਤਰੀ ਹਰਭਜਨ ਸਿੰਘ ਈਟੀਓ ਨੇ ਬਿਕਰਮ ਸਿੰਘ ਮਜੀਠੀਆ ਨੂੰ ਇਨ੍ਹਾਂ ਦੋ ਸਿੱਧੇ ਸਵਾਲਾਂ ਦੇ ਜਵਾਬ ਦੇਣ ਦੀ ਚੁਣੌਤੀ ਦਿੰਦਿਆਂ ਕਿਹਾ ਕਿ ਅਕਾਲੀ ਆਗੂ ਪ੍ਰੀਖਿਆ ਦੇ ਨਤੀਜੇ ਬਾਰੇ ਅਟਕਲਾਂ ਲਗਾਉਣ ਦੀ ਬਜਾਏ ਪਹਿਲਾਂ ਇਹ ਸਪੱਸ਼ਟ ਕਰਨ ਕਿ ਦੋਵਾਂ ‘ਚੋਂ ਕਿਸੇ ਵੀ ਸਥਿਤੀ ‘ਚ ਉਹ ਕੀ ਕਹਿਣਗੇ।
Read More: ਕਾਂਗਰਸ ਨੂੰ ਪੰਜਾਬ ਦੇ ਨੌਜਵਾਨਾਂ ਬਾਰੇ ਗੱਲ ਕਰਨ ਦਾ ਕੋਈ ਨੈਤਿਕ ਹੱਕ ਨਹੀਂ: ਜਸਵੀਰ ਸਿੰਘ ਗੜ੍ਹੀ




