ਚੰਡੀਗੜ੍ਹ, 05 ਅਪ੍ਰੈਲ 2023: ਬ੍ਰਿਟੇਨ (Britain) ਦੇ ਨਵੇਂ ਕਿੰਗ ਚਾਰਲਸ ਅਤੇ ਮਹਾਰਾਣੀ ਕੈਮਿਲਾ ਦੀ ਤਾਜਪੋਸ਼ੀ ਲਈ ਸੱਦਾ ਪੱਤਰ ਦੀ ਪਹਿਲੀ ਫੋਟੋ ਸਾਹਮਣੇ ਆਈ ਹੈ। ਇਸ ਸੱਦਾ ਪੱਤਰ ‘ਤੇ ਰਾਣੀ ਕੰਸੋਰਟ ਦੀ ਥਾਂ ਕੈਮਿਲਾ ਲਈ ਰਾਣੀ ਦਾ ਸਿਰਲੇਖ ਵਰਤਿਆ ਗਿਆ ਹੈ। ਇਹ ਕਾਰਡ ਮੰਗਲਵਾਰ ਨੂੰ ਬਕਿੰਘਮ ਪੈਲੇਸ ਵੱਲੋਂ ਜਾਰੀ ਕੀਤਾ ਗਿਆ। ਇਸ ਵਿੱਚ ਤਾਜਪੋਸ਼ੀ ਸਮਾਗਮ ਲਈ ਨਵੇਂ ਰਾਜੇ ਅਤੇ ਰਾਣੀ ਵੱਲੋਂ ਸੱਦਾ ਭੇਜਿਆ ਗਿਆ ਹੈ।
ਇਸ ਤੋਂ ਇਲਾਵਾ ਰਾਜਾ ਚਾਰਲਸ ਦੀ ਤਸਵੀਰ ਵਾਲੀ ਸ਼ਾਹੀ ਡਾਕ ਟਿਕਟ ਵੀ ਜਾਰੀ ਕੀਤੀ ਗਈ ਹੈ। ਜਿਸ ਤੋਂ ਬਾਅਦ ਇਨ੍ਹਾਂ ਸਟੈਂਪਸ ਦੀ ਕੀਮਤ ਵਧ ਗਈ। ਰਾਇਲ ਮੇਲ ਆਪਣੀ ਵੈੱਬਸਾਈਟ ‘ਤੇ ਵਿਕਰੀ ਲਈ ਨਵੇਂ ਸਟੈਂਪ ਜਾਰੀ ਕਰਦਾ ਹੈ। ਹਾਲਾਂਕਿ, ਜਿਨ੍ਹਾਂ ਸਟੈਂਪ ‘ਤੇ ਮਹਾਰਾਣੀ ਐਲਿਜ਼ਾਬੈਥ ਦੀ ਤਸਵੀਰ ਹੈ, ਉਨ੍ਹਾਂ ਨੂੰ ਪਹਿਲਾਂ ਵੇਚਣ ਦਾ ਆਦੇਸ਼ ਦਿੱਤਾ ਗਿਆ ਹੈ।
ਕਿੰਗ ਚਾਰਲਸ ਨੂੰ ਨਵੀਂ ਸਟੈਂਪ ‘ਤੇ ਤਾਜ ਤੋਂ ਬਿਨਾਂ ਦੇਖਿਆ ਗਿਆ ਹੈ। ਉਨ੍ਹਾਂ ਦੀ ਇਹ ਤਸਵੀਰ ਉਨ੍ਹਾਂ ਦੀ ਮਨਜ਼ੂਰੀ ਤੋਂ ਬਾਅਦ ਹੀ ਚੁਣੀ ਗਈ ਸੀ। ਵੈਸਟਮਿੰਸਟਰ ਐਬੇ ਵਿਖੇ 6 ਮਈ ਨੂੰ ਹੋਣ ਵਾਲੇ ਤਾਜਪੋਸ਼ੀ ਸਮਾਰੋਹ ਲਈ ਲਗਭਗ 2,000 ਲੋਕਾਂ ਨੂੰ ਸੱਦਾ ਦਿੱਤਾ ਗਿਆ ਹੈ।