ਸਪੋਰਟਸ, 18 ਨਵੰਬਰ 2026: AUS ਬਨਾਮ ENG Result: ਇੰਗਲੈਂਡ ਨੇ ਆਸਟ੍ਰੇਲੀਆ ਨੂੰ 97 ਦੌੜਾਂ ਨਾਲ ਹਰਾ ਕੇ ਵਨਡੇ ਸੀਰੀਜ਼ 2-1 ਨਾਲ ਆਪਣੇ ਨਾਮ ਕਰ ਲਈ ਹੈ। ਇੰਗਲੈਂਡ ਦਾ ਨੌਂ ਸਾਲਾਂ ਦਾ ਇੰਤਜ਼ਾਰ ਆਖਰਕਾਰ ਖਤਮ ਹੋ ਗਿਆ ਹੈ। ਹੋਬਾਰਟ ‘ਚ ਖੇਡੇ ਗਏ ਤੀਜੇ ਵਨਡੇ ਮੈਚ ‘ਚ, ਇੰਗਲੈਂਡ ਨੇ ਆਸਟ੍ਰੇਲੀਆ ਨੂੰ 97 ਦੌੜਾਂ ਨਾਲ ਹਰਾਇਆ ਹੈ।
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇੰਗਲੈਂਡ ਨੇ 328 ਦੌੜਾਂ ਬਣਾਈਆਂ। ਇਸਦੇ ਜਵਾਬ ਚ ਆਸਟ੍ਰੇਲੀਆ 231 ਦੌੜਾਂ ‘ਤੇ ਆਲ ਆਊਟ ਹੋ ਗਿਆ। ਇਹ ਆਸਟ੍ਰੇਲੀਆ ‘ਚ ਇੰਗਲੈਂਡ ਦੀ ਸਿਰਫ਼ ਤੀਜੀ ਵਨਡੇ ਸੀਰੀਜ਼ ਜਿੱਤ ਹੈ। 1974 ‘ਚ ਮਾਈਕ ਡੇਨੈਸ ਦੀ ਕਪਤਾਨੀ ‘ਚ ਇੰਗਲੈਂਡ ਨੇ ਵਨਡੇ ਸੀਰੀਜ਼ ‘ਚ ਆਸਟ੍ਰੇਲੀਆ ਨੂੰ 1-0 ਨਾਲ ਹਰਾਇਆ ਸੀ। 2017 ‘ਚ ਈਓਨ ਮੋਰਗਨ ਦੀ ਕਪਤਾਨੀ ‘ਚ ਇੰਗਲੈਂਡ ਨੇ ਵਨਡੇ ਸੀਰੀਜ਼ ‘ਚ ਆਸਟ੍ਰੇਲੀਆ ਨੂੰ 4-1 ਨਾਲ ਹਰਾਇਆ ਸੀ। ਹੁਣ, ਹੈਰੀ ਬਰੂਕ ਦੀ ਕਪਤਾਨੀ ‘ਚ ਇੰਗਲੈਂਡ ਨੇ ਆਸਟ੍ਰੇਲੀਆ ‘ਚ 2-1 ਨਾਲ ਜਿੱਤ ਪ੍ਰਾਪਤ ਕੀਤੀ ਹੈ।
ਬੇਨ ਡਕੇਟ ਵਨਡੇ ਸੀਰੀਜ਼ ਜਿੱਤ ਦਾ ਹੀਰੋ ਰਿਹਾ। ਖੱਬੇ ਹੱਥ ਦੇ ਸਲਾਮੀ ਬੱਲੇਬਾਜ਼ ਨੇ 115 ਗੇਂਦਾਂ ‘ਚ 133 ਦੌੜਾਂ ਦੀ ਪਾਰੀ ਖੇਡੀ। ਡਕੇਟ ਨੇ ਆਪਣੀ ਪਾਰੀ ‘ਚ 15 ਚੌਕੇ ਅਤੇ 3 ਛੱਕੇ ਲਗਾਏ। ਡਕੇਟ ਤੋਂ ਇਲਾਵਾ ਵਿਲ ਜੈਕਸ ਨੇ 59 ਦੌੜਾਂ ਬਣਾਈਆਂ। ਟੌਮ ਬੈਂਟਨ ਨੇ ਵੀ 44 ਦੌੜਾਂ ਬਣਾਈਆਂ। ਹੋਬਾਰਟ ‘ਚ ਆਸਟ੍ਰੇਲੀਆਈ ਟੀਮ ਦੀ ਬੱਲੇਬਾਜ਼ੀ ਅਸਫਲ ਰਹੀ।
ਮੈਟ ਰੇਨਸ਼ਾ ਨੇ 55 ਦੌੜਾਂ, ਐਲੇਕਸ ਕੈਰੀ ਨੇ 37 ਦੌੜਾਂ ਬਣਾਈਆਂ ਅਤੇ ਜੈਕ ਐਡਵਰਡਸ ਨੇ 31 ਦੌੜਾਂ ਬਣਾਈਆਂ। ਇੰਗਲੈਂਡ ਲਈ ਸੋਨੀ ਬੇਕਰ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ। ਉਨ੍ਹਾਂ ਨੇ 45 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਲੀਅਮ ਡਾਸਨ ਨੇ ਵੀ 42 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਹੈਰੀ ਬਰੂਕ ਅਤੇ ਗੁਸ ਐਟਕਿੰਸਨ ਨੂੰ 1-1 ਵਿਕਟ ਮਿਲੀ।
Read More: AUS ਬਨਾਮ ENG: ਇੰਗਲੈਂਡ ਲਈ ਬੇਨ ਡਕੇਟ ਦਾ ਸੈਂਕੜਾ, ਆਸਟ੍ਰੇਲੀਆ ਸਾਹਮਣੇ 329 ਦੌੜਾਂ ਦਾ ਟੀਚਾ




