ਸਪੋਰਟਸ, 28 ਸਤੰਬਰ 2026: Asian Games 2026: ਭਾਰਤ ਅਤੇ ਅਫਗਾਨਿਸਤਾਨ ਵਿਚਕਾਰ ਏਸ਼ੀਆਈ ਖੇਡਾਂ 2026 ਪੁਰਸ਼ ਕ੍ਰਿਕਟ ਕੁਆਰਟਰ ਫਾਈਨਲ ਮੀਂਹ ਕਾਰਨ ਬਿਨਾਂ ਟਾਸ ਦੇ ਰੱਦ ਕਰ ਦਿੱਤਾ ਗਿਆ। ਲਗਾਤਾਰ ਖਰਾਬ ਮੌਸਮ ਅਤੇ ਮੈਦਾਨੀ ਹਾਲਾਤਾਂ ਨੇ ਮੈਚ ਨੂੰ ਰੱਦ ਕਰਨ ਲਈ ਮਜਬੂਰ ਕਰ ਦਿੱਤਾ। ਇਸ ਦੇ ਨਾਲ, ਭਾਰਤੀ ਟੀਮ ਨੇ ਸੈਮੀਫਾਈਨਲ ‘ਚ ਜਗ੍ਹਾ ਪੱਕੀ ਕਰ ਲਈ। ਇਸਦੇ ਨਾਲ ਹੀ ਪਾਕਿਸਤਾਨ ਟੀਮ ਵੀ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ ਹੈ।
ਇਹ ਕੁਆਰਟਰ ਫਾਈਨਲ ਨਿਸ਼ਿਨ ਦੇ ਕੋਰੋਗੀ ਸਪੋਰਟਸ ਪਾਰਕ ‘ਚ ਖੇਡਿਆ ਜਾਣਾ ਸੀ। ਲਗਾਤਾਰ ਮੀਂਹ ਕਾਰਨ ਮੈਚ ਤੋਂ ਪਹਿਲਾਂ ਹੀ ਮੈਦਾਨ ‘ਤੇ ਕਵਰ ਰੱਖੇ ਗਏ ਸਨ ਅਤੇ ਹਾਲਾਤ ਮਾੜੇ ਰਹੇ। ਪਹਿਲਾਂ, ਇਸ ਸਥਾਨ ‘ਤੇ ਪਾਕਿਸਤਾਨ ਅਤੇ ਹਾਂਗਕਾਂਗ ਵਿਚਕਾਰ ਇੱਕ ਕੁਆਰਟਰ ਫਾਈਨਲ ਮੈਚ ਬਿਨਾਂ ਟਾਸ ਦੇ ਰੱਦ ਕਰ ਦਿੱਤਾ ਗਿਆ ਸੀ। ਮੈਦਾਨੀ ਹਾਲਾਤ ਮੈਚ ਨੂੰ ਦੁਬਾਰਾ ਸ਼ੁਰੂ ਕਰਨ ਲਈ ਅਨੁਕੂਲ ਨਹੀਂ ਸਨ। ਅਧਿਕਾਰੀਆਂ ਕੋਲ ਮੈਚ ਨੂੰ ਛੋਟਾ ਕਰਨ ਦਾ ਕੋਈ ਵਿਹਾਰਕ ਵਿਕਲਪ ਨਹੀਂ ਸੀ, ਅਤੇ ਅੰਤ ‘ਚ ਮੈਚ ਨੂੰ ਰੱਦ ਕਰਨ ਦਾ ਫੈਸਲਾ ਕੀਤਾ।
ਦਰਅਸਲ, ਏਸ਼ੀਆਈ ਖੇਡਾਂ 2026 ਪੁਰਸ਼ ਕ੍ਰਿਕਟ ਮੈਚਾਂ ‘ਚ ਨਾਕਆਊਟ ਮੈਚਾਂ ਲਈ ਕੋਈ ਰਿਜ਼ਰਵ ਡੇ ਨਹੀਂ ਹੈ। ਇਸ ਲਈ, ਜੇਕਰ ਮੀਂਹ ਜਾਂ ਕਿਸੇ ਹੋਰ ਕਾਰਨ ਕਰਕੇ ਕੁਆਰਟਰ ਫਾਈਨਲ ਦਾ ਨਤੀਜਾ ਰੱਦ ਕਰ ਦਿੱਤਾ ਜਾਂਦਾ ਹੈ, ਤਾਂ ਉੱਚ ICC T20 ਰੈਂਕਿੰਗ ਵਾਲੀ ਟੀਮ ਨੂੰ ਜੇਤੂ ਘੋਸ਼ਿਤ ਕੀਤਾ ਜਾਂਦਾ ਹੈ। ਭਾਰਤ ਇਸ ਸਮੇਂ ਆਈਸੀਸੀ ਟੀ-20 ਰੈਂਕਿੰਗ ‘ਚ ਪਹਿਲੇ ਸਥਾਨ ‘ਤੇ ਹੈ, ਜਦੋਂ ਕਿ ਅਫਗਾਨਿਸਤਾਨ 10ਵੇਂ ਸਥਾਨ ‘ਤੇ ਹੈ। ਇਸੇ ਕਾਰਨ ਮੈਚ ਰੱਦ ਹੋਣ ਤੋਂ ਬਾਅਦ ਭਾਰਤ ਨੇ ਸੈਮੀਫਾਈਨਲ ‘ਚ ਜਗ੍ਹਾ ਪੱਕੀ ਕੀਤੀ।
ਭਾਰਤ ਏਸ਼ੀਆਈ ਖੇਡਾਂ ‘ਚ ਮੌਜੂਦਾ ਪੁਰਸ਼ ਕ੍ਰਿਕਟ ਚੈਂਪੀਅਨ ਹੈ। 2023 ਹਾਂਗਜ਼ੂ ਏਸ਼ੀਆਈ ਖੇਡਾਂ ‘ਚ, ਭਾਰਤ ਅਤੇ ਅਫਗਾਨਿਸਤਾਨ ਵਿਚਕਾਰ ਸੋਨ ਤਗਮਾ ਮੈਚ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ ਸੀ, ਅਤੇ ਭਾਰਤ ਨੂੰ ਬਿਹਤਰ ਸੀਡਿੰਗ ਦੇ ਆਧਾਰ ‘ਤੇ ਸੋਨ ਤਗਮਾ ਦਿੱਤਾ ਗਿਆ ਸੀ। ਹੁਣ, 2026 ਏਸ਼ੀਆਈ ਖੇਡਾਂ ‘ਚ ਭਾਰਤ ਵੀ ਕੁਆਰਟਰ ਫਾਈਨਲ ‘ਚ ਖੇਡੇ ਬਿਨਾਂ ਆਖਰੀ ਚਾਰ ‘ਚ ਪਹੁੰਚ ਗਿਆ ਹੈ।
ਟੀਮ ਦੀ ਅਗਲੀ ਚੁਣੌਤੀ ਸੈਮੀਫਾਈਨਲ ‘ਚ ਹੋਵੇਗੀ, ਜਿੱਥੇ ਭਾਰਤ ਸੋਨ ਤਗਮੇ ਲਈ ਆਪਣੀ ਦਾਅਵੇਦਾਰੀ ਨੂੰ ਅੱਗੇ ਵਧਾਏਗਾ। ਸੈਮੀਫਾਈਨਲ ‘ਚ ਭਾਰਤ ਦਾ ਸਾਹਮਣਾ ਸ਼੍ਰੀਲੰਕਾ ਅਤੇ ਨੇਪਾਲ ਵਿਚਕਾਰ ਹੋਣ ਵਾਲੇ ਕੁਆਰਟਰ ਫਾਈਨਲ ਮੈਚ (29 ਸਤੰਬਰ) ਦੇ ਜੇਤੂ ਨਾਲ ਹੋਵੇਗਾ। ਪਾਕਿਸਤਾਨ ਦਾ ਸਾਹਮਣਾ ਬੰਗਲਾਦੇਸ਼ ਅਤੇ ਮਲੇਸ਼ੀਆ (29 ਸਤੰਬਰ) ਦੇ ਕੁਆਰਟਰ ਫਾਈਨਲ ਮੈਚ ਦੇ ਜੇਤੂ ਨਾਲ ਹੋਵੇਗਾ। ਦੋਵੇਂ ਸੈਮੀਫਾਈਨਲ 1 ਅਕਤੂਬਰ ਨੂੰ ਖੇਡੇ ਜਾਣਗੇ। ਸੈਮੀਫਾਈਨਲ ‘ਚ ਹਾਰਨ ਵਾਲੀਆਂ ਟੀਮਾਂ ਕਾਂਸੀ ਦੇ ਤਗਮੇ ਲਈ ਖੇਡਣਗੀਆਂ।
Read More: “ਦੱਖਣੀ ਅਫਰੀਕਾ ‘ਚ ਇਹ ਮੇਰਾ ਆਖਰੀ ਵਿਸ਼ਵ ਕੱਪ”, ਵਿਰਾਟ ਕੋਹਲੀ ਦਾ ਭਾਵੁਕ ਬਿਆਨ




