ਹਰਿਆਣਾ, 13 ਅਗਸਤ 2026: ਜਨ ਸਿਹਤ ਇੰਜੀਨੀਅਰਿੰਗ ਅਤੇ ਲੋਕ ਨਿਰਮਾਣ ਮੰਤਰੀ ਰਣਬੀਰ ਗੰਗਵਾ ਨੇ ਕਿਹਾ ਕਿ ਸਰਕਾਰ ਸੂਬੇ ‘ਚ ਮੀਂਹ ਦੇ ਪਾਣੀ ਦੀ ਸੁਚਾਰੂ ਨਿਕਾਸੀ ਅਤੇ ਸ਼ਹਿਰੀ ਖੇਤਰਾਂ ‘ਚ ਜਲ-ਭਰਾਅ ਦੀ ਸਮੱਸਿਆ ਦੇ ਸਥਾਈ ਹੱਲ ਲਈ ਡ੍ਰੇਨੇਜ ਇਨਫ੍ਰਾਸਟ੍ਰਕਚਰ ਨੂੰ ਮਜ਼ਬੂਤ ਕਰ ਰਹੀ ਹੈ। ਇਸੇ ਲੜੀ ਤਹਿਤ ਅੰਬਾਲਾ ਸ਼ਹਿਰ ‘ਚ ਪੁਰਾਣੀ ਦਿੱਲੀ ਰੋਡ ‘ਤੇ ਜੰਡਲੀ ਫਲਾਈਓਵਰ ਤੋਂ ਪੌਲੀਟੈਕਨਿਕ ਚੌਕ ਤੱਕ ਨਵੇਂ ਸਟੌਰਮ ਵਾਟਰ ਡ੍ਰੇਨ ਦੇ ਨਿਰਮਾਣ ਲਈ 12.42 ਕਰੋੜ ਰੁਪਏ ਦੀ ਪ੍ਰਸ਼ਾਸਨਿਕ ਮਨਜ਼ੂਰੀ ਪ੍ਰਦਾਨ ਕੀਤੀ ਹੈ।
ਜਨ ਸਿਹਤ ਇੰਜੀਨੀਅਰਿੰਗ ਅਤੇ ਲੋਕ ਨਿਰਮਾਣ ਮੰਤਰੀ ਰਣਬੀਰ ਗੰਗਵਾ ਨੇ ਕਿਹਾ ਕਿ ਸੂਬਾ ਸਰਕਾਰ ਦਾ ਮੁੱਖ ਉਦੇਸ਼ ਮਾਨਸੂਨ ਦੌਰਾਨ ਜਲ-ਭਰਾਅ ਤੋਂ ਲੋਕਾਂ ਨੂੰ ਰਾਹਤ ਦੇਣ ਦੇ ਨਾਲ-ਨਾਲ ਅਜਿਹੀ ਮਜ਼ਬੂਤ ਅਤੇ ਵਿਗਿਆਨਕ ਪਾਣੀ ਦੀ ਨਿਕਾਸੀ ਵਿਵਸਥਾ ਵਿਕਸਿਤ ਕਰਨਾ ਹੈ, ਜੋ ਭਵਿੱਖ ‘ਚ ਵਧਦੀ ਆਬਾਦੀ ਅਤੇ ਸ਼ਹਿਰੀਕਰਨ ਦੀਆਂ ਲੋੜਾਂ ਨੂੰ ਵੀ ਪੂਰਾ ਕਰ ਸਕੇ।
ਉਨ੍ਹਾਂ ਦੱਸਿਆ ਕਿ ਅੰਬਾਲਾ ਸ਼ਹਿਰ ‘ਚ ਪੁਰਾਣੀ ਦਿੱਲੀ ਰੋਡ ਦੇ ਨਾਲ ਲੱਗਦੇ ਮੌਜੂਦਾ ਡ੍ਰੇਨਾਂ ਦੇ ਓਵਰਫਲੋ ਹੋਣ ਕਾਰਨ ਮੀਂਹ ਦੌਰਾਨ ਸੜਕ ‘ਤੇ ਪਾਣੀ ਭਰਨ ਅਤੇ ਆਵਾਜਾਈ ਪ੍ਰਭਾਵਿਤ ਹੋਣ ਦੀ ਸਮੱਸਿਆ ਸਾਹਮਣੇ ਆ ਰਹੀ ਸੀ। ਅਜਿਹੇ ‘ਚ ਇਸ ਦੇ ਨਿਦਾਨ ਲਈ ਠੋਸ ਕਦਮ ਚੁੱਕੇ ਗਏ ਹਨ।
ਮੰਤਰੀ ਰਣਬੀਰ ਗੰਗਵਾ ਨੇ ਕਿਹਾ ਕਿ ਇਸ ਸਮੱਸਿਆ ਦੇ ਸਥਾਈ ਹੱਲ ਲਈ ਹੁਣ ਨਵੇਂ ਸਟੌਰਮ ਵਾਟਰ ਡ੍ਰੇਨ ਦਾ ਨਿਰਮਾਣ ਕੀਤਾ ਜਾਵੇਗਾ। ਮੁੱਖ ਮੰਤਰੀ ਐਲਾਨ ਤਹਿਤ ਕੀਤੇ ਜਾਣ ਵਾਲੇ ਇਸ ਕੰਮ ਨਾਲ ਪੁਰਾਣੀ ਦਿੱਲੀ ਰੋਡ ਦੀ ਮੀਂਹ ਦੇ ਪਾਣੀ ਦੀ ਨਿਕਾਸੀ ਸਮਰੱਥਾ ਵਧੇਗੀ ਅਤੇ ਜਲ-ਭਰਾਅ ਦੀ ਸਮੱਸਿਆ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਦੂਰ ਕੀਤਾ ਜਾ ਸਕੇਗਾ। ਪ੍ਰੋਜੈਕਟ ਨੂੰ ਤਕਨੀਕੀ ਤੌਰ ‘ਤੇ ਮਨਜ਼ੂਰੀ ਮਿਲਣ ਤੋਂ ਬਾਅਦ ਹੁਣ ਪ੍ਰਸ਼ਾਸਨਿਕ ਮਨਜ਼ੂਰੀ ਵੀ ਪ੍ਰਦਾਨ ਕਰ ਦਿੱਤੀ ਗਈ ਹੈ।
ਮੰਤਰੀ ਨੇ ਕਿਹਾ ਕਿ ਸਾਲ 2026-27 ‘ਚ ਅਰਬਨ ਡ੍ਰੇਨੇਜ ਐਂਡ ਫਲੱਡ ਕੰਟਰੋਲ ਤਹਿਤ 80 ਕਰੋੜ ਰੁਪਏ ਦਾ ਬਜਟ ਉਪਬੰਧ ਕੀਤਾ ਗਿਆ ਹੈ। ਸੂਬੇ ‘ਚ ਪਾਣੀ ਦੀ ਨਿਕਾਸੀ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਸਰਕਾਰ ਵੱਲੋਂ ਵਿਆਪਕ ਪੱਧਰ ‘ਤੇ ਪ੍ਰੋਜੈਕਟ ਅੱਗੇ ਵਧਾਏ ਜਾ ਰਹੇ ਹਨ। ਇਸ ਨਾਲ ਸ਼ਹਿਰੀ ਖੇਤਰਾਂ ‘ਚ ਮੀਂਹ ਦੇ ਪਾਣੀ ਦੀ ਨਿਕਾਸੀ ਬਿਹਤਰ ਹੋਣ ਦੇ ਨਾਲ-ਨਾਲ ਜਲ-ਭਰਾਅ ਅਤੇ ਸ਼ਹਿਰੀ ਹੜ੍ਹਾਂ ਦੇ ਜੋਖਮ ਨੂੰ ਘਟਾਉਣ ‘ਚ ਮੱਦਦ ਮਿਲੇਗੀ।
ਕੈਬਨਿਟ ਮੰਤਰੀ ਰਣਬੀਰ ਗੰਗਵਾ ਨੇ ਕਿਹਾ ਕਿ ਸਰਕਾਰ ਵਿਕਾਸ ਕਾਰਜਾਂ ਨੂੰ ਸਿਰਫ਼ ਮੌਜੂਦਾ ਲੋੜਾਂ ਦੇ ਆਧਾਰ ‘ਤੇ ਨਹੀਂ, ਸਗੋਂ ਭਵਿੱਖ ਦੀਆਂ ਲੋੜਾਂ ਨੂੰ ਧਿਆਨ ‘ਚ ਰੱਖਦਿਆਂ ਅੱਗੇ ਵਧਾ ਰਹੀ ਹੈ। ਆਧੁਨਿਕ ਅਤੇ ਪ੍ਰਭਾਵਸ਼ਾਲੀ ਡ੍ਰੇਨੇਜ ਵਿਵਸਥਾ ਵਿਕਸਿਤ ਕਰਨਾ ਇਸ ਦਿਸ਼ਾ ‘ਚ ਇੱਕ ਅਹਿਮ ਕਦਮ ਹੈ, ਤਾਂ ਜੋ ਸੂਬੇ ਵਾਸੀਆਂ ਨੂੰ ਮਾਨਸੂਨ ਦੌਰਾਨ ਬਿਹਤਰ ਨਾਗਰਿਕ ਸੁਵਿਧਾਵਾਂ ਉਪਲਬਧ ਕਰਵਾਈਆਂ ਜਾ ਸਕਣ।
Read More: ਸਰਕਾਰ ਨੇ ਕਈ ਵੱਡੇ ਪ੍ਰੋਜੈਕਟਾਂ ਨੂੰ ਤੇਜ਼ ਕਰਨ ਦਾ ਫੈਸਲਾ ਕੀਤਾ, ਯੋਜਨਾ ਤਿਆਰ ਕਰਨ ਦੇ ਦਿੱਤੇ ਨਿਰਦੇਸ਼




