ਇਨਵੈਸਟ ਪੰਜਾਬ

ਪੰਜਾਬ ਨੂੰ ਨਿਵੇਸ਼ ਦਾ ਹੱਬ ਬਣਾਉਣ ਵੱਲ ਅਹਿਮ ਕਦਮ

ਪੰਜਾਬ ਨੂੰ ਨਿਵੇਸ਼ ਦਾ ਹੱਬ ਬਣਾਉਣ ਵੱਲ ਅਹਿਮ ਕਦਮ
ਨਿਵੇਸ਼ ਦੀ ਚਮਕ ਨਾਲ ਚਮਕੇਗਾ ਪੰਜਾਬ

ਪੰਜਾਬ ਦੀ ਅਰਥਵਿਵਸਥਾ ਨੂੰ ਮਜ਼ਬੂਤ ਬਣਾਉਣ ਅਤੇ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਲਈ ਨਿਵੇਸ਼ ਨੂੰ ਉਤਸ਼ਾਹਿਤ ਕਰਨਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ|ਇਸੇ ਉਦੇਸ਼ ਨੂੰ ਧਿਆਨ ‘ਚ ਰੱਖਦਿਆਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ‘ਇਨਵੈਸਟ ਪੰਜਾਬ’ ਪ੍ਰੋਗਰਾਮ ਇੱਕ ਮਹੱਤਵਪੂਰਨ ਅਤੇ ਦੂਰਅੰਦੇਸ਼ੀ ਪਹਿਲ ਵਜੋਂ ਸਾਹਮਣੇ ਆਇਆ ਹੈ|ਇਹ ਪ੍ਰੋਗਰਾਮ ਪੰਜਾਬ ਨੂੰ ਇੱਕ ਮਜ਼ਬੂਤ ਉਦਯੋਗਿਕ ਅਤੇ ਕਾਰੋਬਾਰੀ ਕੇਂਦਰ ਵਜੋਂ ਸਥਾਪਿਤ ਕਰਨ ਵੱਲ ਇੱਕ ਸਾਰਥਕ ਕਦਮ ਹੈ|

ਲੰਬੇ ਸਮੇਂ ਤੋਂ ਪੰਜਾਬ ਦਾ ਵੱਡਾ ਹਿੱਸਾ ਖੇਤੀਬਾੜੀ ‘ਤੇ ਨਿਰਭਰ ਰਿਹਾ ਹੈ, ਪਰ ਮੌਜੂਦਾ ਸਮੇਂ ‘ਚ ਉਦਯੋਗਿਕ ਵਿਕਾਸ ਅਤੇ ਨਿਵੇਸ਼ ਦੀ ਮਹੱਤਤਾ ਹੋਰ ਵੀ ਵੱਧ ਗਈ ਹੈ|ਇਸ ਪੱਖੋਂ ਮਾਨ ਸਰਕਾਰ ਦੀ ਨਵੀਂ ਉਦਯੋਗਿਕ ਅਤੇ ਵਪਾਰਕ ਵਿਕਾਸ ਨੀਤੀ ਸ਼ਲਾਘਾਯੋਗ ਹੈ| ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਦੇ ਮੁਤਾਬਕ ਸੂਬੇ ‘ਚ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਬਣਨ ਤੋਂ ਬਾਅਦ ਲਗਭੱਗ 1.74 ਲੱਖ ਕਰੋੜ ਰੁਪਏ ਦਾ ਨਿਵੇਸ਼ ਆਇਆ ਹੈ|

ਪੰਜਾਬ ਮੰਤਰੀ ਮੰਡਲ ਨੇ 10 ਜੂਨ 2026 ਦੀ ਅਹਿਮ ਬੈਠਕ ‘ਚ ‘ਉਦਯੋਗਿਕ ਅਤੇ ਵਪਾਰ ਵਿਕਾਸ ਨੀਤੀ-2026’ ਅਤੇ ਪੰਜਾਬ ਉਦਯੋਗ ਕ੍ਰਾਂਤੀ ਪਹਿਲਕਦਮੀ ਅਧੀਨ ਵੱਖ-ਵੱਖ ਸੈਕਟਰਲ ਨੀਤੀਆਂ ‘ਚ ਸੋਧਾਂ ਨੂੰ ਪ੍ਰਵਾਨਗੀ ਦਿੱਤੀ|ਪੰਜਾਬ ਸਰਕਾਰ ਮੁਤਾਬਕ ਇਨ੍ਹਾਂ ਸੋਧਾਂ ‘ਚ ਵਿੱਤੀ ਰਿਆਇਤਾਂ ਸਿਰਫ਼ ਮੌਜੂਦਾ ਸੂਖਮ, ਛੋਟੇ ਤੇ ਦਰਮਿਆਨੇ ਉਦਯੋਗ ਦੀ ਬਜਾਏ ਮੌਜੂਦਾ ਉਦਯੋਗਿਕ ਇਕਾਈਆਂ ‘ਤੇ ਲਾਗੂ ਹੋਣ ਦੀ ਵਿਵਸਥਾ ਕੀਤੀ ਗਈ ਹੈ|ਉਦਯੋਗਾਂ ਨੂੰ ਸਹੂਲਤਾਂ, ਪ੍ਰੋਤਸਾਹਨ ਅਤੇ ਸਰਲ ਪ੍ਰਕਿਰਿਆਵਾਂ ਮੁਹੱਈਆ ਕਰਵਾਉਣ ਦਾ ਫੈਸਲਾ ਨਿਵੇਸ਼ਕਾਂ ਲਈ ਇੱਕ ਸਕਾਰਾਤਮਕ ਸੰਦੇਸ਼ ਹੈ|

‘ਇਨਵੈਸਟ ਪੰਜਾਬ’ ਸੂਬੇ ਦੇ ਆਰਥਿਕ ਭਵਿੱਖ ਨੂੰ ਨਵੀਂ ਦਿਸ਼ਾ ਦੇਣ ਵਾਲਾ ਮਜ਼ਬੂਤ ਮੰਚ ਹੈ|ਇੱਕੋ ਥਾਂ ‘ਤੇ ਜ਼ਮੀਨ, ਮਨਜ਼ੂਰੀਆਂ, ਬਿਜਲੀ, ਉਦਯੋਗਿਕ ਨੀਤੀਆਂ ਅਤੇ ਟੈਕਸ ਸਹੂਲਤਾਂ ਵਰਗੀਆਂ ਸੇਵਾਵਾਂ ਉਪਲਬੱਧ ਕਰਵਾਉਣਾ ਸਰਕਾਰ ਦੀ ਨਿਵੇਸ਼ਕ-ਪੱਖੀ ਸੋਚ ਨੂੰ ਦਰਸਾਉਂਦਾ ਹੈ|ਇਸ ਨਾਲ ਉਦਯੋਗ ਲਗਾਉਣ ਦੀ ਪ੍ਰਕਿਰਿਆ ਆਸਾਨ ਹੋਵੇਗੀ ਅਤੇ ਪੰਜਾਬ ‘ਚ ਨਵੇਂ ਨਿਵੇਸ਼ ਨੂੰ ਹੋਰ ਗਤੀ ਮਿਲੇਗੀ|

ਪਿਛਲੇ ਸਾਲ 2025 ਦੌਰਾਨ ਲਗਭੱਗ ₹57,000 ਕਰੋੜ ਦੇ ਨਿਵੇਸ਼ ਪ੍ਰੋਜੈਕਟ ਜ਼ਮੀਨੀ ਪੱਧਰ ‘ਤੇ ਲਾਗੂ ਹੋਏ ਹਨ|ਇਹ ਦਰਸਾਉਂਦਾ ਹੈ ਕਿ ਪੰਜਾਬ ਸਰਕਾਰ ਦੀਆਂ ਨੀਤੀਆਂ ‘ਤੇ ਨਿਵੇਸ਼ਕਾਂ ਦਾ ਭਰੋਸਾ ਵਧ ਰਿਹਾ ਹੈ|ਜਦੋਂ ਵੱਡੀਆਂ ਕੰਪਨੀਆਂ ਕਿਸੇ ਸੂਬੇ ‘ਚ ਨਿਵੇਸ਼ ਕਰਦੀਆਂ ਹਨ ਤਾਂ ਇਸ ਦਾ ਸਿੱਧਾ ਲਾਭ ਸਥਾਨਕ ਲੋਕਾਂ ਅਤੇ ਖ਼ਾਸ ਕਰਕੇ ਨੌਜਵਾਨਾਂ ਨੂੰ ਮਿਲਦਾ ਹੈ|

ਇਸ ਪ੍ਰੋਗਰਾਮ ਦਾ ਸਭ ਤੋਂ ਵੱਡਾ ਲਾਭ ਪੰਜਾਬ ਦੇ ਨੌਜਵਾਨਾਂ ਨੂੰ ਹੋਣ ਦੀ ਉਮੀਦ ਹੈ|ਨਵੇਂ ਉਦਯੋਗਾਂ ਦੀ ਸਥਾਪਨਾ ਨਾਲ ਰੋਜ਼ਗਾਰ ਦੇ ਹਜ਼ਾਰਾਂ ਨਵੇਂ ਮੌਕੇ ਪੈਦਾ ਹੋਣਗੇ|ਆਈ.ਟੀ, ਨਿਰਮਾਣ ਕਰਨ ਸੰਬੰਧੀ ਅਤੇ ਹੋਰ ਉਦਯੋਗਿਕ ਖੇਤਰਾਂ ਦੇ ਵਿਕਾਸ ਨਾਲ ਨੌਜਵਾਨਾਂ ਨੂੰ ਆਪਣੇ ਹੀ ਸੂਬੇ ‘ਚ ਚੰਗਾ ਕਿੱਤਾ ਜਾਂ ਕਾਰੋਬਾਰ ਕਰਨ ਦੇ ਮੌਕੇ ਮਿਲ ਸਕਣਗੇ| ਇਸ ਨਾਲ ਵਿਦੇਸ਼ ਜਾਣ ਦੇ ਰੁਝਾਨ ‘ਚ ਵੀ ਕਮੀ ਆ ਸਕਦੀ ਹੈ ਅਤੇ ਪੰਜਾਬ ਦੀ ਕਾਬਲੀਅਤ ਪੰਜਾਬ ਦੇ ਵਿਕਾਸ ਲਈ ਹੀ ਵਰਤੀ ਜਾ ਸਕੇਗੀ|

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਉਦਯੋਗਿਕ ਵਿਕਾਸ ਅਤੇ ਨਿਵੇਸ਼ ਲਈ ਚੁੱਕੇ ਜਾ ਰਹੇ ਕਦਮ ਸੂਬੇ ਦੀ ਆਰਥਿਕ ਤਰੱਕੀ ਲਈ ਬਹੁਤ ਮਹੱਤਵਪੂਰਨ ਹਨ|ਜੇਕਰ ਸਰਕਾਰ ਇਸੇ ਤਰ੍ਹਾਂ ਨਿਵੇਸ਼ਕਾਂ ਦਾ ਭਰੋਸਾ ਕਾਇਮ ਰੱਖਦੀ ਹੈ ਅਤੇ ਆਪਣੀਆਂ ਨੀਤੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਦੀ ਹੈ, ਤਾਂ ਪੰਜਾਬ ਇੱਕ ਵਾਰ ਫਿਰ ਦੇਸ਼ ਦੇ ਪ੍ਰਮੁੱਖ ਉਦਯੋਗਿਕ ਸੂਬਿਆਂ ‘ਚ ਸ਼ਾਮਲ ਹੋ ਸਕਦਾ ਹੈ|

‘ਇਨਵੈਸਟ ਪੰਜਾਬ’ ਇੱਕ ਅਜਿਹੀ ਪਹਿਲ ਹੈ ਜੋ ਪੰਜਾਬ ‘ਚ ਰੋਜ਼ਗਾਰ, ਉਦਯੋਗ ਅਤੇ ਆਰਥਿਕ ਵਿਕਾਸ ਦੀ ਨਵੀਂ ਲਹਿਰ ਲਿਆ ਸਕਦੀ ਹੈ|ਇਹ ਯੋਜਨਾ ‘ਰੰਗਲਾ ਪੰਜਾਬ’ ਦੇ ਸੁਪਨੇ ਨੂੰ ਸਾਕਾਰ ਕਰਨ ਅਤੇ ਪੰਜਾਬ ਨੂੰ ਖੁਸ਼ਹਾਲੀ ਦੇ ਨਵੇਂ ਰਾਹ ‘ਤੇ ਲਿਜਾਣ ਵੱਲ ਇੱਕ ਮਜ਼ਬੂਤ ਕਦਮ ਸਾਬਤ ਹੋ ਰਹੀ ਹੈ|

Read More: ਅਨੁਸੂਚਿਤ ਜਾਤੀਆਂ ਲਈ ਪੰਜਾਬ ਸਰਕਾਰ ਦੀ ਵੱਡੀ ਪਹਿਲ, ਜਾਰੀ ਕੀਤੇ ਵਿਸ਼ੇਸ਼ ਫੰਡ

ਵਿਦੇਸ਼

Scroll to Top