ਇੱਕ ਸ਼ਖਸ ਜੋ ਸ਼ਖ਼ਸੀਅਤ ਸੀ – ਚਲਾ ਗਿਆ ਹੈ!
ਅਣਥੱਕ ਯੋਧਾ ਬਲਵੰਤ ਸਿੰਘ ਖੇੜਾ (1935-2023)
ਸੀਨੇ ਖਿੱਚ ਜਿਨ੍ਹਾਂ ਨੇ ਖਾਧੀ…
ਲਿਖਾਰੀ
ਐੱਸ.ਪੀ ਸਿੰਘ
ਉੱਘੇ ਸਮਾਜਸੇਵੀ ਆਗੂ ਬਲਵੰਤ ਸਿੰਘ ਖੇੜਾ ਬੀਤੇ ਦਿਨ ਅਕਾਲ ਚਲਾਣਾ ਕਰ ਗਏ ਹਨ, ਉਨ੍ਹਾਂ ਦਾ ਅੱਜ ਹਰਿਆਣਾ ਰੋਡ ‘ਤੇ ਸ਼ਿਵਪੁਰੀ ਸ਼ਮਸ਼ਾਨਘਾਟ ਵਿਖੇ ਅੰਤਿਮ ਸਸਕਾਰ ਕੀਤਾ ਜਾਵੇਗਾ |
ਜਦੋਂ ਪਹਿਲੀ ਵਾਰੀ ਮਿਲਿਆ ਸਾਂ ਤਾਂ ਮੈਂ ਉਹਨਾਂ ਨੂੰ ਪੁੱਛਿਆ ਸੀ – ਸੋਸ਼ਲਿਸਟ ਕਿਵੇਂ ਬਣੇ? ਅੱਜ ਤੱਕ ਉਹਨਾਂ ਦਾ ਜਵਾਬ ਯਾਦ ਹੈ। ਕਹਿੰਦੇ ਅਰਸਤੂ ਆਖਦਾ ਸੀ ਬੰਦਾ ਸਮਾਜਿਕ ਪ੍ਰਾਣੀ ਹੁੰਦਾ ਹੈ। ਸੋਸ਼ਲਿਸਟ ਮਤਲਬ ਸਮਾਜਿਕ। ਬੰਦਾ ਬਣਨ ਦਾ ਦੂਜਾ ਕੋਈ ਰਾਹ ਹੀ ਨਹੀਂ ਲੱਭਿਆ। ਸੋਸ਼ਲ ਵੀ ਹੋਣਾ ਸੀ, ਪੁਲੀਟੀਕਲ ਵੀ ਹੋਣਾ ਸੀ, ਸੋ, ਸੋਸ਼ਲਿਸਟ ਬਣ ਗਏ।
ਪੇਚੀਦਾ ਅਤੇ ਮੁਸ਼ਕਿਲ ਘੋਲਾਂ ਦਾ ਅਣਥੱਕ ਯੋਧਾ, ਮਾਲਟਾ ਕਿਸ਼ਤੀ ਕਾਂਡ ਦੇ ਗੁਨਾਹਗਾਰਾਂ ਦੇ ਡਰਾਉਣੇ ਸੁਪਨਿਆਂ ਵਿੱਚ ਆਉਣ ਵਾਲਾ, ਅਕਾਲੀ ਦਲ ਦੇ ਦੋ ਸੰਵਿਧਾਨ ਕਿਓਂ ਹਨ, ਇਹ ਔਖਾ ਸਵਾਲ ਪੁੱਛਣ ਵਾਲਾ, ਅਤੇ ਬੁਢਾਪਾ ਨਾਮ ਹੀ ਕਿਸ ਬਲਾ ਦਾ ਹੈ, ਐਸੇ ਅੰਦਾਜ਼ ਵਿੱਚ ਜ਼ਿੰਦਗੀ ਜਿਊਣ ਵਾਲਾ ਮਹਾਨ ਸ਼ਖਸ – ਤਾ’ਉਮਰ ਸੋਸ਼ਲਿਸਟ ਅਤੇ ਲੋਕ ਪੱਖੀ ਜੀਵਨ ਜਾਂਚ ਦਾ ਮੁਜੱਸਮਾ – ਬਲਵੰਤ ਸਿੰਘ ਖੇੜਾ ਸਾਥੋਂ ਵਿਦਾ ਲੈ ਗਿਆ ਹੈ।
ਇੱਕ ਉਮਰ ਲੱਗ ਜਾਂਦੀ ਹੈ ਆਦਮੀ ਨੂੰ ਸ਼ਖਸ ਤੋਂ ਸ਼ਖ਼ਸੀਅਤ ਬਣਨ ਲਈ। ਉਹ ਉਮਰ ਸਰਦਾਰ ਬਲਵੰਤ ਸਿੰਘ ਖੇੜਾ ਹੋਰਾਂ ਨੇ ਬਾਕਾਇਦਾ ਲਾਈ। ਜਿਹੜੀ ਇੱਜ਼ਤ ਉਹਨਾਂ ਕਮਾਈ, ਕੁੱਲ ਦੁਨੀਆ ਜਾਣਦੀ ਹੈ।
90ਵਿਆਂ ਦੇ ਛੇਕੜਲੇ ਸਾਲਾਂ ਵਿੱਚ ਜਿਨ੍ਹੀਂ ਦਿਨੀਂ ਉਹਨਾਂ ਨੂੰ ਪਹਿਲੀ ਵਾਰੀ ਮਿਲਿਆਂ ਸਾਂ, ਉਦੋਂ ਹਾਲੇ ਯੂਨਾਨ ਦੇ ਠੰਡੇ ਯੱਖ ਪਾਣੀਆਂ ਵਿੱਚ ਡੁੱਬੇ ਪੰਜਾਬੀ ਨੌਜਵਾਨਾਂ ਦੀ ਦਾਸਤਾਨ ਬਾਰੇ ਪੱਤਰਕਾਰਾਂ ਵਿੱਚ ਦਿਲਚਸਪੀ ਬਾਕੀ ਸੀ। ਬਾਅਦ ਵਿੱਚ ਖੇੜਾ ਸਾਹਿਬ ਕਦੀ ਕਦੀ ਗ਼ਿਲਾ ਕਰਦੇ ਕਿ ਹੁਣ ਤਾਂ ਐਸੇ ਪੱਤਰਕਾਰ ਮਿਲਦੇ ਹਨ ਜਿਨ੍ਹਾਂ ਨੂੰ ਮਾਲਟਾ ਕਾਂਡ ਬਾਰੇ ਕੁੱਝ ਨਹੀਂ ਪਤਾ ਹੁੰਦਾ। ਬਸ ਵਿੱਚ ਸਵਾਰ ਹੋ ਕੇ ਚੰਡੀਗੜ੍ਹ ਆਉਂਦੇ, ਲਾਲਾ ਲਾਜਪਤ ਰਾਏ ਭਵਨ ਦੇ ਬਿਲਕੁੱਲ ਸਧਾਰਣ ਜਿਹੇ ਕਮਰੇ ਵਿੱਚ ਠਹਿਰਦੇ। ਹਮੇਸ਼ਾਂ ਕਿਸੇ ਮੁਹਿੰਮ ਵਿੱਚ ਰਹਿੰਦੇ। ਕਦੀ ਜ਼ਿਲ੍ਹੇ ਦੀ ਅਦਾਲਤ ਵਿੱਚ ਕੋਈ ਅਰਜ਼ੀ, ਕਦੀ ਵਡੇਰੀ ਅਦਾਲਤ ਵਿੱਚ ਕੋਈ ਸੁਣਵਾਈ।
ਪ੍ਰਸ਼ਾਂਤ ਭੂਸ਼ਨ ਤੋਂ ਲੈ ਕੇ ਕਿੱਡੇ ਕਿੱਡੇ ਵੱਡੇ ਵਕੀਲ ਉਹਨਾਂ ਦੀ ਗੱਲ ਵੱਲ ਕੰਨ ਧਰਦੇ, ਅਤੇ ਆਪਣੇ ਆਪ ਨੂੰ ਕਹਿੰਦੇ ਕਹਾਉਂਦੇ ਵੀ ਸੋਚਦੇ ਬਾਪੂ ‘ਕੱਲ੍ਹਾ ਹੀ ਕਿੰਨਿਆਂ ਨੂੰ ਭਾਜੜ ਪਾਈ ਰੱਖਦਾ ਹੈ। ਅਕਾਲੀ ਦਲ ਦੇ ਦੋ ਸੰਵਿਧਾਨ ਵਾਲੇ ਕੇਸ ਦੇ ਸੈਂਕੜੇ ਦਸਤਾਵੇਜ਼ ਉਹਨਾਂ ਨੇ ਮੇਰੇ ਹਵਾਲੇ ਕੀਤੇ ਤਾਂ ਮੈਂ ਲੰਮੀ ਚੌੜੀ ਤਹਿਰੀਰ ਲਿੱਖੀ। ਸਾਲਾਂ ਤੱਕ ਉਹ ਇਹਦਾ ਜ਼ਿਕਰ ਕਰਦੇ ਰਹੇ। ਨਾਲ ਹੀ ਇਹ ਯਾਦ ਕਰਵਾਉਂਦੇ ਕਿ ਕਿਵੇਂ ਮੈਂ ਸਾਰੇ ਦਸਤਾਵੇਜ਼ ਤਰਤੀਬ ਅਨੁਸਾਰ ਫ਼ਾਈਲਾਂ ਵਿੱਚ ਰੱਖੇ, ਸਾਰੀਆਂ ਫ਼ਾਈਲਾਂ ਉੱਤੇ ਨੰਬਰ ਲਾਏ, ਅਤੇ ਵਾਪਸ ਉਹਨਾਂ ਨੂੰ ਪੁਚਾਏ। ਉਹਨਾਂ ਨੂੰ ਕੀ ਪਤਾ ਕਿ ਜਿੰਨ੍ਹੇ ਸਲੀਕੇ ਨਾਲ ਉਹ ਹਰ ਦਸਤਾਵੇਜ਼ ਸਾਂਭ ਕੇ ਰੱਖਦੇ ਸਨ, ਮੈਨੂੰ ਡਰ ਲੱਗਿਆ ਹੋਇਆ ਸੀ ਕਿ ਇੱਕ ਵੀ ਕਾਗਜ਼ ਐਧਰ ਉੱਧਰ ਹੋ ਗਿਆ, ਖੇੜਾ ਸਾਹਿਬ ਗੁੱਸੇ ਹੋ ਸਕਦੇ ਹਨ।
ਉਹ ਅਕਸਰ ਪ੍ਰਸ਼ਾਂਤ ਭੂਸ਼ਨ ਨਾਲ ਹਾਲੀਆ ਹੋਈ ਕਿਸੇ ਗੱਲ ਦਾ ਜ਼ਿਕਰ ਕਰਦੇ। ਗੱਲਾਂ ਗੱਲਾਂ ਵਿੱਚ ਕਦੀ ਜੇ.ਪੀ (ਜੈ ਪ੍ਰਕਾਸ਼ ਨਾਰਾਇਣ) ਦਾ ਜ਼ਿਕਰ ਛਿੜਦਾ, ਕਦੀ ਮਰਹੂਮ ਸੁਰਿੰਦਰ ਮੋਹਨ ਜੀ ਦਾ।
2010 ਦੀਆਂ ਸਰਦੀਆਂ ਸਨ ਜਦੋਂ ਸੋਸ਼ਲਿਸਟ ਚਿੰਤਕ ਅਤੇ ਰਾਜਸੀ ਨੇਤਾ ਅਤੇ ਰਾਜ ਸਭਾ ਦੇ ਸਾਬਕਾ ਐੱਮ.ਪੀ. ਸੁਰਿੰਦਰ ਮੋਹਨ ਹੋਰਾਂ ਦਾ ਦਿਹਾਂਤ ਹੋਇਆ ਤਾਂ ਖੇੜਾ ਸਾਹਿਬ ਦਾ ਸਵੇਰੇ ਸਵੇਰੇ ਫੋਨ ਆਇਆ। ਕਹਿਣ ਲੱਗੇ ਸ਼ਾਇਦ ਆਖਰੀ ਸੋਸ਼ਲਿਸਟ ਲੀਡਰ ਚਲਾ ਗਿਆ ਹੈ। ਮੈਂ ਆਖਿਆ ਨਿੱਠ ਕੇ ਬੈਠੋ – ਹਾਲੇ ਤੁਸੀਂ ਕਾਇਮ ਦਾਇਮ ਹੋ। ਕਹਿੰਦੇ, “ਐੱਸ ਪੀ ਸਿੰਘ (ਹਮੇਸ਼ਾ ਪੂਰਾ ਨਾਮ ਲੈਂਦੇ ਸਨ ਸਭ ਦਾ), ਤੂੰ ਨੋਟਿਸ ਕੀਤਾ ਹੈ ਕਿ ਕਿਸੇ ਅਖ਼ਬਾਰ ਨੇ ਪਹਿਲੇ ਪੈਰੇ ਵਿੱਚ ਨਹੀਂ ਲਿਖਿਆ ਕਿ ਉਹ ਸਾਬਕਾ ਐੱਮ.ਪੀ ਸੀ? ਉਹ ਉਸ ਤੋਂ ਬਾਅਦ ਵੀ ਬੜਾ ਸਰਗਰਮ ਰਿਹਾ। ਉਹਦਾ ਐੱਮ.ਪੀ. ਹੋਣਾ ਤਾਂ ਐਵੇਂ ਜ਼ਿਕਰ ਮਾਤਰ ਗੱਲ ਹੈ। ਬਈ, ਸੱਚੀਂ ਬੜਾ ਵੱਡਾ ਮਨੁੱਖ ਸੀ।”
ਖੇੜਾ ਸਾਹਿਬ ਨਾਲ ਆਖਰੀ ਮਿਲਣੀ ਇਸੇ ਨਵੰਬਰ ਮਹੀਨੇ ਦੀ ਪੰਜ ਤਰੀਕ ਨੂੰ ਹੋਈ ਸੀ। ਅਤਿ ਦੇ ਹਸਾਸ ਲੇਖਕ ਅਤੇ ਨਿੱਠ ਕੇ ਪੜ੍ਹਨ ਵਾਲੇ ਮਦਨ ਵੀਰਾ ਨੂੰ ਸ਼ਾਇਦ ਵਰ੍ਹਿਆਂ ਨਾਲ ਉਮਰ ਦਾ ਪਾਸਾ ਖੇਡਣ ਵਾਲੀ ਖੇਡ ਬਾਰੇ ਕੋਈ ਅਗੰਮੀ ਅਹਿਸਾਸ ਸੀ, ਇਸ ਲਈ ਉਸ ਨੇ ਵਾਹੋ ਦਾਹੀ ਅਤੀਤ ਦੇ ਤਹਿਖ਼ਾਨੇ ਵਿੱਚੋਂ ਚੁਣ ਕੇ ਖੇੜਾ ਸਾਹਿਬ ਦੀਆਂ ਲਿਖਤਾਂ ਕੱਢੀਆਂ ਅਤੇ ਕਿਤਾਬੀ ਰੂਪ ਵਿੱਚ ਤਸ਼ਕੀਲ ਕੀਤੀਆਂ। ਖੇੜਾ ਸਾਹਿਬ ਦੀ ਕਰਮਭੂਮੀ ਹੁਸ਼ਿਆਰਪੁਰ ਵਿੱਚ ਹੀ ਪੰਜ ਨਵੰਬਰ ਨੂੰ ਇਸ ਪੁਸਤਕ ਦਾ ਰਿਲੀਜ਼ ਸਮਾਰੋਹ ਰੱਖਿਆ ਸੀ। ਮਦਨ ਵੀਰਾ ਵਾਰ ਵਾਰ ਕਹਿ ਰਹੇ ਸਨ ਕਿ ਉਹ ਸੰਪਾਦਨ ਵਾਲਾ ਕੰਮ ਉਵੇਂ ਨਹੀਂ ਕਰ ਸਕੇ ਜਿਵੇਂ ਅਕਸਰ ਕਰਦੇ ਹਨ ਕਿਉਂਜੋ ਵਕਤ ਬਹੁਤ ਘੱਟ ਸੀ। ਸ਼ਾਇਦ ਮੈਂ ਹੀ ਉਦੋਂ ਨਹੀਂ ਸਮਝ ਸਕਿਆ। ਮਦਨ ਸ਼ਾਇਦ ਜਾਣਦੇ ਸਨ – ਵਕਤ ਸੱਚਮੁੱਚ ਬਹੁਤ ਘੱਟ ਸੀ।
ਵੱਡੇ ਆਦਮੀ ਆਪਣੇ ਆਲੇ ਦੁਆਲੇ ਵੱਡੇ ਲੋਕ ਇਕੱਠੇ ਕਰ ਲੈਂਦੇ ਹਨ। ਦਿੱਲੀ ਹਾਈ ਕੋਰਟ ਜਾਂ ਸੁਪਰੀਮ ਕੋਰਟ ਵਿੱਚ ਵੀ ਉਹਨਾਂ ਦੀ ਵਕੀਲ Indira Unninayar ਹੁੰਦੀ ਜਿਹੜੀ ਆਪ ਐਕਟੀਵਿਸਟ ਅਤੇ ਅਮਨ ਲਹਿਰ ਦੀ ਮੁਦਈ ਹੈ। ਉਸ ਦਿਨ 5 ਨਵੰਬਰ ਨੂੰ ਬਲਵੰਤ ਸਿੰਘ ਖੇੜਾ ਹੋਰਾਂ ਨਾਲ ਸਮਾਜਿਕ ਕਾਰਕੁੰਨ, Magsaysay Awardee ਅਤੇ IIT’ian ਅਤੇ ਅਮਰੀਕਾ ਦੀ University of California, Berkeley ਤੋਂ PhD ਕਰਨ ਵਾਲੇ ਪ੍ਰੋ ਸੰਦੀਪ ਪਾਂਡੇਯ ਬੈਠੇ ਸਨ। ਦੂਜੇ ਵੰਨ੍ਹੇ ਡਾ ਪਿਆਰਾ ਲਾਲ ਗਰਗ ਬੈਠੇ ਸਨ। ਅਸੀਂ ਦੋ ਚਾਰ ਜਣੇ ਪਾਸੇ ਖੜ੍ਹੇ ਗੱਲਾਂ ਕਰ ਰਹੇ ਸਾਂ ਅਤੇ ਪ੍ਰਸ਼ਾਂਤ ਭੂਸ਼ਨ, ਸੁਰਿੰਦਰ ਮੋਹਨ ਦਾ ਵੀ ਜ਼ਿਕਰ ਚੱਲ ਰਿਹਾ ਸੀ ਜਦੋਂ ਕਿਸੇ ਆਖਿਆ, ਖ਼ੌਰੇ ਕਦੋਂ ਹੁਣ ਪੈਦਾ ਹੋਇਆ ਕਰਨਗੇ ਇਹੋ ਜਿਹੇ ਦਿਓ ਕਦ ਮਨੁੱਖ? ਅੱਜ ਇੱਕ ਹੋਰ ਗਵਾ ਲਿਆ ਹੈ!
ਬਲਵੰਤ ਸਿੰਘ ਖੇੜਾ ਕੁੱਝ ਦਿਨਾਂ ਤੋਂ ਬਿਮਾਰ ਚਲ ਰਹੇ ਸਨ। ਲੁਧਿਆਣਾ ਦਯਾਨੰਦ ਮੈਡੀਕਲ ਹਸਪਤਾਲ ਵਿੱਚ ਜ਼ੇਰੇ ਇਲਾਜ ਸਨ। ਹੁਣ ਖ਼ਾਲਿਕ ਕੋਲ ਤੁਰ ਗਏ ਹਨ। ਕਾਇਨਾਤ ਨੂੰ ਕੋਈ ਵੱਡਾ ਘਾਟਾ ਪਿਆ ਹੈ। ਬਈ, ਸੱਚੀਂ ਬੜਾ ਵੱਡਾ ਮਨੁੱਖ ਸੀ।