ਖੰਨਾ , 22 ਨਵੰਬਰ 2023: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਬੁੱਧਵਾਰ ਸਵੇਰੇ ਖੰਨਾ ‘ਚ ਛਾਪੇਮਾਰੀ ਕੀਤੀ ਹੈ । ਇੱਥੇ ਸਿਮਰਜੀਤ ਸਿੰਘ ਬੈਂਸ ਦੇ ਨਜ਼ਦੀਕੀ ਰਹੇ ਲੋਕ ਇਨਸਾਫ਼ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਸੀਆਰ ਕੰਗ ਦੇ ਘਰ ਅਤੇ ਨਸ਼ਾ ਛੁਡਾਊ ਕੇਂਦਰ ‘ਤੇ ਛਾਪਾ ਮਾਰਿਆ ਗਿਆ। ਐੱਨ.ਆਈ.ਏ ਦੀ ਟੀਮ ਸਵੇਰੇ ਕਰੀਬ 6 ਵਜੇ ਪਿੰਡ ਬਾਹੋਮਾਜਰਾ ਵਿਖੇ ਸੀਆਰ ਕੰਗ ਦੇ ਘਰ ਪਹੁੰਚੀ। ਉਥੇ ਕਰੀਬ 3 ਘੰਟੇ ਤੱਕ ਲੰਬੀ ਜਾਂਚ ਚੱਲਦੀ ਰਹੀ।
ਐੱਨ.ਆਈ.ਏ (NIA) ਦੀ ਟੀਮ ਵੱਲੋਂ ਕੰਗ ਦੇ ਵਿਦੇਸ਼ੀ ਸਬੰਧਾਂ ਦੀ ਜਾਂਚ ਕੀਤੀ ਗਈ। ਪੁੱਛਗਿੱਛ ਤੋਂ ਬਾਅਦ ਐੱਨ.ਆਈ.ਏ ਦੀ ਟੀਮ ਸੀਆਰ ਨੂੰ ਨਾਲ ਲੈ ਕੇ ਜੀਟੀ ਰੋਡ ਭੱਟੀਆਂ ਸਥਿਤ ਉਹਨਾਂ ਦੇ ਨਸ਼ਾ ਛੁਡਾਊ ਕੇਂਦਰ ਪਹੁੰਚੀ। ਇੱਥੇ ਵੀ ਕਰੀਬ ਅੱਧਾ ਘੰਟਾ ਜਾਂਚ ਚੱਲੀ। ਇਸ ਤੋਂ ਬਾਅਦ ਐੱਨ.ਆਈ.ਏ (NIA) ਦੀ ਟੀਮ ਰਵਾਨਾ ਹੋ ਗਈ। ਐੱਨ.ਆਈ.ਏ ਦੇ ਛਾਪੇ ਤੋਂ ਬਾਅਦ ਸੀਆਰ ਕੰਗ ਖੁਦ ਮੀਡੀਆ ਦੇ ਸਾਹਮਣੇ ਆਏ। ਸੀਆਰ ਕੰਗ ਨੇ ਦਾਅਵਾ ਕੀਤਾ ਕਿ ਉਹਨਾਂ ਦੇ ਕੋਈ ਵਿਦੇਸ਼ੀ ਸਬੰਧ ਸਾਹਮਣੇ ਨਹੀਂ ਆਏ। ਜਿਸਤੋਂ ਬਾਅਦ ਐੱਨ.ਆਈ.ਏ ਦੀ ਟੀਮ ਨੇ ਉਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ। ਉਨ੍ਹਾਂ ਕਿਹਾ ਕਿ ਜੇਕਰ ਭਵਿੱਖ ‘ਚ ਉਨ੍ਹਾਂ ਨੂੰ ਬੁਲਾਇਆ ਗਿਆ ਤਾਂ ਉਹ ਸਬੂਤ ਲੈ ਕੇ ਜਾਂਚ ‘ਚ ਸ਼ਾਮਲ ਹੋਣਗੇ।