ਚੰਡੀਗੜ੍ਹ, 16 ਅਗਸਤ 2023: ਨਹਿਰੂ ਮੈਮੋਰੀਅਲ ਮਿਊਜ਼ੀਅਮ ਐਂਡ ਲਾਇਬ੍ਰੇਰੀ (ਐਨਐਮਐਮਐਲ) ਦਾ ਨਾਂ ਬਦਲ ਕੇ ਪ੍ਰਧਾਨ ਮੰਤਰੀ ਮਿਊਜ਼ੀਅਮ ਐਂਡ ਲਾਇਬ੍ਰੇਰੀ (ਪੀਐਮਐਮਐਲ) ਕਰਨ ਨੂੰ ਲੈ ਕੇ ਲਗਾਤਾਰ ਸਰਕਾਰ ‘ਤੇ ਨਿਸ਼ਾਨਾ ਸਾਧ ਰਹੀ ਹੈ। ਇਸ ਦੌਰਾਨ ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ (Shashi Tharoor) ਨੇ ਪ੍ਰਧਾਨ ਮੰਤਰੀ ਅਜਾਇਬ ਘਰ ਬਣਾਉਣ ਦੇ ਪੀਐਮ ਮੋਦੀ ਦੇ ਵਿਚਾਰ ਦੀ ਤਾਰੀਫ਼ ਕੀਤੀ। ਹਾਲਾਂਕਿ ਉਨ੍ਹਾਂ ਨੇ ਸਰਕਾਰ ‘ਤੇ ਵੀ ਤਿੱਖੇ ਹਮਲੇ ਵੀ ਕੀਤੇ।
ਸ਼ਸ਼ੀ ਥਰੂਰ ਨੇ ਨਹਿਰੂ ਮੈਮੋਰੀਅਲ ਮਿਊਜ਼ੀਅਮ ਅਤੇ ਲਾਇਬ੍ਰੇਰੀ ਦਾ ਨਾਂ ਬਦਲ ਕੇ ਪ੍ਰਧਾਨ ਮੰਤਰੀ ਮਿਊਜ਼ੀਅਮ ਅਤੇ ਲਾਇਬ੍ਰੇਰੀ ਕਰਨ ‘ਤੇ ਕਿਹਾ ਕਿ ਇਹ ਅਫਸੋਸ ਦੀ ਗੱਲ ਹੈ ਕਿ ਇਹ ਸਭ ਸਾਹਮਣੇ ਆਇਆ ਹੈ। ਪ੍ਰਧਾਨ ਮੰਤਰੀ ਦੇ ਵਿਚਾਰ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਕਿਹਾ ਕਿ ਪਿਛਲੇ ਸਾਰੇ ਪ੍ਰਧਾਨ ਮੰਤਰੀਆਂ ਦੇ ਕੰਮਾਂ ਨੂੰ ਪ੍ਰਦਰਸ਼ਿਤ ਕਰਨ ਲਈ ਪ੍ਰਧਾਨ ਮੰਤਰੀ ਅਜਾਇਬ ਘਰ ਸਥਾਪਤ ਕਰਨ ਦਾ ਵਿਚਾਰ ਸ਼ਲਾਘਾਯੋਗ ਹੈ।
ਉਨ੍ਹਾਂ (Shashi Tharoor) ਕਿਹਾ ਕਿ ਜਵਾਹਰ ਲਾਲ ਨਹਿਰੂ ਪਹਿਲੇ ਪ੍ਰਧਾਨ ਮੰਤਰੀ ਸਨ, ਉਹ ਹੁਣ ਤੱਕ ਦੇ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਨਿਭਾਉਣ ਵਾਲੇ ਪ੍ਰਧਾਨ ਮੰਤਰੀ ਹਨ, ਉਨ੍ਹਾਂ ਦਾ ਨਾਂ ਹਟਾਉਣਾ ਛੋਟੀ ਗੱਲ ਹੈ। ਜੇਕਰ ਕੇਂਦਰ ਸਰਕਾਰ ਚਾਹੁੰਦੀ ਤਾਂ ਇਸ ਦਾ ਨਾਂ ਨਹਿਰੂ ਮੈਮੋਰੀਅਲ ਪ੍ਰਧਾਨ ਮੰਤਰੀ ਅਜਾਇਬ ਘਰ ਰੱਖ ਸਕਦੀ ਸੀ। ਇਹ ਕਾਰਾ ਮੰਦਭਾਗਾ ਹੈ। ਇਹ ਸਾਡੇ ਆਪਣੇ ਇਤਿਹਾਸਕ ਅਤੀਤ ਪ੍ਰਤੀ ਕੁੜੱਤਣ ਵੀ ਦਰਸਾਉਂਦਾ ਹੈ, ਮੇਰਾ ਮੰਨਣਾ ਹੈ ਕਿ ਇਹ ਸਰਕਾਰ ਇੰਨੇ ਚੰਗੇ ਬਹੁਮਤ ਦੀ ਹੱਕਦਾਰ ਨਹੀਂ ਹੈ।